ਫ਼ਤਹਿਗੜ੍ਹ ਸਾਹਿਬ – “ਹੁਕਮਰਾਨ ਭਾਵੇ ਸੈਂਟਰ ਦੇ ਹੋਣ ਜਾਂ ਪੰਜਾਬ ਦੇ, ਅਕਸਰ ਹੀ ਉਹ ਆਪਣੀਆ ਸਿਆਸੀ ਕੁਰਸੀਆਂ ਤੇ ਅਹੁਦਿਆ ਦੇ ਬਚਾਅ ਲਈ ਸਮੇ-ਸਮੇ ਤੇ ਅਜਿਹੀਆ ਘਿਣੋਨੀਆ ਸਾਜਿਸਾਂ ਨੂੰ ਅਮਲੀ ਰੂਪ ਦੇਣ ਦੇ ਆਦਿ ਹੁੰਦੇ ਹਨ, ਜਿਸ ਨਾਲ ਉਹ ਆਪਣੇ ਵੱਲੋ ਰਚੀ ਸਾਜਿਸ ਦੇ ਮਾਰੂ ਨਤੀਜਿਆ ਦਾ ਦੋਸ਼ ਕਿਸੇ ਕੌਮ, ਫਿਰਕੇ, ਗਰੁੱਪ, ਧਰਮ ਜਾਂ ਸੂਬੇ ਦੇ ਨਿਵਾਸੀਆ ਤੇ ਮੜ੍ਹ ਦੇਣ ਲੇਕਿਨ ਉਸਦੀ ਆੜ ਵਿਚ ਉਹ ਸਾਰੇ ਕੰਮ ਕਰ ਲੈਣ ਜਿਨ੍ਹਾਂ ਦੀ ਉਨ੍ਹਾਂ ਨੂੰ ਸਿਆਸੀ ਤੌਰ ਤੇ ਲੋੜ ਹੁੰਦੀ ਹੈ । ਇਸੇ ਸੋਚ ਅਧੀਨ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਪਹਿਲੋ ਹੀ ਜ਼ਮਹੂਰੀਅਤ ਢੰਗ ਰਾਹੀ ਅੰਮ੍ਰਿਤ ਸੰਚਾਰ ਦੇ ਮਿਸਨ ਵਿਚ ਤੇਜ਼ੀ ਲਿਆਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸਿਆ ਦੇ ਸੇਵਨ ਤੋ ਦੂਰ ਕਰਨ ਹਿੱਤ ਮਿਤੀ 19 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਤੋ ਵਹੀਰ ਸੁਰੂ ਕਰਨ ਦਾ ਸਿੱਖ ਕੌਮ ਨੂੰ ਪ੍ਰੋਗਰਾਮ ਦਿੱਤਾ ਹੋਇਆ ਹੈ, ਉਸ ਜਨਹਿੱਤ ਵਾਲੇ ਪ੍ਰੋਗਰਾਮ ਵਿਚ ਰੁਕਾਵਟ ਪਾਉਣ ਹਿੱਤ ਅਤੇ ਦੂਸਰੇ ਪਾਸੇ ਆਉਣ ਵਾਲੇ ਕੱਲ੍ਹ 19 ਮਾਰਚ ਨੂੰ ਜੋ ਭਾਈ ਮੂਸੇਵਾਲਾ ਦੇ ਪਰਿਵਾਰ ਵੱਲੋ ਮੂਸੇਵਾਲਾ (ਮਾਨਸਾ) ਵਿਖੇ ਬਰਸੀ ਮਨਾਉਣ ਦਾ ਵੱਡਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਥੇ ਦੋਵੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਅਤੇ ਸਿੱਖਾਂ ਨੇ ਸਮੂਲੀਅਤ ਕਰਨੀ ਹੈ, ਉਸਨੂੰ ਗੈਰ ਜਮਹੂਰੀਅਤ ਅਤੇ ਤਾਨਾਸਾਹੀ ਢੰਗ ਰਾਹੀ ਰੋਕਣ ਲਈ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਪੱਬਾ ਭਾਰ ਹੋਈਆ ਨਜਰ ਆਉਦੀਆ ਹਨ । ਜਿਸ ਅਧੀਨ ਅੱਜ ਜਲੰਧਰ ਦੇ ਲਾਗੇ ਮਹਿਤਪੁਰ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋ ਪ੍ਰੋਗਰਾਮ ਤੇ ਜਾਂਦਿਆ ਨੂੰ ਕੋਈ 100 ਦੇ ਕਰੀਬ ਪੁਲਿਸ ਵਹੀਕਲਜ ਵੱਲੋਂ ਘੇਰਿਆ ਗਿਆ ਹੈ ਅਤੇ ਉਨ੍ਹਾਂ ਦੇ 5-6 ਨਜ਼ਦੀਕੀ ਸਾਥੀਆ ਨੂੰ ਬਿਨ੍ਹਾਂ ਵਜਹ ਪੁਲਿਸ ਵੱਲੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸੇ ਤਰ੍ਹਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਅੰਮ੍ਰਿਤ ਸੰਚਾਰ, ਨੌਜਵਾਨੀ ਨੂੰ ਨਸਿਆ ਤੋ ਦੂਰ ਕਰਨ ਦੇ ਜਮਹੂਰੀਅਤ ਪੱਖੀ ਅਮਲਾਂ ਤੇ ਪ੍ਰੋਗਰਾਮਾਂ ਦੀ ਸਮਰੱਥਕ ਹੈ ਅਤੇ ਜੋ ਭਾਈ ਮੂਸੇਵਾਲਾ ਦੀ ਬਰਸੀ ਵਿਚ ਆਪਣਾ ਇਖਲਾਕੀ ਫਰਜ ਸਮਝਕੇ ਸਮੂਲੀਅਤ ਕਰ ਰਹੀ ਹੈ, ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿਚ ਹੁਕਮਰਾਨਾਂ ਤੇ ਪੁਲਿਸ ਵੱਲੋ ਵਿਘਨ ਪਾਉਣ ਹਿੱਤ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਿੱਖਾਂ ਦੀਆਂ ਵੱਡੇ ਪੱਧਰ ਤੇ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਨੂੰ ਘਰਾਂ ਵਿਚ ਨਜ਼ਰ ਬੰਦ ਕਰਨ ਦੇ ਅਮਲ ਸੁਰੂ ਕੀਤੇ ਗਏ ਹਨ, ਉਹ ਸਿੱਖ ਕੌਮ ਤੇ ਪੰਜਾਬੀਆਂ ਲਈ ਕੇਵਲ ਅਸਹਿ ਹੀ ਨਹੀ, ਬਲਕਿ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਦੀਆਂ ਇਨ੍ਹਾਂ ਭੜਕਾਊ ਕਾਰਵਾਈਆ ਦੀ ਬਦੌਲਤ ਬਣ ਰਹੇ ਅਤਿ ਵਿਸਫੋਟਕ ਹਾਲਾਤਾਂ ਲਈ ਇਹ ਦੋਵੇ ਸਰਕਾਰਾਂ ਜਿੰਮੇਵਾਰ ਹੋਣਗੀਆ ਨਾ ਕਿ ਪੰਜਾਬੀ ਅਤੇ ਸਿੱਖ ਕੌਮ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਵਿਚ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਕ ਮੰਦਭਾਵਨਾ ਭਰੀ ਸਾਜਿਸ ਅਧੀਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅਤੇ ਉਨ੍ਹਾਂ ਦੇ ਸਮਰੱਥਕਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਿਰਕੱਢ ਸਿੱਖਾਂ ਦੇ ਘਰਾਂ ਤੇ ਛਾਪੇ ਮਾਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਘਰਾਂ ਵਿਚ ਹੀ ਜਬਰੀ ਨਜ਼ਰਬੰਦ ਕਰਨ ਦੀਆਂ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਸਖਤ ਸਬਦਾਂ ਵਿਚ ਨਿੰਦਾ ਕਰਨ ਦੇ ਨਾਲ-ਨਾਲ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਅਗਾਊ ਤੌਰ ਤੇ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਨੇ ਨਾ ਤਾਂ ਪਹਿਲਾ ਕਦੇ ਕਿਸੇ ਅਪਰਾਧਿਕ ਕਾਰਵਾਈ ਵਿਚ ਹਿੱਸਾ ਲਿਆ ਹੈ ਅਤੇ ਨਾ ਹੀ ਅਜੋਕੇ ਸਮੇ ਵਿਚ ਕੋਈ ਅਜਿਹੀ ਕਾਰਵਾਈ ਹੋ ਰਹੀ ਹੈ ਅਤੇ ਨਾ ਹੀ ਅਜਿਹਾ ਕੋਈ ਸਾਡਾ ਭਵਿੱਖਤ ਕੌਮੀ ਪ੍ਰੌਗਰਾਮ ਹੈ । ਲੇਕਿਨ ਇਸਦੇ ਬਾਵਜੂਦ ਵੀ ਜੇਕਰ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ ਕਿਸੇ ਸਾਂਝੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜਿਸ ਨੂੰ ਅਮਲੀ ਰੂਪ ਦੇ ਕੇ ਖੁਦ ਹੀ ਭੜਕਾਊ ਦੁਖਾਂਤ ਭਰੇ ਅਮਲ ਕਰਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਸੱਟ ਮਾਰਨ ਅਤੇ ਫਿਰ ਉਸਦਾ ਦੋਸ਼ ਪੰਜਾਬੀਆਂ ਤੇ ਸਿੱਖ ਕੌਮ ਉਤੇ ਮੜ੍ਹਨ ਲਈ ਸਾਜਿਸ ਨੂੰ ਅਮਲੀ ਰੂਪ ਦੇ ਰਹੀ ਹੈ, ਉਸਨੂੰ ਬਹਾਦਰ ਪੰਜਾਬੀ ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਕਦਾਚਿਤ ਕਾਮਯਾਬ ਨਹੀ ਹੋਣ ਦੇਵੇਗੀ । ਜੇਕਰ ਹੁਕਮਰਾਨਾਂ ਨੇ ਪੰਜਾਬੀਆਂ ਅਤੇ ਸਿੱਖਾਂ ਨੂੰ ਕਿਸੇ ਗਲਤ ਰਾਹ ਤੇ ਤੋਰਨ ਲਈ ਮਜਬੂਰ ਕੀਤਾ ਤਾਂ ਉਸ ਲਈ ਜਿਵੇ ਬੀਤੇ ਸਮੇ ਦੀਆਂ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਗੰਦੀ ਖੇਡ ਖੇਡਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੀਆ ਰਹੀਆ ਹਨ, ਅਜਿਹੇ ਕਿਸੇ ਵੀ ਮੰਦਭਾਵਨਾ ਭਰੇ ਮਿਸਨ ਨੂੰ ਅਸੀ ਕਤਈ ਕਾਮਯਾਬ ਨਹੀ ਹੋਣ ਦੇਵਾਂਗੇ । ਕਿਉਂਕਿ ਸਮੁੱਚੇ ਪੰਜਾਬੀ, ਸਿੱਖ, ਮੁਸਲਿਮ, ਇਸਾਈ, ਹਿੰਦੂ ਹੁਕਮਰਾਨਾਂ ਦੀ ਇਸ ਡੂੰਘੀ ਸਾਜਿਸ ਵਿਚ ਬਿਲਕੁਲ ਗਲਤਾਨ ਨਹੀ ਹੋਣਗੇ । ਬਲਕਿ ਸਹੀ ਅਤੇ ਸੱਚ ਉਤੇ ਪਹਿਰਾ ਦਿੰਦੇ ਹੋਏ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਨੰਗਾਂ ਕਰਕੇ ਆਪਣੇ ਮਨੁੱਖਤਾ ਪੱਖੀ ਮੰਜਿਲ ਵੱਲ ਵੱਧਣਗੇ ।
ਸ. ਮਾਨ ਨੇ ਜਿਥੇ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਪੰਜਾਬੀ ਤੇ ਸਿੱਖ ਨੌਜਵਾਨੀ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਘਰਾਂ ਵਿਚ ਨਜਰਬੰਦ ਕਰਨ ਲਈ ਸਖਤ ਤਾੜਨਾ ਕੀਤੀ, ਉਥੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਸੰਜਮ, ਦੂਰਅੰਦੇਸੀ ਅਤੇ ਦ੍ਰਿੜਤਾ ਦੀ ਵਰਤੋ ਕਰਦੇ ਹੋਏ ਹਕੂਮਤੀ ਸਾਜਿਸਾਂ-ਜ਼ਬਰ ਦਾ ਸਬਰ ਨਾਲ ਸਮੂਹਿਕ ਤੌਰ ਤੇ ਮੁਕਾਬਲਾ ਕਰਨ ਅਤੇ ਆਉਣ ਵਾਲੇ ਕੱਲ੍ਹ ਦੋਵੇ ਕੌਮੀ ਪ੍ਰੋਗਰਾਮਾਂ ਭਾਈ ਮੂਸੇਵਾਲਾ ਦੀ ਮਨਾਈ ਜਾ ਰਹੀ ਬਰਸੀ ਅਤੇ ਮੁਕਤਸਰ ਤੋ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਸੁਰੂ ਕੀਤੀ ਜਾਣ ਵਾਲੀ ਖ਼ਾਲਸਾ ਵਹੀਰ ਵਿਚ ਜਮਹੂਰੀਅਤ ਲੀਹਾਂ ਉਤੇ ਵੱਧ ਚੜ੍ਹਕੇ ਸਮੂਲੀਅਤ ਕਰਨ ਅਤੇ ਸਰਕਾਰੀ ਸਾਜਿਸਾਂ ਨੂੰ ਅਸਫਲ ਬਣਾਉਣ ਦੀ ਜੋਰਦਾਰ ਅਪੀਲ ਵੀ ਕੀਤੀ । ਸ. ਮਾਨ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਆਪਣੀਆ ਏਜੰਸੀਆ ਦੀ ਅਤੇ ਗੋਦੀ ਮੀਡੀਆ ਦੀ ਦੁਰਵਰਤੋ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਮੰਦਭਾਵਨਾ ਭਰੇ ਮਨਸੂਬਿਆ ਤੋ ਤੋਬਾ ਕਰਨਗੇ ਅਤੇ ਪੰਜਾਬੀਆ ਤੇ ਸਿੱਖ ਕੌਮ ਨੂੰ ਕਿਸੇ ਵੱਡੇ ਸੰਘਰਸ਼ ਵਿਚ ਧਕੇਲਣ ਤੋ ਗੁਰੇਜ ਕਰਨਗੇ ।