ਨਵੀਂ ਦਿੱਲੀ, (ਦੀਪਕ ਗਰਗ) – ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੋਸਟਰ ਲਗਾਉਣ ਦੇ ਦੋਸ਼ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਹੋਏ ਹਨ। ਸਪੈਸ਼ਲ ਸੀਪੀ ਦੀਪੇਂਦਰ ਪਾਠਕ ਅਨੁਸਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਨਿਕਲਦੇ ਹੀ ਇੱਕ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਗਈ। ਵੈਨ ਵਿਚੋਂ ਕੁਝ ਪੋਸਟਰ ਜ਼ਬਤ ਕੀਤੇ ਗਏ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ।
ਇਲਜ਼ਾਮ ਹੈ ਕਿ ਉਨ੍ਹਾਂ ਨੇ ਪੂਰੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਪੋਸਟਰ ਲਗਾਏ ਹਨ। ਪੋਸਟਰ ਵਿੱਚ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ। ਇਸ ਕਾਰਨ 100 ਤੋਂ ਵੱਧ ਐਫ.ਆਈ.ਆਰ. ਦੋਸ਼ਾਂ ਮੁਤਾਬਕ ਕੁਝ ਪੋਸਟਰਾਂ ‘ਤੇ ”ਮੋਦੀ ਹਟਾਓ ਦੇਸ਼ ਬਚਾਓ” ਲਿਖਿਆ ਹੋਇਆ ਸੀ।
ਪੋਸਟਰ ‘ਤੇ ਪ੍ਰਿੰਟਿੰਗ ਪ੍ਰੈਸ ਅਤੇ ਪ੍ਰਕਾਸ਼ਕ ਦਾ ਨਾਮ ਨਹੀਂ ਸੀ
ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਪੋਸਟਰ ਲਗਾਉਣ ਦੇ ਸਬੰਧ ਵਿੱਚ 100 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਇਸ ਮਾਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵੱਲੋਂ ਲਾਏ ਗਏ ਪੋਸਟਰਾਂ ’ਤੇ ਪ੍ਰਿੰਟਿੰਗ ਪ੍ਰੈਸ ਅਤੇ ਪ੍ਰਕਾਸ਼ਕ ਦਾ ਨਾਂ ਨਹੀਂ ਛਾਪਿਆ ਗਿਆ। ਨਿਯਮ ਮੁਤਾਬਕ ਪੋਸਟਰ ‘ਤੇ ਪ੍ਰਿੰਟਿੰਗ ਪ੍ਰੈੱਸ ਅਤੇ ਪ੍ਰਕਾਸ਼ਕ ਦਾ ਨਾਂ ਹੋਣਾ ਚਾਹੀਦਾ ਹੈ। ਇਕ ਤੋਂ ਬਾਅਦ ਇਕ ਕਈ ਪੋਸਟਰ ਲਗਾਏ ਜਾਣ ਦੀ ਸੂਚਨਾ ਮਿਲਣ ‘ਤੇ ਦਿੱਲੀ ਪੁਲਸ ਹਰਕਤ ‘ਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਿੰਟਿੰਗ ਪ੍ਰੈਸ ਐਕਟ ਅਤੇ ਜਾਇਦਾਦ ਦੀ ਦੁਰਵਰਤੋਂ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸਨ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ। ਸੂਤਰਾਂ ਮੁਤਾਬਕ ਪੁੱਛਗਿੱਛ ‘ਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।