ਹਰ ਪਿੰਡ ਦਾ ਆਪਣਾ ਰੰਗ ਹੈ। ਹਰ ਪਿੰਡ ਦੀ ਆਪਣੀ ਪਛਾਣ ਹੈ। ਹਰ ਪਿੰਡ ਦੀ ਨਿਵੇਕਲੀ ਵਿਰਾਸਤ ਹੈ। ਹਰ ਪਿੰਡ ‘ਚ ਵੱਖੋ-ਵੱਖਰੀਆਂ ਜਾਤਾਂ, ਗੋਤਾਂ, ਧਰਮਾਂ ਨੂੰ ਮੰਨਣ ਵਾਲੇ ਲੋਕ ਵਸਦੇ ਹਨ। ਪਰ ਹਰ ਪਿੰਡ ‘ਚ ਲੋਕਾਂ ਦੀਆਂ ਸਾਂਝਾਂ, ਪੀਡੀਆਂ ਹਨ। ਰਿਸ਼ਤਿਆਂ ਦੀਆਂ ਨਾ ਟੁੱਟਣਯੋਗ ਤੰਦਾਂ ਹਨ। ਪਿਆਰ ਹੈ, ਮੁਹੱਬਤ ਹੈ, ਆਪਸੀ ਵਿਸ਼ਵਾਸ਼ ਹੈ।
ਪੰਜਾਬ ਦਾ ਪਿੰਡ ਕੱਦੋਂ ਜੋ ਸਾਡੇ ਉੱਘੇ ਕਾਲਮਨਵੀਸ ਉਜਾਗਰ ਸਿੰਘ ਦਾ ਪਿੰਡ ਹੈ, ਇਹੋ ਜਿਹੀ ਹੀ ਵੱਖਰੀ ਪਛਾਣ ਵਾਲਾ ਪਿੰਡ ਹੈ। ਲੁਧਿਆਣਾ ਜ਼ਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ, ਪਹਿਲਾਂ ਕਦੇ ਪਟਿਆਲਾ ਜ਼ਿਲੇ ਵਿੱਚ ਹੁੰਦਾ ਸੀ। ਇਸ ਪਿੰਡ ਦੀ ਤਸਵੀਰ, ਇਸ ਪਿੰਡ ਦੀ ਬੱਝਤ, ਇਸ ਪਿੰਡ ਦੀ ਤਰੱਕੀ, ਇਸ ਪਿੰਡ ਦੀਆਂ ਪ੍ਰਾਪਤੀਆਂ, ਇਸ ਪਿੰਡ ਦੇ ਲੋਕਾਂ, ਇਸ ਪਿੰਡ ਦੇ ਰੀਤੀ-ਰਿਵਾਜ਼ਾਂ, ਮੋਹਤਵਰ ਸੱਜਣਾਂ ਦਾ ਖਾਕਾ ਉਜਾਗਰ ਸਿੰਘ ਨੇ ਆਪਣੀ ਪੁਸਤਕ “ਪਿੰਡ ਕੱਦੋਂ ਦੇ ਵਿਰਾਸਤੀ ਰੰਗਾਂ ‘ਚ ਚਿਤਰਿਆ ਹੈ।
ਇਸ ਸੁਚਿੱਤਰ ਪੁਸਤਕ ਦੇ 188 ਸਫ਼ੇ ਹਨ। ਲੇਖਕ ਦੇ ਦੋ ਸ਼ਬਦਾਂ ਉਪਰੰਤ ਭੂਗੋਲਿਕ ਇਤਿਹਾਸਕਤਾ ਆਰ-ਪਰਿਵਾਰ, ਬਸ਼ਿੰਦੇ, ਅਦਾਰੇ, ਕਿੱਤੇ, ਪ੍ਰਮੁੱਖ ਸਖ਼ਸ਼ੀਅਤਾਂ ਆਦਿ ਦੇ 20 ਚੈਪਟਰ ਹਨ। ਹਰ ਚੈਪਟਰ ‘ਚ ਵਿਸਥਾਰ ਹੈ। ਲੇਖਕ ਦੇ ਸ਼ਬਦਾਂ ‘ਚ ਕੱਦੋਂ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆਕੇ ਲੋਕ ਵਸੇ, ਇਸਦੀ ਤੱਥਾਂ ‘ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ। ਇਤਿਹਾਸਿਕ ਪੁਸਤਕਾਂ ਵਿੱਚ ਵੀ ਇਸਦੀ ਜਾਣਕਾਰੀ ਨਹੀਂ ਮਿਲਦੀ।
ਮਿਥਹਾਸਿਕ ਜਾਣਕਾਰੀ ਸੁਣੀਆਂ ਸੁਣਾਈਆਂ ਗੱਲਾਂ ‘ਤੇ ਨਿਰਭਰ ਹੈ , ਪੁਸ਼ਤ ਦਰ ਪੁਸ਼ਤ ਪੁਰਖਿਆਂ ਤੋਂ ਅੱਜ ਤੱਕ ਪੁੱਜਦੀਆਂ ਹਨ। ਅਸਲ `ਚ ਇਹ ਪੰਜਾਬ ਦੇ ਨਵੇਂ ,ਪੁਰਾਣੇ , ਪੰਜਾਂ ਦਰਿਆਵਾਂ ਅਤੇ ਹੁਣ ਢਾਈ ਦਰਿਆਵਾਂ ਦੇ ਪਿੰਡ ਦੀ ਕਹਾਣੀ ਹੈ। ਪਿੰਡ ਵਸਿਆ ਹੈ, ਪਿੰਡ ਹੱਸਿਆ ਹੈ, ਪਿੰਡ ਵਸਦਾ ਹੈ, ਪਿੰਡ ਹੱਸਦਾ ਹੈ , ਪਿੰਡ ਜਿਊਂਦਾ ਹੈ, ਅਤੇ ਪਿੰਡ ਸਾਂਝਾ ਪਗਾਉਂਦਾ , ਪੰਜਾਬ ਦੇ ਵਿਰਸੇ ਨੂੰ ਸੰਭਾਲੀ ਬੈਠਾ ਹੈ । ਇਹੋ ਪਿੰਡ ਕੱਦੋਂ ਦਾ ਇਤਿਹਾਸ ਹੈ, ਇਹ ਪਿੰਡ ਕੱਦੋਂ ਤੇ ਹੋਰ ਪਿੰਡਾਂ ਦਾ ਮਿਥਿਹਾਸ ਹੈ ।
ਕੱਦੋਂ ਪਿੰਡ ਦਾ ਵਿਖਿਆਨ ਕਰਦਿਆਂ ਉਜਾਗਰ ਸਿੰਘ ਭਾਵੁਕ ਨਹੀਂ , ਪਰ ਉਸਦਾ ਪਿੰਡ ਨਾਲ, ਪਿੰਡ ਵਾਲਿਆਂ ਨਾਲ , ਲੋਹੜੇ ਦਾ ਮੋਹ ਹੈ, ਲਗਾਅ ਹੈ, ਇਸ ਕਰਕੇ ਉਹ ਪਿੰਡ ਦੀ ਹਰ ਚੀਜ਼ ਦਾ ਵਰਣਨ ਕਰਦਾ ਹੈ। ਸਮੇਤ ਆਪਣੇ ਸਾਥੀਆਂ ਦੇ , ਜਿਹਨਾਂ ਨਾਲ ਉਸਦੀਆਂ ਯਾਦਾਂ ਜੁੜੀਆਂ ਹਨ।ਪਿੰਡ ਦੀਆਂ ਪੱਤੀਆਂ/ ਬਗਲ /ਲਾਵੇ /ਅੱਲਾਂ , ਪਿੰਡ ਦਾ 100 ਸਾਲ ਪੁਰਾਣਾ ਬਰੋਟਾਂ , ਗੁਰਦੁਆਰਾ ਬਾਬਾ ਸਿੱਧਸਰ, ਗੁਰਦੁਆਰਾ ਸ਼ਹੀਦਾਂ , ਸ਼ਿਵ ਮੰਦਿਰ , ਸਮਾਧ ਅਤੇ ਫਿਰ ਪਿੰਡ ਦੇ ਵਿਕਾਸ ਦੀ ਤਸਵੀਰ ‘ਗੁਰੂ ਨਾਨਕ ਮਾਰਗ’ ਬਾਰੇ ਉਜਾਗਰ ਸਿੰਘ ਦੀ ਇਸ ਪੁਸਤਕ ’ਚ ਦਰਜ਼ ਹਨ । ਸਮਾਜ ਸੇਵਕਾਂ , ਖੇਡ , ਖਿਡਾਰੀਆਂ , ਆਰਮੀ ਅਫਸਰਾਂ , ਪ੍ਰਸਿੱਧ ਸਖ਼ਸ਼ੀਅਤਾਂ ਨੂੰ ਵੀ ਉਜਾਗਰ ਸਿੰਘ ਦੀ ਕਲਮ ਭੁਲੀ ਨਹੀਂ ।
ਇਹ ਪੁਸਤਕ ਅਸਲ ਅਰਥਾਂ `ਚ ਪੰਜਾਬ ਦੇ ਪਿੰਡਾਂ ਦੀ ਹੂ-ਬ-ਹੂ ਤਸਵੀਰ ਅਤੇ ਪੜ੍ਹਨ ਯੋਗ ਪੁਸਤਕ ਹੈ, ਜੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ। ਪੁਸਤਕ ਦੀ ਕੀਮਤ 350 ਰੁਪਏ ਹੈ।ਇਹ ਪੁਸਤਕ ਉਜਾਗਰ ਸਿੰਘ ਨੇ ਆਪਣੇ ਪਿਤਾ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਨੂੰ ਸਮਰਪਿਤ ਕੀਤੀ ਹੈ।
-