ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੈਂਟਰ ਫਾਰ ਰਿਸਰਚ ਆਨ ਗਲੋਬਲਾਈਜ਼ੇਸ਼ਨ ਦੇ ਐੱਫ.ਵਿਲੀਅਮ ਐਂਗਡਾਹਲ ਦਾ ਦਾਅਵਾ ਹੈ ਕਿ ਬੀਤੀ ਹੋਈ ਘਟਨਾਵਾਂ ਦੀ ਲੜੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਅਮਰੀਕਾ ਅਤੇ ਯੂਕੇ ਦੁਆਰਾ ਇੱਕ ਮੁਹਿੰਮ ਚਲਾਈ ਗਈ ਹੈ। ਐਂਗਡਾਹਲ ਮੁਤਾਬਕ ਮੌਜੂਦਾ ਭੂ-ਰਾਜਨੀਤਿਕ ਸਥਿਤੀ ‘ਚ ਅਮਰੀਕਾ ਅਤੇ ਯੂਰਪੀ ਦੇਸ਼ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਰਵੱਈਏ ਤੋਂ ਖੁਸ਼ ਨਹੀਂ ਹਨ। ਉਸ ਦੇ ਅਨੁਸਾਰ, ਵਾਸ਼ਿੰਗਟਨ ਅਤੇ ਯੂਰਪੀਅਨ ਨੇ ਯੂਕਰੇਨ ਯੁੱਧ ਨੂੰ ਲੈ ਕੇ ਰੂਸ ‘ਤੇ ਬੇਮਿਸਾਲ ਆਰਥਿਕ ਪਾਬੰਦੀਆਂ ਲਗਾਈਆਂ ਹਨ। ਪਰ ਹਿੰਦੁਸਤਾਨ ਰੂਸ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਵਾਲ ਬਣਿਆ ਹੋਇਆ ਹੈ। ਅਜਿਹੇ ‘ਚ ਰੂਸ ‘ਤੇ ਲਾਈਆਂ ਗਈਆਂ ਪਾਬੰਦੀਆਂ ਕਾਰਗਰ ਸਾਬਤ ਨਹੀਂ ਹੋ ਰਹੀਆਂ ਹਨ।
ਏਂਗਡਾਹਲ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਬ੍ਰਿਟੇਨ ਦੀ ਸਰਕਾਰ ਦੁਆਰਾ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਮੋਦੀ ਨੇ ਰੂਸੀ ਕਾਰੋਬਾਰ ਵਿਰੁੱਧ ਪਾਬੰਦੀਆਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਤਰ੍ਹਾਂ ਮੋਦੀ ਦੀ ਅਗਵਾਈ ਵਿਚ ਹਿੰਦੁਸਤਾਨ ਨੇ ਵੀ ਯੂਕਰੇਨ ‘ਤੇ ਰੂਸੀ ਹਮਲੇ ਵਿਰੁੱਧ ਸੰਯੁਕਤ ਰਾਸ਼ਟਰ ਵਿਚ ਵਾਸ਼ਿੰਗਟਨ ਦਾ ਸਮਰਥਨ ਕਰਨ ਤੋਂ ਗੁਰੇਜ਼ ਕੀਤਾ ਹੈ। ਅਮਰੀਕਾ ਵੱਲੋਂ ਵਾਰ-ਵਾਰ ਨਤੀਜੇ ਭੁਗਤਣ ਦੀ ਧਮਕੀ ਦੇ ਬਾਵਜੂਦ ਹਿੰਦੁਸਤਾਨ ਨੇ ਵੱਡੇ ਪੈਮਾਨੇ ‘ਤੇ ਰੂਸੀ ਤੇਲ ਦੀ ਖਰੀਦ ‘ਤੇ ਅਮਰੀਕੀ ਪਾਬੰਦੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬ੍ਰਿਕਸ ਦਾ ਸਾਥੀ ਮੈਂਬਰ ਹੋਣ ਦੇ ਨਾਲ-ਨਾਲ ਹਿੰਦੁਸਤਾਨ ਰੂਸੀ ਰੱਖਿਆ ਉਪਕਰਨਾਂ ਦਾ ਵੀ ਵੱਡਾ ਖਰੀਦਦਾਰ ਹੈ। ਇਸ ਕਾਰਨ ਵੀ ਐਂਗਲੋ-ਅਮਰੀਕਨ ਸਮੂਹ ਮੋਦੀ ਸਰਕਾਰ ਤੋਂ ਅਸੰਤੁਸ਼ਟ ਹੈ।
ਐਂਗਡਾਹਲ ਰਿਪੋਰਟ ਕਰਦਾ ਹੈ ਕਿ ਜਨਵਰੀ ਵਿੱਚ ਮੋਦੀ ਅਤੇ ਉਸਦੇ ਮੁੱਖ ਵਿੱਤੀ ਸਮਰਥਕਾਂ ‘ਤੇ ਐਂਗਲੋ-ਅਮਰੀਕੀ ਹਮਲਾ ਕੀਤਾ ਗਿਆ ਸੀ। ਉਸ ਦੇ ਅਨੁਸਾਰ, ਹਿੰਡਨਬਰਗ ਰਿਸਰਚ, ਇੱਕ ਵਾਲ ਸਟਰੀਟ ਵਿੱਤੀ ਫਰਮ, ਜਿਸਦਾ ਅਮਰੀਕੀ ਖੁਫੀਆ ਏਜੰਸੀ ਨਾਲ ਸਬੰਧ ਹੋਣ ਦਾ ਸ਼ੱਕ ਹੈ, ਨੇ ਜਨਵਰੀ ਵਿੱਚ ਅਰਬਪਤੀ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾਇਆ, ਜੋ ਮੋਦੀ ਦੇ ਕਰੀਬੀ ਦੱਸਿਆ ਜਾਂਦਾ ਹੈ। ਇਸ ਨਾਲ ਅਡਾਨੀ ਸਮੂਹ ਨੂੰ 120 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਲੇਖ ਦੇ ਅਨੁਸਾਰ, ਹਿੰਡਨਬਰਗ ਨੂੰ ਮੋਦੀ ਦੇ ਕਰੀਬੀ ਲੋਕਾਂ ਦੀ ਖੁਫੀਆ ਜਾਣਕਾਰੀ ਹੋ ਸਕਦੀ ਹੈ। ਇਸ ਆਧਾਰ ‘ਤੇ ਹਿੰਡਨਬਰਗ ਨੇ ਅਡਾਨੀ ਸਮੂਹ ਨੂੰ ਨਿਸ਼ਾਨਾ ਬਣਾਇਆ ਸੀ ।
ਬੀਤੀ ਜਨਵਰੀ ਵਿੱਚ, ਅਡਾਨੀ ਬਾਰੇ ਹਿੰਡਨਬਰਗ ਦੀ ਰਿਪੋਰਟ ਦੇ ਉਸੇ ਮਹੀਨੇ, ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਵਾਲੀ ਬੀਬੀਸੀ ਨੇ ਇੱਕ ਦਸਤਾਵੇਜ਼ੀ ਰਿਲੀਜ਼ ਕੀਤੀ ਜਿਸ ਵਿੱਚ ਗੁਜਰਾਤ ਵਿੱਚ 2002 ਦੇ ਫਿਰਕੂ ਦੰਗਿਆਂ ਵਿੱਚ ਮੋਦੀ ਦੀ ਭੂਮਿਕਾ ਉਪਰ ਦੋਸ਼ ਲਗਾਇਆ ਗਿਆ ਸੀ ਜਦੋਂ ਉਹ ਮੁੱਖ ਮੰਤਰੀ ਸੀ। ਏਂਗਡਾਹਲ ਦੇ ਅਨੁਸਾਰ, ਬੀਬੀਸੀ ਦੀ ਰਿਪੋਰਟ ਯੂਕੇ ਦੇ ਵਿਦੇਸ਼ ਦਫ਼ਤਰ ਦੁਆਰਾ ਬੀਬੀਸੀ ਨੂੰ ਪ੍ਰਦਾਨ ਕੀਤੀ ਗਈ ਅਣਪ੍ਰਕਾਸ਼ਿਤ ਖੁਫੀਆ ਜਾਣਕਾਰੀ ‘ਤੇ ਅਧਾਰਤ ਸੀ।
ਲੇਖ ਦੇ ਅਨੁਸਾਰ, ਇੱਕ ਹੋਰ ਸੰਕੇਤ ਹੈ ਕਿ ਵਾਸ਼ਿੰਗਟਨ ਅਤੇ ਲੰਡਨ ਹਿੰਦੁਸਤਾਨ ਵਿੱਚ ਸ਼ਾਸਨ ਤਬਦੀਲੀ ਚਾਹੁੰਦੇ ਹਨ। 17 ਫਰਵਰੀ ਨੂੰ 92 ਸਾਲਾ ਅਮਰੀਕੀ ਉਦਯੋਗਪਤੀ ਜਾਰਜ ਸੋਰੋਸ ਨੇ ਸਾਲਾਨਾ ਮਿਊਨਿਖ ਸੁਰੱਖਿਆ ਸੰਮੇਲਨ ‘ਚ ਕਿਹਾ ਕਿ ਮੋਦੀ ਦੇ ਦਿਨ ਗਿਣੇ ਗਏ ਹਨ। ਸੋਰੋਸ ਨੇ ਕਿਹਾ, ਹਿੰਦੁਸਤਾਨ ਇੱਕ ਲੋਕਤੰਤਰ ਦੇਸ਼ ਹੈ, ਪਰ ਇਸਦੇ ਨੇਤਾ ਨਰਿੰਦਰ ਮੋਦੀ ਲੋਕਤੰਤਰੀ ਨਹੀਂ ਹਨ। ਸੋਰੋਸ ਨੇ ਕਿਹਾ ਕਿ ਇੱਕ ਪਾਸੇ ਹਿੰਦੁਸਤਾਨ ਕਵਾਡ ਦਾ ਮੈਂਬਰ ਹੈ (ਜਿਸ ਵਿੱਚ ਆਸਟਰੇਲੀਆ, ਅਮਰੀਕਾ ਅਤੇ ਜਾਪਾਨ ਵੀ ਸ਼ਾਮਲ ਹਨ) ਪਰ ਇਹ ਰੂਸ ਦੇ ਨਾਲ ਬਹੁਤ ਨਜ਼ਦੀਕੀ ਸਬੰਧਾਂ ਵਾਲੇ ਤੇਲ ਦਾ ਵਪਾਰ ਅਤੇ ਖਰੀਦਦਾਰੀ ਵੀ ਕਰ ਰਿਹਾ ਹੈ। ਸੋਰੋਸ ਨੇ ਕਿਹਾ ਕਿ ਮੈਂ ਹਿੰਦੁਸਤਾਨ ਵਿੱਚ ਲੋਕਤੰਤਰੀ ਮੁੜ ਸੁਰਜੀਤੀ ਦੀ ਉਮੀਦ ਕਰਦਾ ਹਾਂ।