ਨਿਊਯਾਰਕ – ਸਿੱਖ ਕੋਆਰਡੀਨੇਸ਼ਨ ਕਮੇਟੀ (ਯੂ ਐਸ ਏ) ਵੱਲੋਂ ਚੀਫ ਖਾਲਸਾ ਦੀਵਾਨ ਦੁਆਰਾ ਪ੍ਰੋਫੈਸਰ ਬਲਜਿੰਦਰ ਸਿੰਘ ਨੂੰ ਮੈਂਬਰੀ ਤੋਂ ਹਟਾਉਣ ਦੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਚੀਫ ਖਾਲਸਾ ਦੀਵਾਨ ਜੋ ਕਿ ਸਿੱਖ ਕੌਮ ਦੀ ਇਕ ਬਹੁਤ ਮਾਣਮੱਤੀ ਅਤੇ ਇਤਿਹਾਸਕ ਸੰਸਥਾ ਹੈ ਜਿਸਦਾ ਪਿਛਲੇ ਸਮਿਆਂ ਵਿੱਚ ਸਿੱਖਿਆ ਅਤੇ ਧਰਮ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ । ਪਰ ਹੁਣ ਲਗਾਤਾਰ ਸਿੱਖ ਵਿਰੋਧੀ ਤਾਕਤਾਂ ਜਿਨ੍ਹਾਂ ਵਿੱਚ ਆਰ ਐਸ ਐਸ ਅਤੇ ਆਪ ਤੇ ਕਾਂਗਰਸ ਸਰਕਾਰਾਂ ਵੱਲੋਂ ਸਿੱਖ ਕੌਮ ਦੇ ਵਿਲੱਖਣ ਸਿਧਾਂਤਾਂ ਨੂੰ ਢਾਹ ਲਾਉਣ ਅਤੇ ਸਿੱਖਿਆ ਸਮੇਤ ਹਰ ਖੇਤਰ ਵਿੱਚ ਸਿੱਖਾਂ ਨੂੰ ਪਛਾੜਨ ਲਈ ਵਿਉਂਤਬੱਧ ਤਰੀਕੇ ਨਾਲ ਸਿੱਖੀ ਸਿਧਾਂਤ ਨੂੰ ਖੋਰਾ ਲਾਇਆ ਜਾ ਰਿਹਾ ਹੈ ਤੇ ਹਰ ਜਗਾ ਤੇ ਪੰਥ ਪ੍ਰਸਤ ਗੁਰਸਿੱਖਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਨਾਲ ਹੀ ਅਮਰਜੀਤ ਸਿੰਘ ਭਾਟੀਆ, ਇੰਜ ਨਵਦੀਪ ਸਿੰਘ, ਅਵਤਾਰ ਸਿੰਘ, ਹਰਕੰਵਲ ਸਿੰਘ ਕੋਹਲੀ ਨੂੰ ਮੌਜੂਦਾ ਸਰਕਾਰ ਦੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਦਾ ਸਹਾਰਾ ਲੈ ਕੇ ਮੈਂਬਰਸ਼ਿਪ ਤੋਂ ਕੱਢਣ ਦੀ ਕਾਰਵਾਈ ਨੂੰ ਪੰਥ ਵਿਰੋਧੀ ਕਾਰਵਾਈ ਵਜੋਂ ਵਿਦੇਸ਼ ਦੀ ਸੰਗਤਾਂ ਵੱਲੋਂ ਦੇਖਿਆ ਜਾ ਰਿਹਾ ਹੈ ।
ਦੇਸ਼ ਵਿਦੇਸ਼ ਦੇ ਸਿੱਖ ,ਪੰਥਕ ਸੰਸਥਾਵਾਂ ਸਰਕਾਰਾਂ , ਏਜੰਸੀਆਂ ਤੇ ਦੋਖੀਆਂ ਦੀ ਦਖਲਅੰਦਾਜੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਥ ਦੀ ਹੋਂਦ ਹਸਤੀ ਅਤੇ ਕੌਮੀ ਸੰਸਥਾਵਾਂ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਸਿੱਖ ਆਗੂਆਂ ਨੇ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਤੇ ਦੋਸ਼ ਲਗਾਇਆ ਕਿ ਉਹ ਪੰਥ ਦੇ ਦੁਸ਼ਮਣ ਸੁਧੀਰ ਸੂਰੀ ਦਾ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਸੋਧਾ ਲਗਾਏ ਜਾਣ ਬਾਅਦ ਸੂਰੀ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਗਿਆ ਸੀ। ਜਿਸਦੇ ਨਾਲ ਸਿੱਖ ਹਿਰਦਿਆਂ ਨੂੰ ਸੱਟ ਵੱਜੀ ਹੈ ਕਿਉਂਕਿ ਇਹ ਸਿੱਖ ਪਰੰਪਰਾਵਾਂ ਦਾ ਹਿੱਸਾ ਨਹੀਂ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਸਿੱਖ ਸੰਸਥਾ ਤੇ ਕੇਜਰੀਵਾਲ ਦੀ ਸੋਚ ਭਾਰੂ ਹੈ ਜੋ ਪੰਥ ਨੂੰ ਬਰਦਾਸ਼ਤ ਨਹੀਂ ।ਦੀਵਾਨ ਦੇ ਹੋਰਨਾ ਅਹੁਦੇਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਬਾਜ ਆਉਣ ਅਤੇ ਪੰਥਕ ਸਖਸੀਅਤਾਂ ਨੂੰ ਤੁਰੰਤ ਬਹਾਲ ਕਰਨ। ਨਾਲ ਹੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾਵਾਂ ਦੇ ਪ੍ਰਬੰਧ ਨੂੰ ਡਾ ਨਿੱਜਰ ਵਰਗੇ ਦੋਖੀਆਂ ਤੋਂ ਵਾਪਸ ਲੈਣ ਲਈ ਕਮਰਕੱਸੇ ਕਰਨ।