ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸ੍ਰੀ ਹਰਿੰਦਰ ਸਿੰਘ ਲੱਖੋਵਾਲ ਅਤੇ ਸ੍ਰੀ ਸਤਨਾਮ ਸਿੰਘ ਬਹਿਰੂ ਦੇ ਘਰਾਂ ਉਪਰ ਸੀ.ਬੀ.ਆਈ. ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੁਜ਼ਾਹਰੇ ਕਰਨ ਮਗਰੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕ ਕੇ ਜੋਰਦਾਰ ਵਿਰੋਧ ਦਰਜ਼ ਕਰਵਾਇਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕਿਸਾਨ ਲਹਿਰ ਵਿਰੁੱਧ ਸਿਆਸੀ ਬਦਲਾਖ਼ੋਰੀ ਦੀ ਕਾਰਵਾਈ ਬੰਦ ਕਰਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱੱਪਰ ਇਹ ਮੁਜ਼ਾਹਰੇ ਹੋਏ ਹਨ।
ਵਰਣਨਯੋਗ ਹੈ ਕਿ ਬੀਤੀ 21 ਫਰਵਰੀ 2023 ਨੂੰ ਸੀ.ਬੀ.ਆਈ., ਏ.ਸੀ.-1, ਨਵੀਂ ਦਿੱਲੀ ਤੋਂ ਆਈਆਂ ਵੱਖ-ਵੱਖ ਟੀਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।
ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਹਾਲੇ ਤੱਕ ਤਾਂ ਇਹ ਤੱਥ ਵੀ ਸਪਸ਼ਟ ਨਹੀਂ ਕਿ ਕੀ ਕਿਸਾਨ ਆਗੂਆਂ ਦਾ ਨਾਂ ਇਸੇ ਮੁਕੱਦਮੇ/ਕੇਸ ਵਿਚ ਦਰਜ ਕੀਤਾ ਗਿਆ ਹੈ ਜਾਂ ਨਹੀਂ? ਕਿਸਾਨ ਆਗੂਆਂ ਨੇ ਕਿਹਾ ਕਿ ਇਹ ਛਾਪੇਮਾਰੀ ਸਮਾਜ ਵਿਚ ਦੋਵੇਂ ਆਗੂਆਂ ਦੀ ਇੱਜ਼ਤ ਅਤੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸੀ.ਬੀ.ਆਈ. ਅਤੇ ਕੇਂਦਰ ਦੀ ਸੱਤਾ ਉਪਰ ਬੈਠੀ ਮੋਦੀ ਸਰਕਾਰ ਬੁਖਲਾਹਟ ਚ ਆਕੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਣ ਦੇ ਯਤਨਾਂ ਵਜੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਤੇ ਉਤਾਰੂ ਹੈ । ਉਨ੍ਹਾਂ ਇਸ ਕਾਰਵਾਈ ਨੂੰ ‘ਸਿਆਸੀ ਬਦਲਾਲੋਰੀ’ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਘਟੀਆਂ ਹੱਥਕੰਡੇ ਸੰਯੁਕਤ ਕਿਸਾਨ ਮੋਰਚਾ ਨੂੰ ਕਿਸਾਨਾਂ ਦੇ ਹੱਕੀ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਤੋਂ ਰੋਕ ਨਹੀ ਸਕਦੇ। ਉਨ੍ਹਾਂ ਨੇ ਅਜਿਹੇ ਯਤਨ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ। ਮੁਜ਼ਾਹਰਿਆਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਨਛੱਤਰ ਸਿੰਘ ਜੈਤੋ, ਸਤਨਾਮ ਸਿੰਘ ਬਹਿਰੂ, ਡਾ.ਦਰਸ਼ਨਪਾਲ, ਬਿੰਦਰ ਸਿੰਘ ਗੋਲੇਵਾਲਾ, ਲਖਬੀਰ ਸਿੰਘ ਨਿਜ਼ਾਮਪੁਰ, ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਫੁਰਮਾਨ ਸਿੰਘ ਸੰਧੂ, ਮਨਜੀਤ ਸਿੰਘ ਧਨੇਰ,ਡਾ.ਸਤਨਾਮ ਸਿੰਘ ਅਜਨਾਲਾ, ਮਨਜੀਤ ਰਾਏ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਸ਼ਾਦੀਪੁਰ,ਹਰਜੀਤ ਸਿੰਘ ਰਵੀ,ਵੀਰ ਸਿੰਘ ਬੜਵਾ, ਕੁਲਦੀਪ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਰਾਜੂ ਔਲਖ, ਨਿਰਵੈਲ ਸਿੰਘ ਡਾਲੇਕੇ, ਅਤੇ ਰਛਪਾਲ ਸਿੰਘ ਆਦਿ ਨੇ ਕੀਤੀ।