ਅੰਮ੍ਰਿਤਸਰ – ਕਰਤਾਰਪੁਰ ਸਾਹਿਬ ਲਾਂਘੇ ਦੇ ਮੋਢੀ ਪ੍ਰਚਾਰਕ ਭਬੀਸ਼ਨ ਸਿੰਘ ਗੁਰਾਇਆ ਨੇ ਈਮੇਲ ਭੇਜ ਕੇ ਇਲਜਾਮ ਲਾਇਆ ਹੈ ਕਿ ਇਤਹਾਸਿਕ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਹੋਈ ਸੁਨਿਹਰੀ ਪਾਲਕੀ ਸੀ ਉਹ ਅਲੋਪ ਹੈ।
2018 ‘ਚ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੇ ਆਸਾਰ ਬਣੇ ਤਾਂ ਡੇਰਾ ਬਾਬਾ ਨਾਨਕ ਗੁਰਦੁਆਰਾ ਦੀ ਚੰਗੀ ਭਲੀ ਇਮਾਰਤ ਦੀ ਕਾਰਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੂੰ ਸੌਪ ਦਿੱਤੀ ਗਈ। ਓਦੋਂ ਸੰਗਤਾਂ ਨੇ ਕਾਰ ਸੇਵਾ ਦੀ ਵਿਰੋਧਤਾ ਵੀ ਕੀਤੀ ਸੀ।
23 ਫਰਵਰੀ 2021 ਨੂੰ ਨਵੀ ਬਣੀ ਇਮਾਰਤ ਵਿਚ ਪ੍ਰਕਾਸ਼ ਕਰ ਦਿੱਤਾ ਗਿਆ ਪਰ ਮਹਾਰਾਜੇ ਵਾਲੀ ਸੁਨਿਹਰੀ ਇਤਹਾਸਿਕ ਪਾਲਕੀ ਗੁਰਦੁਆਰਾ ਸਾਹਿਬ ਵਿਚ ਗਾਇਬ ਸੀ ਤਾਂ ਕਾਰ ਸੇਵਾ ਬਾਬੇ ਨੇ ਕਿਹਾ ਸੀ ਕਿ ਜਲਦੀ ਹੀ ਸੁਨਿਹਰੀ ਪਾਲਕੀ ਵੀ ਸ਼ੱਸ਼ੋਭਿਤ ਕਰ ਦਿੱਤੀ ਜਾਵੇਗੀ। ਪਰ ਅੱਜ ਤਕ ਪਾਲਕੀ ਅਲੋਪ ਹੈ। ਯਾਦ ਰਹੇ ਜਦੋਂ ਕਾਰ ਸੇਵਾ ਚਲ ਰਹੀ ਸੀ ਤਾਂ ਇਮਾਰਤ ਤਿਆਰ ਹੋਣ ਤਕ ਪਾਲਕੀ ਨੂੰ ਲੋਹੇ ਦੀਆਂ ਚਾਦਰਾਂ ਪਾ ਕੇ ਢੱਕ ਕੇ ਰੱਖਿਆ ਗਿਆ ਸੀ। ਫਿਰ ਅਚਾਨਕ ਚੁੱਪ ਚੁੱਪੀਤੇ ਪਾਲਕੀ ਨੂੰ ਓਥੋਂ ਹਟਾ ਦਿਤਾ ਗਿਆ।
ਅੱਜ ਕਲ ਡੇਰਾ ਬਾਬਾ ਨਾਨਕ ਵਿਖੇ ਇਤਹਾਸਿਕ ਚੋਲਾ ਸਾਹਿਬ ਦਾ ਮੇਲਾ ਚਲ ਰਿਹਾ ਹੈ। ਗੁਰਾਇਆ ਦਾ ਕਹਿਣਾ ਹੈ ਕਿ ਸੰਗਤਾਂ ਨੂੰ ਚਿੰਤਾ ਹੈ ਕਿ ਕਿਤੇ ਸੁਨਿਹਰੀ ਪਾਲਕੀ ਦਾ ਵੀ ਉਹੋ ਹਸ਼ਰ ਨਾ ਹੋ ਜਾਵੇ ਜੋ ਸ਼੍ਰੋਮਣੀ ਕਮੇਟੀ ਨੇ ਸੈਂਕੜੇ ਇਤਹਾਸਿਕ ਹੱਥ ਲਿਖਤ ਦਸਤਾਵੇਜਾਂ ਦਾ ਕੀਤਾ ਹੈ। ਕਾਰ ਸੇਵਾ ਬਾਬਾ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇਹ ਸਪੱਸ਼ਟ ਕਰੇ ਕਿ ਪਾਲਕੀ ਕਿਥੇ ਹੈ ਤੇ ਕਿਓ ਹਟਾਈ ਗਈ ਹੈ?