ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -”ਪੁਰਜਾ ਪੁਰਜਾ ਕਟਿ ਮਰੈ”, “ਤਵੀ ਤੋਂ ਤਲਵਾਰ ਤੱਕ” ਅਤੇ “ਸੱਜਰੀ ਪੈੜ ਦਾ ਰੇਤਾ” ਵਰਗੇ ਨਾਵਲ ਲਿਖ ਕੇ ਰਾਤੋ ਰਾਤ ਪ੍ਰਸਿੱਧੀ ਹਾਸਲ ਕਰਨ ਵਾਲਾ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਹੁਣ ਆਪਣੀ ਲਿਖੀ ਹਿੰਦੀ ਵੈੱਬ ਸੀਰੀਜ਼ “ਐੱਨ ਆਰ ਆਈ” ਨਾਲ ਫ਼ਿਲਮ ਜਗਤ ਵਿੱਚ ਵੀ ਤਹਿਲਕਾ ਮਚਾਉਣ ਆ ਰਿਹਾ ਹੈ। ਆਪਣੇ ਨਾਵਲਾਂ ਵਾਂਗ ਦਮਦਾਰ ਲੇਖਣੀ ਨਾਲ ਲਬਰੇਜ਼ ਇਸ ਵੈੱਬ ਸੀਰੀਜ਼ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਜਗਤ ਦੇ ਦਿਗਜ਼ ਕਲਾਕਾਰ ਦੇਖਣ ਨੂੰ ਮਿਲਣਗੇ। ਸਭ ਤੋਂ ਖ਼ਾਸ ਗੱਲ ਇਹ ਵੀ ਹੈ ਕਿ ਜਵਾਨੀ ਵਿੱਚ ਫ਼ਿਲਮ ਕਲਾਕਾਰ ਬਣਨ ਦੀ ਅਧੂਰੀ ਖ਼ਾਹਿਸ਼ ਨੂੰ ਪੂਰਾ ਕਰਦਿਆਂ ਇਸ ਵੈੱਬ ਸੀਰੀਜ਼ ਵਿੱਚ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਖ਼ੁਦ ਵੀ ਇੱਕ ਭੂਮਿਕਾ ਵਿੱਚ ਨਜ਼ਰ ਆਉਣਗੇ।
ਇਸ ਹਿੰਦੀ ਵੈੱਬ ਸੀਰੀਜ਼ “ਐੱਨ ਆਰ ਆਈ” ਦੇ ਪਹਿਲੇ ਦੋ ਐਪੀਸੋਡਾਂ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ। ਨੈੱਟਫ਼ਲੈਕਸ ਲਈ ਬਣਨ ਵਾਲੀ ਇਸ ਵੈੱਬ ਸੀਰੀਜ਼ ਦੇ ਕੁੱਲ ਅੱਠ ਐਪੀਸੋਡ ਹਨ, ਜਿੰਨ੍ਹਾਂ ਵਿੱਚੋਂ ਦੋ ਦੀ ਸ਼ੂਟਿੰਗ ਜੈਤੋ, ਗੋਬਿੰਦਪੁਰਾ ਅਤੇ ਪਾਕਿਸਤਾਨ ਦੇ ਬਾਰਡਰ ਏਰੀਏ ਵਿੱਚ ਕੀਤੀ ਗਈ। ਕੈਨਵੈੱਸਟ ਫਿਲਮ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਹੇਠ ਬਣ ਰਹੀ ਇਸ ਵੈੱਬ ਸੀਰੀਜ਼ ਦੇ ਮੁੱਖ ਪ੍ਰੋਡਿਊਸਰ ਜਗਮਨਦੀਪ ਸਮਰਾ, ਡਾਇਰੈਕਟਰ ਲਵਲੀ ਸ਼ਰਮਾਂ, ਐਸੋਸੀਏਟ ਡਾਇਰੈਕਟਰ ਸਤਿੰਦਰ ਸਿੰਘ (ਸੱਤਾ ਸੈਣੀ), ਮੈਡਮ ਕੁਲਵੰਤ ਖੁਰਮੀਂ, ਪ੍ਰੋਜੈਕਟ ਹੈੱਡ ਕਾਬਲ ਗਿੱਲ, ਕੋ-ਪ੍ਰੋਡਿਊਸਰ ਖ਼ੁਸ਼ਦੀਪ ਬਰਾੜ ਅਤੇ ਰੌਬਿਨ ਸੰਧੂ ਵਰਨਣਯੋਗ ਹਨ। ਇਸ ਸੀਰੀਜ਼ ਵਿੱਚ ਪ੍ਰੀਤ ਬਾਠ, ਐਂਜਲੀਨਾਂ ਰਾਜਪੂਤ, ਮਹਾਂਬੀਰ ਭੁੱਲਰ, ਰਵਿੰਦਰ ਮੰਡ, ਦਿਲਾਵਰ ਸਿੱਧੂ, ਵਿਰਾਟ ਮਾਹਲ, ਭਾਨਾ ਭਗੌੜਾ (ਮਿੰਟੂ ਜੱਟ), ਲਖਵੀਰ ਧਾਲੀਵਾਲ, ਨਗਿੰਦਰ ਗੱਖੜ, ਜਸਵੰਤ ਰਾਠੌਰ, ਵਿਕਟਰ ਜੌਹਨ, ਸੂਫ਼ੀ ਗੁੱਜਰ, ਹਾਕਮ ਬਖਤੜੀ ਵਾਲਾ, ਸ਼ਿਵਚਰਨ ਜੱਗੀ ਕੁੱਸਾ ਅਤੇ ਹਰਪਾਲ ਧੂੜਕੋਟ ਕਿਰਦਾਰ ਨਿਭਾਅ ਰਹੇ ਹਨ। ਇਸ ਵੈੱਬ ਸੀਰੀਜ਼ ਵਿੱਚ ਗਾਇਕਾ ਵਜੋਂ ਸਾਜਦੀਪ ਕੌਰ ਭੁੱਲਰ ਨੇ ਵੀ ਸੇਵਾਵਾਂ ਦਿੱਤੀਆਂ ਹਨ।