ਬਲਾਚੌਰ, ( ਉਮੇਸ਼ ਜੋਸ਼ੀ) – ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਨੂੰ ਹੁਲਾਰਾ ਦੇਣ ਲਈ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਅਤੇ ਜਨਰਲ ਮੈਨੇਜਰ ਰਣਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਇੱਕ ਦਿਨਾਂ ਕੈਂਪ ਪੰਜਾਬ ਐਗਰੋ ਦੀ ਸ਼ਾਖਾ ‘ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ’ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੰਢੀ ਖੇਤਰ ਦੇ ਅਗਾਂਹ ਵਧੂ ਕਿਸਾਨ ਅਮਨਦੀਪ ਸਿੰਘ ਦੇ ਫਾਰਮ ’ਤੇ ਪਿੰਡ ਟਕਾਰਲਾ ਵਿਖੇ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਅਪਣਾਉਣ ਅਤੇ ਇਸ ਦੌਰਾਨ ਹੋਣ ਵਾਲੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਦੇਣਾ ਸੀ। ਪੰਜਾਬ ਐਗਰੋ ਦੇ ਜੈਵਿਕ ਖੇਤੀ ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਪੈਲੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਵਿਕ ਖੇਤੀ ਨੂੰ ਹੋਰ ਪ੍ਰਫੁੱਲਤ ਤੇ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਦਾ ਇਹ ਅਦਾਰਾ ਜੈਵਿਕ ਖੇਤੀ ਦੀ ਰਜਿਸਟ੍ਰੇਸ਼ਨ ਅਤੇ ਪ੍ਰਮਾਣੀਕਰਣ ਮੁਫ਼ਤ ਕਰਵਾਉਣ ਲਈ 2015 ਤੋਂ ਕਿਸਾਨਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਖੇਤਾਂ ਦੀ ਸਰਟੀਫ਼ੀਕੇਸ਼ਨ ਅਤੇ ਬੁਨਿਆਦੀ-ਤਕਨੀਕੀ ਸਹਾਇਤਾ ਸੇਵਾਵਾਂ ਮੁਫ਼ਤ ਵਿੱਚ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕੈਂਪ ਦੌਰਾਨ ਪੰਜਾਬ ਐਗਰੋ ਦੀਆਂ ਹੋਰ ਸਕੀਮਾਂ ਜਿਵੇਂ ਬੀਜ ਆਲੂ ਦੀ ਪ੍ਰਮਾਣਿਕਤਾ ਤੇ ਖੋਜਣ ਯੋਗਤਾ, ਲਾਲ ਮਿਰਚਾਂ ਅਤੇ ਖੜ੍ਹੀ ਮੱਕੀ ਦੀ ਅਚਾਰ ਲਈ ਖਰੀਦ, ਪੀ. ਐਮ. ਐਫ. ਐਮ.ਈ. ਸਕੀਮ, ਆਧੁਨਿਕ ਨਰਸਰੀ ਆਦਿ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ. ਮਨਮੋਹਨ ਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਜੈਵਿਕ ਖੇਤੀ ਤੋਂ ਸਿਹਤ, ਆਰਥਿਕ ਅਤੇ ਵਾਤਾਵਰਣ ਸਬੰਧੀ ਹੋਣ ਵਾਲੇ ਫਾਇਦਿਆਂ ਤੋਂ ਜਾਣੂੰ ਕਰਵਾਇਆ। ਡਾ.ਰਾਜੇਸ਼ ਕੁਮਾਰ (ਸਹਾਇਕ ਨਿਰਦੇਸ਼ਕ ਬਾਗ਼ਬਾਨੀ) ਨੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਘਰੇਲੂ ਬਗੀਚੀ ਤੋਂ ਜੈਵਿਕ ਖੇਤੀ ਸ਼ੁਰੂ ਕਰਨ ਦੀ ਅਪੀਲ ਕੀਤੀ। ਡਾ.ਗੁਰਵਿੰਦਰ ਸਿੰਘ (ਵਿਸਥਾਰ ਵਿਗਿਆਨੀ, ਕੰਢੀ ਖੋਜ ਕੇਂਦਰ) ਨੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਮਾਰਕੀਟਿੰਗ ਦੇ ਗੁਰ ਦੱਸੇ। ਇਸ ਦੌਰਾਨ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਧੁਰ, ਸੁਰਜੀਤ ਸਿੰਘ ਲੰਗੇਰੀ, ਹਰਪ੍ਰੀਤ ਸਿੰਘ ਸੂਰੇਵਾਲ ਨੇ ਕਿਸਾਨ ਭਰਾਵਾਂ ਨੂੰ ਜੈਵਿਕ ਖੇਤੀ ਕਰਨ ਤੇ ਮਾਰਕੀਟ ਕਾਰਨ ਦੇ ਆਪਣੇ ਤਜਰਬੇ ਅਤੇ ਨੁਸਖੇ ਸਾਂਝੇ ਕੀਤੇ ਗਏ ਤੇ ਅੰਤ ਚ ਜਸਪਾਲ ਸਿੰਘ (ਕਾਰਜਕਾਰੀ, ਪੰਜਾਬ ਐਗਰੋ) ਨੇ ਅੱਗੇ ਲੱਗਣ ਵਾਲੇ ਹੋਰਨਾਂ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਪ੍ਰੇਰਿਆ।
ਪੰਜਾਬ ਐਗਰੋ ਵੱਲੋਂ ਜ਼ਿਲ੍ਹਾ ਪੱਧਰੀ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖ਼ਲਾਈ ਕੈਂਪ ਲਗਾਇਆ ਗਿਆ
This entry was posted in ਪੰਜਾਬ.