ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ,
ਮੈਂਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ।
ਮੈਂਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ,
ਮੇਰੀ ਸ਼ਕਤੀ ਤੋਂ ਹੈਂ ਅਨਜਾਣ ਬੀਬਾ।
ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ,
ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ।
ਕਦੇ ਸ਼ਰਨ ਕੌਰ ਬਣ, ਢੋਅ ਲਾਸ਼ਾਂ,
ਸ਼ਹੀਦ ਸਿੰਘਾਂ ਦਾ ਕਰਦੀ ਸਸਕਾਰ ਹਾਂ ਮੈਂ।
ਮੇਰਾ ਮਨ ਨੀਵਾਂ ਐਪਰ ਮੱਤ ਉੱਚੀ,
ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ।
ਲੋੜ ਪਏ ਤਾਂ ਮੋਢੇ ਨਾਲ ਜੋੜ ਮੋਢਾ,
ਮੈਂ ਤਾਂ ਜੰਗ ਮੈਦਾਨੇ ਵੀ ਖੜ੍ਹ ਸਕਦੀ।
ਰਹੀ ਯੁਗਾਂ ਤੋਂ ਮਮਤਾ ਦੀ ਹਾਂ ਮੂਰਤ,
ਜਿਹੜੀ ਘਰ ਸੰਸਾਰ ਵਸਾ ਸਕਦੀ।
ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ,
ਟੋਟੇ ਜਿਗਰ ਦੇ ਟੋਟੇ ਕਰਵਾ ਸਕਦੀ।
ਕੀ ਕਰੇਂਗਾ ਮਹਿਲਾਂ ਚੁਬਾਰਿਆਂ ਨੂੰ,
ਮੇਰੇ ਬਾਝੋਂ ਇਹ ਘਰ ਮਕਾਨ ਰਹਿਣੈ।
‘ਕੱਲਾ ਨਹੀਂ ਤੂੰ ਦੁਨੀਆਂ ਵਸਾ ਸਕਦਾ,
ਮੇਰੀ ਹੋਂਦ ਦੇ ਨਾਲ ਜਹਾਨ ਰਹਿਣੈ।
ਸਾਂਭ ਰੱਖਿਆ ਘਰ ਪਰਿਵਾਰ ਤੇਰਾ,
ਤੇਰੀ ਸ਼ਕਤੀ ਤੇ ਤੇਰਾ ਪਿਆਰ ਹਾਂ ਮੈਂ।
ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ,
ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ ਮੈਂ।
ਮੈਂ ਤਾਂ ਜਨਮ ਦਾਤੀ ਰਾਜੇ ਰਾਣਿਆਂ ਦੀ,
ਬਾਬੇ ਨਾਨਕ ਨੇ ਮੈਂਨੂੰ ਖਿਤਾਬ ਦਿੱਤਾ।
ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ,
ਮੈਂਨੂੰ ਪੈਰਾਂ ‘ਚ ਰੋਲ਼ ਜਨਾਬ ਦਿੱਤਾ।
ਭਾਵੇਂ ਸਬਰ ਸੰਤੋਖ ਦੀ ‘ਦੀਸ਼’ ਮੂਰਤ,
ਲੇਕਿਨ ਫੁੱਲ ਹੀ ਨਹੀਂ ਫੌਲਾਦ ਹਾਂ ਮੈਂ।
ਲਿਖਿਆ ਪਿੱਠ ਤੇ ਗਿਆ ਇਤਿਹਾਸ ਮੇਰਾ,
ਸਾਹਿਬ ਕੌਰ ਦੀ ਨੇਕ ਔਲਾਦ ਹਾਂ ਮੈਂ।