ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਪੰਜਾਬ ਪੁਲਿਸ ਦੀ ਫੜੋਫੜੀ ਵਾਲੀ ਕਾਰਵਾਈ ਨੂੰ ਜਾਗੋ ਪਾਰਟੀ ਨੇ ਗੈਰਜ਼ਰੂਰੀ ਅਤੇ ਗਲਤ ਸਮੇਂ ਦੀ ਕਾਰਵਾਈ ਦਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਕਾਰਵਾਈ ਨੂੰ ਪੰਜਾਬ ਨੂੰ ਬਦਨਾਮ ਕਰਨ ਨਾਲ ਜੋੜਿਆ ਹੈ। ਜੀਕੇ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਹ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੁਝ ਕਾਨੂੰਨ ਵਿਰੋਧੀ ਕੀਤਾ ਸੀ, ਤਾਂ ਉਨ੍ਹਾਂ ਦੀ ਗਿਰਫਤਾਰੀ ਕੱਲ੍ਹ ਸਵੇਰੇ ਉਨ੍ਹਾਂ ਦੇ ਘਰੋਂ ਕਿਉਂ ਨਹੀਂ ਕੀਤੀ ਗਈ ? ਇੱਕ ਬੰਦਾ ਜੋਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਿੱਖੀ ਨਾਲ ਜੋੜ ਰਿਹਾ ਹੈ, ਉਸ ਨੂੰ ਕਾਹਲੀ ‘ਚ ਸਮਾਜ਼ ਵਿਰੋਧੀ ਅਨਸਰ ਸਾਬਿਤ ਪਿੱਛੇ ਕੀ ਮਜਬੂਰੀ ਹੈ? ਇਸੇ ਤਰ੍ਹਾਂ ਦੀ ਗਲਤੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਅੰਦਰ ਫ਼ੌਜ ਵਾੜ ਕੇ ਹਮਲਾ ਕਰਨ ਨੂੰ ਸਿੱਖ ਹੁਣ ਤੱਕ ਨਹੀਂ ਭੁਲੇ ਹਨ। ਇੰਦਰਾਂ ਗਾਂਧੀ ਤੋਂ ਬਾਅਦ ਬੇਅੰਤ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਸਿੱਖ ਨੌਜਵਾਨੀ ਉਤੇ ਅਨ੍ਹਾ ਤਸ਼ੱਦਦ ਕੀਤਾ ਸੀ। ਲੱਗਦਾ ਹੈ ਕਿ ਭਗਵੰਤ ਮਾਨ ਨੇ ਵੀ ਇੰਦਰਾਂ ਗਾਂਧੀ ਤੇ ਬੇਅੰਤ ਸਿੰਘ ਵਾਲੀ ਰਾਹ ਫੜ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅੱਜ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ । ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਆ ਰਹੀ ਖ਼ਬਰ ਬਾਰੇ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਸ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਚਿੱਟੇ ਵਰਗੇ ਨਸ਼ਿਆਂ ਤੋਂ ਜੁਆਨੀ ਨੂੰ ਬਚਾ ਕਿ ਗੁਰੂ ਘਰ ਦੇ ਲੜ ਲਗਾਇਆ ਹੈ ਐਸੇ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਨੌਜਵਾਨੀ ਵਿੱਚ ਰੋਹ ਪੈਦਾ ਕਰੇਗੀ ।ਸ. ਸਰਨਾ ਨੇ ਆਖਿਆ ਕਿ ਇਕ ਪਾਸੇ ਜੇਲ੍ਹਾਂ ਵਿੱਚ ਬੈਠੇ ਖਤਰਨਾਕ ਗੈਂਗਸਟਰ ਹਰ ਰੋਜ਼ ਨੈਸ਼ਨਲ ਚੈਨਲਾਂ ਰਾਹੀਂ ਇੰਟਰਵਿਊਆਂ ਦੇਕੇ ਲਾਅ ਐਂਡ ਆਰਡਰ ਨੂੰ ਅੰਗੂਠਾ ਦਿਖਾ ਰਹੇ ਹਨ , ਦਿਨ ਦਿਹਾੜੇ 6 – 6ਸਾਲ ਦੇ ਬੱਚਿਆਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਇਹਨਾਂ ਅਪਰਾਧਾਂ ਨੂੰ ਨੱਥ ਪਾਉਣ ਦੀ ਬਜਾਏ ਕੇਂਦਰੀ ਪੁਲਿਸ ਬਲਾਂ ਤੇ ਪੰਜਾਬ ਪੁਲਿਸ ਦੇ ਸਾਰੇ ਲਾਮ ਲਸ਼ਕਰ ਨੂੰ ਲੈਕੇ 90,91 ਦੇ ਭਿਆਨਕ ਦ੍ਰਿਸ਼ ਯਾਦ ਕਰਵਾ ਰਹੇ ਹਨ । ਸ ਸਰਨਾ ਨੇ ਆਖਿਆ ਕਿ 21ਵੀ ਸਦੀ ਵਿੱਚ ਪੂਰੇ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਤੇ ਅਣ ਐਲਾਨੀ ਐਮਰਜੈਂਸੀ ਲਗਾਕੇ ਲੋਕਾਂ ਦੇ ਮੋਲਿਕ ਹੱਕਾਂ ਨੂੰ ਕੁਚਲਿਆਂ ਜਾ ਰਿਹਾ ਹੈ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ।