ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮਹਾਂਪੰਚਾਇਤ ਵਿੱਚ 50 ਤੋਂ ਵੱਧ ਬੁਲਾਰਿਆਂ ਨੇ ਖੇਤੀ ’ਤੇ ਕਾਰਪੋਰੇਟ ਕੰਟਰੋਲ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਧਰਨਾ ਜਾਰੀ ਰੱਖਣ ਦਾ ਸੱਦਾ ਦਿੱਤਾ। ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਐਸਕੇਐਮ ਜਲਦੀ ਹੀ ਸੂਬਾਈ ਕਾਨਫਰੰਸਾਂ ਅਤੇ ਯਾਤਰਾਵਾਂ ਦਾ ਆਯੋਜਨ ਕਰੇਗੀ।
ਐਸਕੇਐਮ ਦਾ ਇੱਕ 15 ਮੈਂਬਰੀ ਵਫ਼ਦ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੂੰ ਮਿਲਿਆ ਅਤੇ ਉਹਨਾਂ ਨੂੰ ਦੋ ਮੈਮੋਰੰਡਮ ਸੌਂਪੇ । ਐਸਕੇਐਮ ਅਤੇ ਖੇਤੀਬਾੜੀ ਮੰਤਰੀ ਦਰਮਿਆਨ ਵਿਚਾਰ-ਵਟਾਂਦਰਾ ਹੋਇਆ ਅਤੇ ਸਰਕਾਰ ਕਿਸਾਨਾਂ ਦੇ ਲੰਬਿਤ ਅਤੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਐਸਕੇਐਮ ਨਾਲ ਲਗਾਤਾਰ ਗੱਲਬਾਤ ਕਰਨ ਲਈ ਸਹਿਮਤ ਹੋਈ। ਐਸਕੇਐਮ ਨੇ ਖੇਤੀਬਾੜੀ ਮੰਤਰੀ ਨੂੰ ਸੂਚਿਤ ਕੀਤਾ ਕਿ ਜੇਕਰ ਮੰਗਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਨਾ ਕੀਤਾ ਗਿਆ ਤਾਂ ਐਸਕੇਐਮ ਵੱਲੋਂ ਹੋਰ ਧਰਨੇ ਅਤੇ ਅੰਦੋਲਨ ਕਰਨ ਦਾ ਐਲਾਨ ਕੀਤਾ ਜਾਵੇਗਾ।