ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਸਰਕਾਰ ਵਲੋਂ ਅਰੰਭੇ ਗਏ ਧੱਕੜ ਅਤੇ ਜ਼ਾਲਮਾਨਾ ਰਵੱਈਏ ਨੇ ਫੇਰ ਸਾਬਤ ਕਰ ਦਿੱਤਾ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਉਹਨਾਂ ਨੂੰ ਆਪਣੇ ਧਰਮ ਪ੍ਰਚਾਰ ਕਰਨ ਦੀ ਵੀ ਅਜਾਦੀ ਨਹੀਂ ਹੈ । ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜਸ਼ਨਜ਼ ਯੂ,ਕੇ ਅਤੇ ਸਿੱਖ ਨੌਜਵਾਨਾਂ ਦੀਆਂ ਜਥੇਬੰਦੀਆ ਵਲੋਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਜਬਰਦਸਤ ਰੋਸ ਅਤੇ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਇਸ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਹਰਦੀਸ਼ ਸਿੰਘ, ਭਾਈ ਦਵਿੰਦਰਜੀਤ ਸਿੰਘ, ਭਾਈ ਦੁਪਿੰਦਰਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਦੀਪਾ ਸਿੰਘ, ਭਾਈ ਅਵਤਾਰ ਸਿੰਘ ਖੰਡਾ, ਭਾਈ ਜਸ ਸਿੰਘ ਡਰਬੀ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਹਰਦੀਸ਼ ਸਿੰਘ ਵੁਲਵਰਹੈਪਟਨ ਸਮੇਤ ਅਨੇਕਾਂ ਸਿੱਖ ਆਗੂਆਂ ਖਾਸਕਰ ਸਿੱਖ ਨੌਜਵਾਨਾਂ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਅਕਾਸ਼ ਗੁੰਜਾਊ ਨਾਹਰੇ ਲਗਾਏ ਗਏ ਅਤੇ ਆਜ਼ਾਦ ਸਿੱਖ ਰਾਜ ਦਾ ਸੰਘਰਸ਼ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਭਾਰਤ ਦੀ ਅੰਬੈਸੀ ਦੀ ਆਖਰੀ ਛੱਤ ਤੋਂ ਮੁਜਾਹਰਾ ਕਰ ਰਹੇ ਸਿੱਖਾਂ ਤੇ ਜਦੋ ਕਾਲਾ ਰੰਗ ਸੁਟਿਆ ਤਾਂ ਉਨ੍ਹਾਂ ਦੀ ਪੁਲਿਸ ਨਾਲ ਹੱਥੋਪਾਈ ਅਰੰਭ ਹੋ ਗਈ। ਪੁਲਿਸ ਵਲੋਂ ਬਣਾਈਆ ਗਈਆਂ ਮਾਨਵੀ ਕੰਧਾਂ ਅਤੇ ਬੈਰੀਅਰ ਨੂੰ ਤੋੜ ਕੇ ਅੰਬੈਸੀ ਵਲ ਜਾਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਪੁਲਿਸ ਵਾਲੇ ਜੋ ਕਿ ਖੁਦ ਕਾਲੇ ਰੰਗ ਨਾਲ ਪ੍ਰਭਾਵਿਤ ਹੋ ਚੁਕੇ ਸਨ, ਜਦੋਂ ਉਹਨਾਂ ਤਮਾਸ਼ਬਿਨਾ ਨੂੰ ਵਰਜਿਆ ਤਾਂ ਮਹੌਲ ਥੋੜਾ ਠੰਡਾ ਹੋਇਆ । ਇਸ ਰੋਸ ਅਤੇ ਰੋਹ ਭਰਪੂਰ ਮੁਜਾਹਰੇ ਵਿੱਚ ਸਿੱਖ ਸੰਗਤਾਂ ਨੂੰ ਵੱਧ ਚੜ ਕੇ ਸ਼ਮੂਲੀਅਤ ਕਰਨ ਲਈ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੋਂ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਸੀ ।
ਬੁਲਾਰਿਆਂ ਵਲੋਂ ਕਿਹਾ ਗਿਆ ਕਿ ਸਮੁੱਚਾ ਸਿੱਖ ਜਗਤ ਮਹਿਸੂਸ ਕਰ ਰਿਹਾ ਹੈ ਕਿ ਜਦ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕੋਈ ਗ੍ਰਿਫਤਾਰੀ ਵਰੰਟ ਜਾਰੀ ਨਹੀਂ ਸਨ ,ਉਸ ਨੂੰ ਭਗੌੜਾ ਨਹੀਂ ਸੀ ਐਲਾਨਿਆ ਗਿਆ, ਵਾਰਿਸ ਪੰਜਾਬ ਜਥੇਬੰਦੀ ਉੱਪਰ ਕੋਈ ਸਰਕਾਰ ਵਲੋਂ ਬੈਨ ਨਹੀਂ ਸੀ ਤਾਂ ਪੁਲਿਸ ਵਲੋਂ ਹਮਲਾਵਰ ਰੁੱਖ ਅਪਣਾਕੇ ਵੱਡੀ ਪੱਧਰ ਤੇ ਦਹਿਸ਼ਤ ਦਾ ਮਹੌਲ ਕਿਉਂ ਸਿਰਜਿਆ ਗਿਆ । ਸਮਝਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੌਰਾਨ ਸਿੱਖ ਕੌਮ ਤੇ ਜੁਲਮ ਦੇ ਨਵੇਂ ਦੌਰ ਦਾ ੲਜੰਡਾ ਤਿਆਰ ਕੀਤਾ ਗਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਜਾਂ ਕਿਸੇ ਵੀ ਸਿੱਖ ਨੌਜਵਾਨ ਦਾ ਕੋਈ ਨੁਕਸਾਨ ਹੁੰਦਾ ਤਾਂ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਸਮਝਿਆ ਜਾ ਰਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਪ੍ਰਚੰਡ ਹੋ ਰਹੀ ਲਹਿਰ, ਸਿੱਖ ਨੌਜਵਾਨਾਂ ਵਲੋਂ ਮਾਰੂ ਨਸਿ਼ਆਂ ਦਾ ਤਿਆਗ ਕਰਕੇ ਸਿੱਖੀ ਧਾਰਨ ਕਰਨ ਦਾ ਰੁਝਾਨ ਸਿੱਖ ਵਿਰੋਧੀ ਲਾਬੀ ਅਤੇ ਸਿੱਖ ਦੁਸ਼ਮਣ ਦੇ ਫੀਲਿਆਂ ਨੂੰ ਚੰਗਾ ਨਹੀਂ ਲੱਗ ਰਿਹਾ । ਇਸ ਪ੍ਰਚਾਰ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ । ਜਦਕਿ ਸਰਕਾਰ ਵਲੋਂ ਹਿੰਦੂ, ਹਿੰਦੀ, ਹਿੰਦੋਸਤਾਨ ਦਾ ਫਿਰਕੂ ਨਾਹਰਾ ਲਗਾਉਣ ਵਾਲੇ ਹਿੰਦੂ ਰਾਸ਼ਟਰ ਦੇ ਮੁੱਦਈ ਵਿਆਕਤੀਆਂ ਅਤੇ ਹਿੰਦੂਤਵੀ ਜਥੇਬੰਦੀਆਂ ਤੇ ਫਿਰਕੂ ਜਹਿਰ ਉਗਲਣ ਬਦਲੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਬਲਕਿ ਉਹਨਾਂ ਦੀ ਸਰਕਾਰ ਪੁਸ਼ਤ ਪਨਾਹੀ ਕਰ ਰਹੀ ਹੈ। ਦੂਜੇ ਪਾਸੇ ਜੇ ਸਿੱਖ ਕੌਮੀ ਅਜਾਦੀ ਦੀ ਗੱਲ ਕਰਨ, ਸਿੱਖੀ ਦੇ ਪ੍ਰਚਾਰ ਲਈ ਯਤਨ ਕਰਨ ਤਾਂ ਉਹਨਾਂ ਤੇ ਅੱਤਿਅਚਾਰ ਕਰਨ ਲਈ ਸਰਕਾਰੀਤੰਤਰ ਪੱਬਾਂ ਭਾਰ ਰਹਿੰਦਾ ਹੈ ਉਥੇ ਸਰਕਾਰ ਦਾ ਗੋਦੀ ਮੀਡੀਆ ਪੀਲੀ ਪੱਰਤਕਾਰੀ ਕਰਦਾ ਹੋਇਆ ਹਮੇਸ਼ਾਂ ਸਿੱਖਾਂ ਖਿਲਾਫ ਭੁਗਤਦਾ ਹੈ । ਸਿੱਖ ਜਥੇਬੰਦੀਆਂ ਵਲੋਂ ਅਹਿਦ ਦੁਹਰਾਇਆ ਗਿਆ ਕਿ ਭਾਰਤ ਸਰਕਾਰ ਦੇ ਕਿਸੇ ਵੀ ਜ਼ੁਲਮ ਅੱਗੇ ਸਿੱਖ ਕੌਮ ਕਦੇ ਵੀ ਨਹੀਂ ਝੁਕੇਗੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਨੂੰ ਜਾਰੀ ਰੱਖੇਗੀ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਅਤੇ ਸਿੱਖ ਨੌਜਵਾਨ ਜਥੇਬੰਦੀਆਂ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਾਰਤੀ ਅੰਬੈਸੀ ਦੀ ਕੋਝੀ ਕਰਤੂਤ ਦੀ ਸਖਤ ਨਿਖੇਧੀ ਕੀਤੀ ਗਈ ਉੱਥੇ ਜਲਦੀ ਹੀ ਨਵਾਂ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ ਗਿਆ।