ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ (ਬੀ ਈ ਐੱਮ) ਬੀਤੇ ਦਿਨੀਂ ਆਪਣੇ ਪੰਜਾਬ ਦੌਰੇ ਤੋਂ ਵਾਪਸ ਪਰਤੇ ਹਨ। ਇਸ ਦੌਰੇ ਦੌਰਾਨ ਪਿੰਗਲਵਾੜਾ ਸੰਸਥਾ ਵਿਖੇ ਪਹੁੰਚ ਕੇ ਡਾ: ਇੰਦਰਜੀਤ ਕੌਰ ਜੀ ਦੇ ਨਾਲ ਵਿਸ਼ੇਸ਼ ਮਿਲਣੀ ਕਰਨ ਦੇ ਨਾਲ ਨਾਲ ਪੰਜਾਬ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ। ਇਸ ਦੌਰੇ ਦਾ ਸਭ ਤੋਂ ਅਹਿਮ ਪਹਿਲੂ ਇਹ ਰਿਹਾ ਕਿ ਜਗਰਾਜ ਸਿੰਘ ਸਰਾਂ ਨੂੰ ਉਸ ਕਾਲਜ ਵੱਲੋਂ ਵਿਸ਼ੇਸ਼ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ ਜਿੱਥੋਂ ਉਹਨਾਂ ਨੇ ਵਿੱਦਿਆ ਗ੍ਰਹਿਣ ਕੀਤੀ ਸੀ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਉਹਨਾਂ ਖੁਸ਼ਨੁਮਾ ਲਹਿਜੇ ਵਿੱਚ ਦੱਸਿਆ ਕਿ ਲੁਧਿਆਣਾ ਦੇ ਐੱਸ ਸੀ ਡੀ ਸਰਕਾਰੀ ਕਾਲਜ ਵੱਲੋਂ ਇੱਕ ਵਿਸ਼ਾਲ ਸਨਮਾਨ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ: ਡਾ: ਤਨਵੀਰ ਸਿੰਘ ਸਚਦੇਵ, ਪ੍ਰੋ: ਗਿਤਾਂਜਲੀ ਪਬਰੇਜਾ ਦੀ ਅਗਵਾਈ ਵਿੱਚ ਉਹਨਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਬਦਲੇ ਸਨਮਾਨ ਦਿੱਤਾ ਗਿਆ। ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਵਿੱਚ ਮਿਲੇ ਸਨਮਾਨ ਉਪਰੰਤ ਜਗਰਾਜ ਸਿੰਘ ਸਰਾਂ ਨੇ ਆਪਣੇ ਸੰਬੋਧਨ ਦੌਰਾਨ ਇਸ ਵਡਮੁੱਲੇ ਸਨਮਾਨ ਲਈ ਧੰਨਵਾਦ ਕੀਤਾ। ਜਗਰਾਜ ਸਿੰਘ ਸਰਾਂ ਨੇ ਕਾਲਜ ਵਿੱਚ ਪੜ੍ਹਾਈ ਦੌਰਾਨ ਮਨ ਵਿੱਚ ਵਸਾਈਆਂ ਯਾਦਾਂ ਅਤੇ ਅਨੁਭਵਾਂ ਦੀ ਸਾਂਝ ਪਾਈ। ਇਸਦੇ ਨਾਲ ਹੀ ਉਹਨਾਂ ਭਗਤ ਪੂਰਨ ਸਿੰਘ ਜੀ ਦੀਆਂ ਮਾਨਵਤਾ ਪ੍ਰਤੀ ਨਿਭਾਈਆਂ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਜਿੱਥੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਦਾ ਸੁਨੇਹਾ ਦਿੱਤਾ ਉੱਥੇ ਵਾਤਾਵਰਨ ਸੁਰੱਖਿਆ ਪ੍ਰਤੀ ਵੀ ਸੁਹਿਰਦ ਹੋਣ ਦੀ ਬੇਨਤੀ ਕੀਤੀ। ਇਸ ਸਮੇਂ ਕਾਲਜ ਕਮੇਟੀ ਵੱਲੋਂ ਉਹਨਾਂ ਨੂੰ ਇੱਕ ਸ਼ਾਨਦਾਰ ਯਾਦਗਾਰੀ ਚਿੰਨ੍ਹ, ਕਾਲਜ ਮੈਗਜ਼ੀਨ ਅਤੇ ਇੱਕ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ।
ਯੂਕੇ: ਜਗਰਾਜ ਸਿੰਘ ਸਰਾਂ (ਬੀ ਈ ਐੱਮ) ਦਾ ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ
This entry was posted in ਪੰਜਾਬ.