ਫ਼ਤਹਿਗੜ੍ਹ ਸਾਹਿਬ – “ਬੀਤੀ ਰਾਤ ਕੋਈ 11:30 ਵਜੇ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਿਆਣਾ ਸਟੇਟ ਦੇ ਯੂਥ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਆਪਣੇ ਤਿੰਨ ਸਾਥੀਆ ਸਮੇਤ ਰਾਜਸਥਾਨ ਵਿਖੇ ਮੁਸਲਿਮ ਪਰਿਵਾਰ ਉਤੇ ਹੋਏ ਜ਼ਬਰ-ਜੁਲਮ ਦੀ ਘਟਨਾ ਦੀ ਜਾਂਚ ਕਰਕੇ ਵਾਪਸ ਕਰਨਾਲ ਆ ਰਹੇ ਸਨ, ਤਾਂ ਕਰਨਾਲ ਦੇ ਨੇੜੇ ਮੂਣਕ ਥਾਣੇ ਵਿਚ ਪੈਦੇ ਖੇਤਰ ਵਿਚ ਕੁਝ ਬੰਦਿਆ ਨੇ ਸ. ਹਰਜੀਤ ਸਿੰਘ ਵਿਰਕ ਦੀ ਗੱਡੀ ਉਤੇ ਹਮਲਾ ਕਰ ਦਿੱਤਾ । ਜਿਸ ਨਾਲ ਬੇਸੱਕ ਵਿਰਕ ਨਾਲ ਸਾਥੀ ਹੋਣ ਦੀ ਬਦੌਲਤ ਕੋਈ ਵੱਡਾ ਨੁਕਸਾਨ ਨਹੀ ਹੋਇਆ, ਪਰ ਹਮਲਾਵਰਾਂ ਨੇ ਗੱਡੀ ਦੇ ਸੀਸੇ ਤੇ ਲਾਇਟਾਂ ਤੋੜ ਦਿੱਤੀਆ । ਜੋ ਕਿ ਸਿਆਸੀ ਵਿਰੋਧੀਆਂ ਵੱਲੋ ਕੋਈ ਰਚੀ ਸਾਜਿਸ ਦਾ ਸਿੱਟਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਹੋਏ ਹਮਲੇ ਦੀ ਘਟਨਾ ਦੀ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਕਰਨਾਲ ਦੇ ਸੰਬੰਧਤ ਮੂਣਕ ਥਾਣੇ ਵਿਚ ਜਿਥੇ ਇਸਦੀ ਸ. ਵਿਰਕ ਤੇ ਉਸਦੇ ਸਾਥੀਆ ਵੱਲੋ ਰਿਪੋਰਟ ਲਿਖਵਾਈ ਗਈ ਹੈ, ਕਰਨਾਲ ਜਿਲ੍ਹੇ ਦੇ ਨਿਜਾਮ ਅਤੇ ਹਰਿਆਣੇ ਦੀ ਖੱਟਰ ਸਰਕਾਰ ਨੂੰ ਇਸਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਤੇ ਸਾਜਿਸਕਾਰਾਂ ਨੂੰ ਸਾਹਮਣੇ ਲਿਆਕੇ ਸਖਤ ਤੋ ਸਖਤ ਸਜਾਵਾਂ ਦੇਣ ਦੀ ਜੋਰਦਾਰ ਮੰਗ ਕਰਦਾ ਹੈ । ਤਾਂ ਕਿ ਸਾਡੇ ਹਰਿਆਣਾ ਸਟੇਟ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨੌਜਵਾਨ ਆਗੂ ਅਤੇ ਉਨ੍ਹਾਂ ਦੇ ਸਾਥੀਆ ਦਾ ਆਉਣ ਵਾਲੇ ਸਮੇ ਵਿਚ ਕੋਈ ਸਰੀਰਕ ਜਾਂ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਕਰਨ ਦੀ ਕੋਈ ਤਾਕਤ ਅਮਲ ਨਾ ਕਰ ਸਕੇ ਅਤੇ ਉਹ ਬਿਨ੍ਹਾਂ ਕਿਸੇ ਡਰ-ਭੈ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਮਨੁੱਖਤਾ ਪੱਖੀ ਨੀਤੀਆ ਅਤੇ ਪ੍ਰੋਗਰਾਮਾਂ ਨੂੰ ਹਰਿਆਣੇ ਸੂਬੇ ਵਿਚ ਆਪਣੇ ਜਮਹੂਰੀ ਹੱਕਾਂ ਰਾਹੀ ਪ੍ਰਚਾਰ ਅਤੇ ਪ੍ਰਸਾਰ ਦੀਆਂ ਜਿੰਮੇਵਾਰੀਆ ਨਿਭਾਉਦੇ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਹਰਿਆਣਾ ਸਟੇਟ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਉਤੇ ਅਤੇ ਉਨ੍ਹਾਂ ਦੇ ਸਾਥੀਆ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਰਨਾਲ ਦੇ ਨਿਜਾਮ ਅਤੇ ਹਰਿਆਣਾ ਸਰਕਾਰ ਨੂੰ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਂਨ, ਜੰਮੂ-ਕਸਮੀਰ, ਯੂਪੀ ਆਦਿ ਹੋਰ ਸੂਬਿਆਂ ਵਿਚ ਜਮਹੂਰੀਅਤ ਢੰਗ ਨਾਲ ਕੰਮ ਕਰਨ ਵਾਲੇ ਅਹੁਦੇਦਾਰਾਂ ਅਤੇ ਮੈਬਰ ਲੰਮੇ ਸਮੇ ਤੋ ਇਨ੍ਹਾਂ ਸਭ ਸੂਬਿਆਂ ਵਿਚ ਆਪਣੀਆ ਮਨੁੱਖਤਾ ਪੱਖੀ ਸੋਚ ਅਤੇ ਨੀਤੀਆ ਉਤੇ ਕੰਮ ਕਰਦੇ ਹਨ ਅਤੇ ਸਮਾਜ ਦੇ ਲਤਾੜੇ ਤੇ ਜ਼ਬਰ ਦਾ ਸਾਹਮਣਾ ਕਰਨ ਵਾਲੇ ਵਰਗਾਂ ਦੀ ਬਾਂਹ ਫੜਕੇ ਹਰ ਲੌੜਵੰਦ ਦੀ ਹਰ ਪੱਖ ਤੋ ਮਦਦ ਕਰਨਾ ਆਪਣਾ ਇਨਸਾਨੀ ਫਰਜ ਸਮਝਦੇ ਹਨ ਅਤੇ ਇਥੋ ਦੇ ਨਿਵਾਸੀਆ ਨੂੰ ਅਜਿਹਾ ਰਾਜ ਪ੍ਰਬੰਧ ਪ੍ਰਦਾਨ ਕਰਨ ਦੇ ਹਾਮੀ ਹਨ ਜਿਸ ਵਿਚ ਕਿਸੇ ਵੀ ਵਰਗ, ਕੌਮ, ਧਰਮ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਾ ਹੋ ਸਕੇ, ਸਭ ਵਰਗ ਅਣਖ ਗੈਰਤ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋ ਜਿੰਦਗੀ ਜਿਊਂ ਸਕਣ । ਲੇਕਿਨ ਇਥੋ ਦੇ ਫਿਰਕੂ ਸਿਆਸਤਦਾਨ ਜਾਂ ਸਾਜਿਸਕਾਰ ਹੁਕਮਰਾਨ ਸਾਡੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜਾਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਮੰਦਭਾਵਨਾ ਅਧੀਨ ਅਜਿਹੀਆ ਕਾਰਵਾਈਆ ਕਰਨ ਵਿਚ ਯਕੀਨ ਰੱਖਦੇ ਹਨ । ਲੇਕਿਨ ਅਜਿਹੇ ਲੋਕ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਇਸ ਲਈ ਕਾਮਯਾਬ ਨਹੀ ਹੋ ਸਕਦੇ ਕਿਉਂਕਿ ਸਾਡੀ ਪਾਰਟੀ ਦੇ ਅਹੁਦੇਦਾਰ ‘ਭੈ ਕਹੁ ਕੋ ਦੈਤਿ ਨ ਭੈ ਮਾਨਤਿ ਆਨਿ’ ਦੇ ਮਹਾਵਾਕ ਅਨੁਸਾਰ ਆਪਣੀਆ ਜਿੰਮੇਵਾਰੀਆ ਪੂਰੀ ਸੰਜ਼ੀਦਗੀ ਨਾਲ ਆਪਣੀਆ ਪੰਥਕ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਪੂਰਨ ਕਰਦੇ ਹਨ । ਗੁਰੂ ਅਜਿਹੀਆ ਆਤਮਾਵਾ ਦੇ ਹਮੇਸ਼ਾਂ ਅੰਗ-ਸੰਗ ਰਹਿੰਦੇ ਹਨ ਅਤੇ ਜਨਤਾ ਦੀਆਂ ਅਰਦਾਸਾਂ ਵੀ ਸਾਡੇ ਨਾਲ ਹਮੇਸ਼ਾਂ ਹੁੰਦੀਆ ਹਨ । ਸ. ਮਾਨ ਨੇ ਹਰਿਆਣੇ ਦੇ ਸਮੁੱਚੇ ਅਹੁਦੇਦਾਰਾਂ, ਵਰਕਰਾਂ, ਮੈਬਰਾਂ ਅਤੇ ਸਮਰੱਥਕਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਬੇਸੱਕ ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਜਮਾਤਾਂ ਵੱਲੋਂ, ਮਨੁੱਖਤਾ ਲਈ ਦ੍ਰਿੜਤਾ ਨਾਲ ਉਦਮ ਕਰਨ ਵਾਲੇ ਸਾਨੂੰ ਨਿਸ਼ਾਨਾਂ ਬਣਾਕੇ ਬਦਨਾਮ ਵੀ ਕੀਤਾ ਜਾ ਰਿਹਾ ਹੈ ਅਤੇ ਜਾਨਲੇਵਾ ਹਮਲੇ ਵੀ ਕੀਤੇ ਜਾ ਰਹੇ ਹਨ, ਪਰ ਸਿੱਖ ਕੌਮ ਨੂੰ ਆਪਣੇ ਮਨੁੱਖਤਾ ਪੱਖੀ ਮਕਸਦ ਦੀ ਪ੍ਰਾਪਤੀ ਲਈ ਅਤੇ ਮਨੁੱਖਤਾ ਦੀ ਬਿਹਤਰੀ ਦੇ ਉਦਮਾਂ ਲਈ ਦੁਨੀਆ ਦੀ ਕੋਈ ਵੀ ਤਾਕਤ ਨਹੀ ਰੋਕ ਸਕੇਗੀ । ਅਸੀ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਇਹ ਉਦਮ ਹਰ ਕੀਮਤ ਤੇ ਪੂਰਨ ਕਰਦੇ ਰਹਾਂਗੇ ।
ਸ. ਮਾਨ ਨੇ ਹਰਿਆਣਾ ਦੀ ਸ੍ਰੀ ਮਨੋਹਰ ਲਾਲ ਖੱਟਰ ਸਰਕਾਰ ਤੋ ਇਹ ਸੰਜੀਦਗੀ ਭਰੀ ਮੰਗ ਕੀਤੀ ਕਿ ਉਹ ਜਿਥੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ, ਉਥੇ ਸਾਡੇ ਅਜਿਹੇ ਮਨੁੱਖਤਾ ਪੱਖੀ ਉਦਮ ਕਰਨ ਵਾਲੇ ਨੌਜਵਾਨਾਂ ਨੂੰ ਆਪਣੀ ਨਿੱਜੀ ਹਿਫਾਜਤ ਲਈ ਤੁਰੰਤ ਅਸਲੇ ਦੇ ਲਾਈਸੈਸ ਜਾਰੀ ਕਰਵਾਉਣ । ਜਿਨ੍ਹਾਂ ਗਊ ਰਖਸਕਾਂ ਜਾਂ ਫਿਰਕੂ ਸੰਗਠਨਾਂ ਨੇ ਇਹ ਜਾਨਲੇਵਾ ਹਮਲਾ ਕੀਤਾ ਹੈ, ਉਨ੍ਹਾਂ ਉਤੇ ਇਸ ਸੰਬੰਧੀ ਬਣਨ ਵਾਲੇ ਕੇਸਾਂ ਤੋ ਇਲਾਵਾ 110 ਸੀ.ਆਰ.ਪੀ. ਅਧੀਨ ਕਾਰਵਾਈ ਕਰਕੇ ਉਨ੍ਹਾਂ ਦੀਆਂ ਜਮਾਨਤਾਂ ਜਬਤ ਕਰਵਾਉਣ ਦੀ ਜਿੰਮੇਵਾਰੀ ਵੀ ਨਿਭਾਉਣ ਤਾਂ ਕਿ ਕੋਈ ਵੀ ਫਿਰਕੂ ਤਾਕਤ ਜਾਂ ਸੰਗਠਨ ਇਥੇ ਘੱਟ ਗਿਣਤੀ ਕੌਮਾਂ ਉਤੇ ਮੰਦਭਾਵਨਾ ਅਧੀਨ ਅਜਿਹੇ ਹਮਲੇ ਕਰਕੇ ਜਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਨੁਕਸਾਨ ਨਾ ਕਰ ਸਕੇ ਅਤੇ ਪੰਜਾਬ-ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਆਦਿ ਸਭ ਗੁਆਂਢੀ ਸੂਬਿਆਂ ਦਾ ਅਮਨ ਚੈਨ ਬਰਕਰਾਰ ਰਹਿ ਸਕੇ । ਸਭ ਨਿਵਾਸੀ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦੀ ਨਾਲ ਜਿੰਦਗੀ ਜੀ ਸਕਣ ਅਤੇ ਤਰੱਕੀ ਕਰ ਸਕਣ ।