ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਿਹਾਲ ਵਿਹਾਰ (ਚੰਦਰ ਵਿਹਾਰ) ਵਿਖੇ ਸਪੋਰਟਸ ਜ਼ੋਨ ਦਾ ਉਦਘਾਟਨ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਨਾਲ ਵੀ ਜੋੜਨ ਦਾ ਉਪਰਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਿਹਾਰ ਵਿਹਾਰ ਵਿਚ ਸਪੋਰਟਸ ਜ਼ੋਨ ਦਾ ਉਦਘਾਟਨ ਕੀਤਾ ਗਿਆ ਹੈ। ਇਸ ਸਕੂਲ ਵਿਚ ਬੱਚਿਆਂ ਨੂੰ ਸ਼ੂਟਿੰਗ, ਟੇਬਲ ਟੈਨਿਸ, ਸ਼ਤਰੰਗਜ, ਕੈਰਮ ਬੋਰਡ ਅਤੇ ਸਕੇਟਿੰਗ ਵਰਗੀਆਂ ਖੇਡਾਂ ਦੀ ਸਿੱਖਲਾਈ ਦਿੱਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਰਹਿੰਦੇ ਹਨ ਅਤੇ ਇਹ ਸਕੂਲ ਲੰਬੇ ਸਮੇਂ ਤੋਂ ਚੜ੍ਹਦੀਕਲਾ ਵਿਚ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਦਾਰ ਸੁਰਜੀਤ ਸਿੰਘ ਜੀਤੀ ਅਤੇ ਸਰਦਾਰ ਨਿਸ਼ਾਨ ਸਿੰਘ ਮਾਨ ਦੇ ਨਾਲ ਸਟਾਫ ਵਿਚ ਸਰਦਾਰ ਸੁਰਿੰਦਰ ਸਿੰਘ ਲਾਂਬਾ ਵਰਗੀਆਂ ਸ਼ਖਸੀਅਤਾਂ ਇਸ ਸਕੂਲ ਨੂੰ ਪੂਰੀ ਕਾਮਯਾਬੀ ਨਾਲ ਚਲਾਉਣ ਵਿਚ ਬਣਦਾ ਯੋਗਦਾਨ ਪਾ ਰਹੀਆਂ ਹਨ।
ਉਹਨਾਂ ਕਿਹਾ ਕਿ ਭਾਵੇਂ ਇਹ ਸਕੂਲ ਵੇਖਣ ਵਿਚ ਛੋਟਾ ਹੈ ਪਰ ਇਥੇ ਬੱਚਿਆਂ ਦੀ ਗਿਣਤੀ ਪੂਰੀ ਹੈ ਤੇ ਪੜ੍ਹਾਈ ਵੀ ਬਹੁਤ ਵਧੀਆ ਹੈ।
ਉਹਨਾਂ ਕਿਹਾ ਕਿ ਸਾਡਾ ਇਹ ਯਤਨ ਹੈ ਕਿ ਸਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਖੇਡਾਂ ਨੂੰ ਵੀ ਪ੍ਰਫੁੱਲਤ ਕੀਤਾ ਜਾਵੇ ਤੇ ਇਸੇ ਵਾਸਤੇ ਅਸੀਂ ਲੰਬੇ ਸਮੇਂ ਤੋਂ ਬੰਦ ਪਏ ਖੇਡ ਮੁਕਾਬਲੇ ਵੀ ਦੁਬਾਰਾ ਸ਼ੁਰੂ ਕਰਵਾਏ ਹਨ।