ਪਿੰਡ ਦਾ ਪਹਿਲਾ ਮੋੜ ਹੀ ਜੀਪ ਮੁੜੀ ਤਾਂ ਕਈ ਦਿਨਾਂ ਦੇ ਬਾਅਦ ਦੀਪੀ ਦੇ ਅੰਦਰੋਂ ਆਪਣਿਆ ਨਾਲ ਮਿਲਾਪ ਦਾ ਇਕ ਚਾਅ ਜਿਹਾ ਉੱਠਿਆ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਸੜਕ ਦੇ ਆਲੇ-ਦੁਆਲੇ ਲੱਗੇ ਸਫੈਦੇ, ਪਿੰਡ ਦੇ ਖੇਤ ਅਤੇ ਖੇਤਾਂ ਵਿਚਲੀਆਂ ਡੰਡੀਆਂ, ਪਿੰਡ ਦਾ ਜੰਞ ਘਰ ਅਤੇ ਸਕੂਲ ਸਾਰੇ ਹੀ ਉਸ ਨੂੰ ਜੀ ਆਇਆ ਕਹਿ ਰਹੇ ਹੋਣ, ਪਰ ਦਾਦੇ ਇੰਦਰ ਸਿੰਘ ਦੇ ਪੂਰੇ ਹੋਣ ਦੇ ਖਿਆਲ ਨੇ ਉਸ ਦੇ ਇਸ ਚਾਅ ਨੂੰ ਮੱਠਾ ਪਾ ਦਿੱਤਾ।
ਜੀਪ ਦੀ ਅਵਾਜ਼ ਸੁਣ ਕੇ ਸੁਰਜੀਤ ਨੇ ਛੋਟੀ ਕੰਧ ਦੇ ਉੱਪਰੋਂ ਦੇਖਿਆ। ਜੀਪ ਬਾਹਰਲੇ ਵਿਹੜੇ ਦੇ ਕੋਲ ਰੁਕ ਗਈ। ਮੱਝਾਂ ਲਈ ਵੜੇਵੇ ਭਿਉਂਦੀ ਵਿਚੋਂ ਹੀ ਹਟ ਗਈ ਤੇ ਮੰਜੇ ਤੇ ਬੈਠੀਆਂ ਗਿਆਨ ਕੌਰ ਅਤੇ ਹਰਨਾਮ ਕੌਰ ਨੂੰ ਕਹਿਣ ਲੱਗੀ, “ਦੀਪੀ ਦੇ ਸੁਹਰਿਆਂ ਦੀ ਜੀਪ ਆ।”
“ਅੱਛਾ।” ਹਰਨਾਮ ਕੌਰ ਨੇ ਆਪਣੀ ਚੁੰਨੀ ਚੰਗੀ ਤਰ੍ਹਾਂ ਸਿਰ ਉੱਪਰ ਲੈਂਦੇ ਦੀਪੀ ਦੀ ਭੈਣ ਰੱਜ਼ੀ ਨੂੰ ਅਵਾਜ਼ ਮਾਰੀ, “ਰੱਜੀ, ਬੈਠਕ ਵਿਚ ਕੁਰਸੀਆਂ ਚੁੱਕ ਲਿਆ, ਪਰਾਹੁਣੇ ਆਏ ਆ।”
ਸੁਰੀਜਤ ਨੇ ਜਦੋਂ ਦੀਪੀ ਨੂੰ ਦੇਖਿਆ ਤਾਂ ਉਸ ਦਾ ਕਾਲਜਾ ਇੰਝ ਹਿਲਿਆ ਉਸ ਨੂੰ ਲੱਗਾ ਕਿ ਉਸ ਦਾ ਦਿਲ ਉਛਲ ਕੇ ਬਾਹਰ ਆ ਜਾਵੇਗਾ। ਦੋਨੋ ਮਾਂਵਾ-ਧੀਆਂ ਗੱਲਵੱਕੜੀ ਵਿਚ ਹੱਥਕੜੀ ਵਾਂਗ ਬੱਝ ਗਈਆਂ। ਅੱਗੇ ਹੋ ਕੇ ਜੇ ਮਿੰਦੀ ਉਹਨਾਂ ਦੀ ਗੱਲਵੱਕੜੀ ਨਾ ਛਡਾਉਂਦੀ ਤਾਂ ਪਤਾ ਨਹੀ ਕਿੰਨਾ ਚਿਰ ਬੱਝੀਆਂ ਰਹਿੰਦੀਆਂ। ਦੀਪੀ ਵਾਰੋ-ਵਾਰੀ ਘਰ ਦੇ ਹਰ ਜੀਅ ਨੂੰ ਮਿਲ ਰਹੀ ਸੀ। ਇਹ ਇਕ ਸਬੱਬ ਸੀ ਇਸ ਵਕਤ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਹੀ ਮਜੂਦ ਸਨ। ਹਰ ਇਕ ਦੀਆਂ ਅੱਖਾਂ ਵਿਚੋਂ ਖੁਸ਼ੀ ਅਤੇ ਉਦਾਸੀ ਦੇ ਰਲ੍ਹੇ-ਮਿਲੇ੍ਹ ਹੰਝੂ ਝਲਕ ਰਹੇ ਸਨ। ਸਾਰਾ ਟੱਬਰ ਇੰਝ ਖਲੋਤਾ ਸੀ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਕਿ ਉਹ ਕੀ ਕਰਨ। ਗਿਆਨ ਕੌਰ ਨੇ ਰੱਜੀ ਨੂੰ ਕਿਹਾ, “ਪੁੱਤ, ਚਾਹ-ਪਾਣੀ ਦਾ ਇੰਤਜ਼ਾਮ ਕਰੋ, ਦੀਪੀ ਹੁਣ ਆਪਣੇ ਕੋਲ ਹੀ ਠਹਿਰੇਗੀ।”
ਦੀਪੀ ਨੂੰ ਇਸੇ ਕਰਕੇ ਗਿਆਨ ਕੌਰ ਬਹੁਤ ਜ਼ਿਆਦਾ ਪਸੰਦ ਹੈ ਕਿ ਉਸ ਨੂੰ ਗੱਲ ਕਰਨ ਦਾ ਵੱਲ ਆਉਂਦਾ ਹੈ। ਗਿਆਨ ਕੌਰ ਸਿਆਣਪ ਨਾਲ ਇਸ ਢੰਗ ਨਾਲ ਗੱਲ ਕਰ ਜਾਂਦੀ ਸੀ ਕਿ ਸਾਰਿਆਂ ਦੇ ਮਨ ਦੀ ਗੱਲ ਪੂਰੀ ਹੋ ਜਾਂਦੀ।
“ਹਾਂ ਜੀ, ਭੂਆ ਜੀ, ਦੀਪੀ ਤੁਹਾਡੇ ਕੋਲ ਕੁਝ ਦਿਨ ਜ਼ਰੂਰ ਠਹਿਰੇਗੀ, “ਹਰਜਿੰਦਰ ਸਿੰਘ ਨੇ ਕੁਰਸੀ ਮੰਜੇ ਦੇ ਲਾਗੇ ਖਿਚਦੇ ਕਿਹਾ, “ਬਾਕੀ ਤੁਸੀ ਦੀਪੀ ਕੋਲੋਂ ਵੀ ਪੁੱਛ ਲਵੋ।”
“ਦੀਪੀ ਕੋਲੋ ਕੀ ਪੁੱਛਣਾ?” ਨਸੀਬ ਕੌਰ ਨੇ ਸਿਆਣੀ ਗੱਲ ਕੀਤੀ, “ਇੰਨੇ ਚਿਰ ਬਾਅਦ ਆਪਣੇ ਪੇਕੀ ਆਈ ਹੈ, ਇਸ ਨੂੰ ਅਸੀ ਛੱਡ ਹੀ ਜਾਣਾ ਹੈ।”
ਆਪਣੀ ਧੀ ਨੂੰ ਦੇਖ ਕੇ ਬਾਗੋ-ਬਾਗ ਹੋਇਆ ਮੁਖਤਿਆਰ ਸਿੰਘ ਬੋਲਿਆ, “ਹੋਰ ਸੁਣਾਉ, ਭੈਣ ਜੀ, ਤੁਹਾਡੀ ਲੱਤ ਹੁਣ ਠੀਕ ਹੈ।
“ਹੁਣ ਇਹ ਠੀਕ-ਠੂੁਕ ਤਾਂ ਕੀ ਹੋਣੀ ਆ।” ਨਸੀਬ ਕੌਰ ਦੀ ਥਾਂ ਹਰਜਿੰਦਰ ਸਿੰਘ ਪਹਿਲਾਂ ਹੀ ਬੋਲ ਪਿਆ, “ਕੰਮ-ਬੁੱਤਾ ਸਾਰੀ ਜਾਂਦੀ ਏ।”
ਹੁਣ ਸਾਰੇ ਹੀ ਗੱਲਾਂ ਵਿਚ ਜੁਟ ਪਏ ਸਨ। ਦੀਪੀ ਆਪਣੇ ਭੈਣ-ਭਰਾਵਾਂ ਨਾਲ ਹੇਲ-ਮੇਲ ਹੋਈ ਰਸੋਈ ਵਿਚ ਹੀ ਚਲੀ ਗਈ ਸੀ। ਸਾਰੇ ਹੋਰ ਹੀ ਗੱਲਾਂ ਕਰ ਰਹੇ ਸਨ। ਦਿਲਪ੍ਰੀਤ ਬਾਰੇ ਕਿਸ ਨੇ ਵੀ ਨਾ ਪੁੱਛਿਆ ਤਾਂ ਗਿਆਨ ਕੌਰ ਨੇ ਫਿਰ ਗੱਲ ਚਲਾਈ, “ਦਿਲਪ੍ਰੀਤ ਬਾਰੇ ਕੁਛ ਪਤਾ ਲੱਗਾ।”
ਹਰਜਿੰਦਰ ਸਿੰਘ ਨੇ ਲੰਮਾ ਹਾਉਕਾ ਖਿਚਿਆ ਅਤੇ ਕਿਹਾ, “ਭੂਆ ਜੀ, ਦਿਲਪ੍ਰੀਤ ਬਾਰੇ ਤਾਂ ਸਾਨੂੰ ਪਹਿਲਾਂ ਵੀ ਕੁਝ ਪਤਾ ਨਹੀ ਲੱਗਾ ਹੁਣ ਕੀ ਲੱਗਣਾ।”
“ਮੁੰਡੇ ਐਵੇ ਹੀ ਗਲਤ ਜਿਹੀ ਦਿਸ਼ਾ ਵੱਲ ਚੱਲ ਪਏ।” ਮੁਖਤਿਆਰ ਨੇ ਕਿਹਾ, “ਕਹਿੰਦੇ ਅਸੀਂ ਹੁਣ ਆਪਣਾ ਵੱਖਰਾ ਦੇਸ਼ ਲੈਣਾ ਹੈ।”
“ਦਿਸ਼ਾ ਤਾਂ ਉਹਨਾ ਦੀ ਠੀਕ ਸੀ।” ਤੌਸ਼ੀ ਜੋ ਬਹੁਤ ਚਿਰ ਤੋਂ ਚੁੱਪ ਸੀ ਬੋਲਿਆ, “ਦਿਸ਼ਾ ਨੂੰ ਜਾਂਦੇ ਰਾਹਾਂ ਵਿਚ ਕੌਮ ਦੇ ਲੀਡਰਾਂ ਨੇ ਸਰਕਾਰ ਨਾਲ ਰੱਲ ਕੇ ਕੰਢੇ ਬੀਜ ਦਿੱਤੇ ਹਨ।”
“ਇਸ ਬਾਰੇ ਮੈਂ ਵੀ ਇਕ ਵਾਰੀ ਦਿਲਪ੍ਰੀਤ ਨਾਲ ਗੱਲ ਕੀਤੀ ਸੀ।” ਹਰਜਿੰਦਰ ਸਿੰਘ ਨੇ ਦੱਸਿਆ, “ਆਪਾਂ ਅਜ਼ਾਦੀ ਤੋਂ ਬਾਅਦ ਭਾਰਤ ਨਾਲ ਹੀ ਰਹਿੰਦੇ ਹਾਂ, ਵੱਖ ਹੋਣ ਦਾ ਕੀ ਫਾਈਦਾ? ਉਹ ਕਹਿਣ ਲੱਗਾਂ, ਇਹ ਹੀ ਸਾਨੂੰ ਵੱਖਵਾਦੀ ਜਾਂ ਅੱਤਵਾਦੀ ਕਹਿਣ ਲੱਗ ਪਏ ਅਸੀ ਪਹਿਲਾਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀ ਕੀਤੀ, ਨਾਲੇ ਕਈ ਵਾਰੀ ਕੋਈ ਪੁੱਤ ਆਪਣੇ ਪਿਉ ਨਾਲ ਨਹੀ ਰਹਿਣਾ ਚਾਹੁੰਦਾ ਤਾਂ ਪਿਉ ਨੂੰ ਸੋਚ-ਸਮਝ ਕੇ ਇਸ ਦਾ ਹੱਲ ਕੱਢਣਾ ਚਾਹੀਦਾ, ਪਿਆਰ ਨਾਲ ਬਾਕੀ ਬੱਚਿਆ ਵਾਂਗ ਇਕੋ ਜਿਹਾ ਸਲੂਕ ਕਰਕੇ ਸਮਝਾਉਣਾ ਚਾਹੀਦਾ ਹੈ, ਇਹ ਨਹੀ ਪਈ ਵੱਖਰੇਵਾਂ ਕਰਕੇ ਉਸ ਨੂੰ ਤੰਗ ਕਰੇ ਅਤੇ ਉਸ ਦੇ ਬੱਚਿਆਂ ਅਤੇ ਤੀਵੀਂ ਨਾਲ ਬਦਸੂਲਕੀ ਕਰੇ, ਤੁਹਾਡਾ ਕੀ ਮਤਲਬ ਫਿਰ ਪੁੱਤ ਚੁੱਪ ਕਰਕੇ ਬੈਠਾ ਰਹੇਗਾ, ਨਾਲੇ ਜੇ ਪਿਉ ਸਿਆਣਾ ਹੋਵੇ ਤਾਂ ਉਸ ਦਾ ਬਣਦਾ ਹਿੱਸਾ ਉਸ ਨੂੰ ਦੇ ਕੇ ਪਰੇ ਕਰ ਦੇਵੇ।”
“ਜੇ ਪਿਉ ਘਰ ਵਿਚ ਸਾਰੇ ਬੱਚਿਆ ਨੂੰ ਇਕੋ ਜਿਹਾ ਸਮਝੇ ਤਾਂ ਜੁਦੇ ਹੋਣ ਦੀ ਲੋੜ ਹੀ ਨਹੀ।” ਤੌਸ਼ੀ ਬੋਲਿਆ, “ਪਰ ਜੇ ਇਕ ਪੁੱਤ ਨਾਲ ਧੋਖਾ ਕਰ ਕਰ ਕਰਕੇ ਉਸ ਦੀਆਂ ਚੀਜ਼ਾ ਖੋਹ ਖੋਹ ਕੇ ਦੂਜਿਆਂ ਨੂੰ ਦੇਈ ਜਾਵੇ ਤਾਂ, ਫਿਰ ਤਾਂ ਪੁੱਤ ਨੇ ਵੀ ਆਪਣੇ ਬਾਰੇ ਤਾਂ ਕੁਝ ਸੋਚਣਾ ਹੀ ਹੋਇਆ।”
“ਤੁਹਾਡੀਆਂ ਗੱਲਾਂ ਦੀ ਸਾਨੂੰ ਤਾਂ ਕੋਈ ਸਮਝ ਨਹੀ ਲੱਗਦੀ।” ਗਿਆਨ ਕੌਰ ਨੇ ਹਰਨਾਮ ਕੌਰ ਵੱਲ ਦੇਖ ਕੇ ਕਿਹਾ, “ਤਹਾਨੂੰ ਤਾਂ ਕਿਤਾਬਾਂ ਵਿਚੋਂ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ, ਸਾਡੇ ਲਈ ਤਾਂ ਕਾਲਾ ਅੱਖਰ ਮੱਝ ਬਰਾਬਰ ਆ।”
“ਮੇਰਾ ਤਾਂ ਖਿਆਲ ਹੈ ਕਿ ਮੁੰਡਿਆ ਨੂੰ ਇਹ ਰਾਹ ਛੱਡ ਦੇਣਾ ਚਾਹੀਦਾ ਹੈ।” ਮੁਖਤਿਆਰ ਨੇ ਆਪਣਾ ਵਿਚਾਰ ਦੱਸਿਆ, “ਇਸ ਸਮੇਂ ਕੌਮ ਵਿਚ ਕੋਈ ਵੀ ਯੋਗ ਲੀਡਰ ਨਹੀ ਹੈ। ਜੱਥੇਬੰਦੀਆਂ ਵਿਚ ਵੀ ਆਪਸੀ ਫੁੱਟ ਦਿਨੋ-ਦਿਨ ਵੱਧ ਰਹੀ ਹੈ, ਪੁਲੀਸ ਨੇ ਗੁੰਡੇ ਬਦਮਾਸ਼ ਲਹਿਰ ਵਿਚ ਧੱਸ ਦਿੱਤੇ ਹਨ ਜੋ ਆਪਣੇ ਹਿੰਦੂ ਭਰਾਵਾਂ ਨੂੰ ਨੁਕਸਾਨ ਪਹੁੰਚਾ ਕੇ ਨਾਮ ਮੁੰਡਿਆ ਦੇ ਲਾਈ ਜਾ ਰਹੇ ਨੇ।” “ਕਾਕਾ, ਤੁਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਆ ਤਾਂ ਬੈਠਕ ਵਿਚ ਚਲੇ ਜਾਉ।” ਐਤਕੀ ਹਰਨਾਮ ਕੌਰ ਬੋਲੀ, “ਅਸੀ ਚਾਰੇ ਜਣੀਆਂ ਤੁਹਾਡੇ ਮੂੰਹ ਬੰਨੀ ਦੇਖੀ ਜਾਂਨੀਆਂ ਆਂ।”
“ਚਲੋ ਭਾਅ, ਬੈਠਕ ਵੱਲ ਹੀ ਚੱਲਦੇ ਹਾਂ।” ਤੌਸ਼ੀ ਨੇ ਕਿਹਾ, “ਇਹ ਜ਼ਨਾਨੀਆਂ ਆਪਣੀਆਂ ਗੱਲਾਂ ਕਰ ਲੈਣ।”
ਅਜੇ ਗੱਲਾਂ ਕਰਦਿਆਂ ਨੂੰ ਥੌੜ੍ਹੀ ਹੀ ਦੇਰ ਹੋਈ ਸੀ ਕਿ ਬਾਹਰਲੇ ਲੋਹੇ ਦੇ ਗੇਟ ਦੀ ਖੁੱਲ੍ਹਣ ਦੀ ਅਵਾਜ਼ ਉੱਚੀ ਦੇਣੀ ਆਈ। ਛੇਤੀ ਹੀ ਦੜਾਦੜ ਕਰਦੀ ਪੁਲੀਸ ਅੰਦਰ ਦਾਖਲ ਹੋਈ। ਪੁਲੀਸ ਨਾਲ ਇਕ ਬੰਦਾ ਅਜਿਹਾ ਵੀ ਆਇਆ ਸੀ, ਜੋ ਅਕਾਲੀ ਪਾਰਟੀ ਦਾ ਕਰਿੰਦਾ ਸੀ ਅਤੇ ਇੰਦਰ ਸਿੰਘ ਦੇ ਭੋਗ ਤੇ ਸਿੱਖ ਕੌਂਮ ਦੇ ਘਰ-ਘਾਟ ਦੀ ਗੱਲ ਕਰ ਰਿਹਾ ਸੀ। ਪੁਲੀਸ ਇੰਨਸਪੈਕਟਰ ਨੇ ਆਪਣੀਆਂ ਨਜ਼ਰਾਂ ਘਰ ਦੇ ਚਾਰ-ਚੁਫੇਰੇ ਦੜੌਂਦੇ ਹਰਜਿੰਦਰ ਸਿੰਘ ਨੂੰ ਕਿਹਾ, “ਤੁਹਾਡਾ ਸਾਰਾ ਟੱਬਰ ਇੱਥੇ ਕਿਉਂ ਲੁਕਿਆ ਬੈਠਾ ਹੈ।”
“ਅਸੀ ਤਾਂ ਕੋਈ ਲੁਕੇ ਨਹੀ ਬੈਠੇ।” ਤੌਸ਼ੀ ਨੇ ਇੰਨਸਪੈਟਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ, “ਜਿਸ ਨੂੰ ਤੁਸੀਂ ਲੱਭਣ ਆਏ ਹੋ ਉਹ ਤਹਾਨੂੰ ਇੱਥੇ ਨਹੀ ਮਿਲਣਾ।”
“ਜਿੱਥੇ ਮਿਲਣਾ ਹੈ, ਉਹ ਥਾਂ ਦੱਸ ਦਿਉ।” ਇੰਸਪੈਕਟਰ ਨੇ ਕਿਹਾ ਤੇ ਨਾਲ੍ਹ ਹੀ ਸਿਪਾਹੀਆਂ ਨੂੰ ਹੁਕਮ ਦਿੱਤਾ, “ਲਉ ਤਲਾਸ਼ੀ ਸਾਰੇ ਘਰ ਦੀ।”
ਪੁਲੀਸ ਘਰ ਦਾ ਕੋਨਾ ਕੋਨਾ ਛਾਨਣ ਲੱਗੀ। ਪਿੰਡ ਦੇ ਲੋਕੀ ਕੰਧਾਂ ਤੇ ਬੈਠ ਕੇ ਇਹ ਸਭ ਕੁਝ ਦੇਖ ਰਹੇ ਸੀ। ਘਰ ਵਿਚਲੇ ਸਾਰੇ ਮੈਬਰਾਂ ਦੇ ਦਿਲ ਇਕ ਡਰ ਕਾਰਨ ਸਹਿਮੇ ਹੋਏ ਸਨ ਕਿ ਪੁਲੀਸ ਦੀਪੀ ਨੂੰ ਨਾ ਲੈ ਜਾਵੇ, ਪਰ ਗਿਆਨ ਕੌਰ ਨੇ ਦੀਪੀ ਨੂੰ ਕੰਧ ਟਪਾ ਕੇ ਆਪਣੇ ਘਰ ਵਿਚ ਲੁਕਾ ਦਿੱਤਾ ਸੀ। ਮੁਖਤਿਆਰ ਤਾਂ ਨਾਲ ਆਏ ਲੀਡਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ। ਉਸ ਨੇ ਲੀਡਰ ਨੂੰ ਕਹਿ ਵੀ ਦਿੱਤਾ, “ਤੁਸੀਂ ਤਾਂ ਹਮੇਸ਼ਾ ਖਾੜਕੂਆਂ ਦੇ ਹੱਕ ਵਿਚ ਨਾਹਰਾ ਮਾਰਦੇ ਹੋ, ਪਰ ਅੱਜ…?”
“ਮੁਖਤਿਆਰ ਸਿੰਹਾ, ਅੱਜ-ਕੱਲ ਤਾਂ ਹਵਾ ਦਾ ਰੁਖ ਵੀ ਖਾੜਕੂਆਂ ਦੇ ਉਲਟ ਹੋ ਗਿਆ ਹੈ।” ਲੀਡਰ ਨੇ ਮੁੱਛਾ ਤੇ ਹੱਥ ਫੇਰਦੇ ਕਿਹਾ, “ਇਸ ਲਈ ਤਹਾਨੂੰ ਪਤਾ ਹੀ ਹੈ, ਰਾਜਨਿਤਕ ਲੀਡਰ ਹਵਾ ਦੇ ਰੁਖ ਨਾਲ ਹੀ ਚਲਦੇ ਆ।”
ਸਾਰੇ ਲੀਡਰ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ। ਲੀਡਰ ਬੇਸ਼ਰਮਾਂ ਵਾਂਗੂ ਫਿਰ ਬੋਲਿਆ, “ਅਸੀਂ ਤਾਂ ਕਈ ਕਹਿੰਦੇ- ਕਹਾਉਂਦੇ ਖਾੜਕੂ ਵੀ ਪੈਸੇ ਨਾਲ ਖ੍ਰੀਦ ਲਏ ਨੇ, ਦਿਲਪ੍ਰੀਤ ਤਾਂ ਅਜੇ…।”
“ਦਿਲਪ੍ਰੀਤ ਨਹੀ ਖ੍ਰੀਦਿਆ ਜਾ ਸਕਣਾ।” ਤੌਸ਼ੀ ਫਿਰ ਬੋਲਿਆ, “ਇਹਦਾ ਮਤਲਬ ਤੁਸੀਂ ਗੋਰਮਿੰਟ ਜਾ ਪੁਲੀਸ ਦੇ ਨਾਲ ਰਲ੍ਹ ਗਏ ਹੋ।”
“ਅਸੀਂ ਤਾਂ ਕਾਨੂੰਨ ਤੋਂ ਕਦੀ ਵੱਖ ਹੋਏ ਹੀ ਨਹੀ।” ਲੀਡਰ ਨੇ ਇੰਨਸਪੈਕਟਰ ਵੱਲ ਦੇਖ ਕੇ ਸਾਫ ਕਹਿ ਦਿੱਤਾ, “ਕੁਝ ਵੀ ਸਮਝੋ, ਪਰ ਦਿਲਪ੍ਰੀਤ ਨੂੰ ਇਹਨਾਂ ਦੇ ਹਵਾਲੇ ਜ਼ਰੂਰ ਕਰ ਦਿਉ।” ਮੁਖਤਿਆਰ ਦਾ ਦਿਲ ਕੀਤਾ ਕਿ ਉਸ ਲੀਡਰ ਨੂੰ ਗੋਲੀ ਮਾਰ ਦੇਵੇ ਜੋ ਆਪ ਹੀ ਮੂਹਰੇ ਹੋ ਕੇ ਪੰਜਾਬੀਆਂ ਦੇ ਹੱਕਾਂ ਲਈ ਨਾਅਰੇ ਲਾਉਂਦਾ ਫਿਰਦਾ ਸੀ, ਕਈ ਗੱਲਾਂ ਇਸ ਤਰ੍ਹਾਂ ਕਰ ਦਿੰਦਾ ਸੀ ਮੁੰਡੇ ਭੜਕਾਹਟ ਵਿਚ ਵੀ ਆ ਜਾਂਦੇ ਸੀ, ਤੇ ਅੱਜ ਉਹਨਾਂ ਦੇ ਹੀ ਉਲਟ ਹੋ ਗਿਆ। ਮੁਖਤਿਆਰ ਨੂੰ ਸਮਝ ਨਹੀ ਆ ਰਹੀ ਸੀ ਇਸ ਤਰ੍ਹਾਂ ਦੇ ਲੋਕਾਂ ਨੇ ਮੁੰਡਿਆਂ ਦੇ ਘਰ ਫੂਕ ਕੇ ਤਮਾਸ਼ਾ ਕਿਉਂ ਦੇਖਿਆ?” ਬਹੁਤ ਚਿਰ ਪਹਿਲਾਂ ਸੁਣਿਆ ਸ਼ੇਅਰ ਮੁਖਤਿਆਰ ਦੇ ਦਿਲ ਵਿਚ ਘੁੰਮਣ ਲੱਗਾ, “ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ, ਖ਼ੁਦਾ ਕੇ ਘਰ ਕੀ ਕਿਆ ਕਹੀਏ, ਖ਼ੁਦਾ ਕੋ ਬੇਚ ਦੇਤੇ ਹੈਂ।”
“ਬਹੁਤ ਹੈਰਾਨੀ ਹੋਈ, ਤਹਾਨੂੰ ਇਸ ਤਰ੍ਹਾਂ ਬਦਲਦਿਆਂ ਹੋਇਆਂ ਦੇਖ ਕੇ।” ਮੁਖੀਤਆਰ ਨੇ ਕੋਲ ਖੜੇ ਪਿੰਡ ਦੇ ਸਰਪੰਚ ਨੂੰ ਦੇਖ ਕੇ ਕਿਹਾ, “ਸਾਨੂੰ ਕਿਸੇ ਨੂੰ ਵੀ ਦਿਲਪ੍ਰੀਤ ਬਾਰੇ ਕੁਝ ਨਹੀ ਪਤਾ।”
“ਹੁਣ ਤਾਂ ਦਿਲਪ੍ਰੀਤ ਨੂੰ ਲੱਭ ਕੇ ਤੁਹਾਡੇ ਹਵਾਲੇ ਕਰਨਾ ਹੀ ਪੈਣਾ ਹੈ।” ਬੈਠਕ ਵੱਲ ਆਉਂਦੀ ਗਿਆਨ ਕੌਰ ਲੀਡਰ ਵੱਲ ਦੇਖ ਕੇ ਬੋਲੀ, “ਜਦੋਂ ਘਰ ਦੇ ਕੁੱਤੇ ਹੀ ਚੋਰਾਂ ਨਾਲ ਰੱਲ ਜਾਣ, ਫਿਰ ਉਸ ਘਰ ਨੂੰ ਕਦੋਂ ਤਕ ਬਚਾਇਆ ਜਾ ਸਕਦਾ ਹੈ?”
“ਬੀਬੀ, ਤੂੰ ਵਿਚ ਨਾ ਬੋਲ।” ਲੀਡਰ ਨੇ ਢੀਠਾਂ ਵਾਂਗ ਕਿਹਾ, “ਮਰਦਾਂ ਦੀਆਂ ਗੱਲਾਂ ਵਿਚ ਜ਼ਨਾਨੀਆਂ ਨੂੰ ਬੋਲਣਾ ਨਹੀ ਚਾਹੀਦਾ।”
“ਵੇ ਤੇਰੇ ਵਰਗੇ ਕਾਹਦੇ ਮਰਦ, ਜਿਨ੍ਹਾਂ ਨੂੰ ਆਪਣੀ ਕੌਂਮ ਜਾਂ ਧਰਮ ਨਾਲ ਮੋਹ ਹੈ ਨਹੀ।” ਗਿਆਨ ਕੌਰ ਨੇ ਉੱਚੀ ਅਵਾਜ਼ ਵਿਚ ਕਿਹਾ, “ਬਲਬੀਰੋ ਦਾ ਭਾਪਾ ਕਹਿੰਦਾ ਹੁੰਦਾ ਸੀ ਕਿ ਅਜ਼ਾਦੀ ਮਿਲਣ ਵੇਲੇ ਪੰਜਾਬ ਨੂੰ ਸਿੱਖ ਕੌਂਮ ਦੇ ਲੀਡਰਾਂ ਨੇ ਹੀ ਬਾਹਮਣਾ ਕੋਲ ਗਹਿਣੇ ਪਾ ਦਿੱਤਾ, ਮੈਨੂੰ ਲੱਗਦਾ ਤੂੰ ਵੀ ਉਹਨਾਂ ਦੀ ਹੀ ਨਸਲ ਵਿਚੋਂ ਹੀ ਹੈ।”
ਲੀਡਰ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਹੁਣ ਕੀ ਕਰੇ। ਉਸ ਨੇ ਇੰਸਪੈਕਟਰ ਨੂੰ ਚੱਲਣ ਦਾ ਇਸ਼ਾਰਾ ਕੀਤਾ ਤਾ ਇੰਸਪੈਕਟਰ ਨੇ ਪੁਲੀਸ ਨੂੰ ਹੁਕਮ ਚਾੜਿਆ, “ਘਰ ਵਿਚਲੇ ਸਾਰੇ ਮਰਦਾਂ ਨੂੰ ਹੱਥਕੜੀ ਲਾ ਲਉ।”
ਇਹ ਸੁਣ ਕੇ ਘਰ ਵਿਚਲੀਆਂ ਅੋਰਤਾਂ ਨੇ ਚੀਖ-ਚਿਹਾੜਾ ਪਾ ਦਿੱਤਾ। ਹਰਨਾਮ ਕੌਰ ਨੇ ਗੁੱਸੇ ਵਿਚ ਗਾਲ੍ਹਾਂ ਵਰਾਂਉਂਦਿਆਂ ਪੁਲੀਸ ਅਤੇ ਲੀਡਰ ਦੀ ਐਸੀ ਦੀ ਤੈਸੀ ਕਰ ਦਿੱਤੀ। ਪੁਲੀਸ ਸਾਰੀਆਂ ਗੱਲਾਂ ਨੂੰ ਅਣਗੋਲਿਆਂ ਕਰਦੀ ਘਰ ਵਿਚ ਮੌਜੂਦ ਸਾਰੇ ਬੰਦਿਆਂ ਨੂੰ ਹੱਥਕੜੀਆਂ ਲਾ ਲੈ ਤੁਰੀ।
ਪਿੰਡ ਦੇ ਮੋਹਤਬਰ ਬੰਦਿਆਂ ਨੇ ਜ਼ਨਾਨੀਆਂ ਨੂੰ ਹੌਂਸਲਾ ਦਿੱਤਾ, ਤੇ ਬੰਦਿਆਂ ਦੀ ਜਮਾਨਤ ਕਰਾਉਣ ਲਈ ਲਾਮਬੰਦ ਹੁੰਦੇ ਦੌੜ-ਭੱਜ ਕਰਨ ਲੱਗੇ।
ਹੱਕ ਲਈ ਲੜਿਆ ਸੱਚ – (ਭਾਗ-78)
This entry was posted in ਹੱਕ ਲਈ ਲੜਿਆ ਸੱਚ.