ਦਿਲਪ੍ਰੀਤ ਦੇ ਸਾਥੀ ਉਸ ਨੂੰ ਪੁਲੀਸ ਕੋਲੋ ਛੁਡਵਾ ਕੇ ਸ਼ਿਮਲੇ ਦੀਆਂ ਪਹਾੜੀਆਂ ਵੱਲ ਲੈ ਗਏ ਸਨ। ਪਹਾੜੀ ਵਿਚਲੀ ਪੁਰਾਣੀ ਸਰਾਂ ਦੇ ਇਕ ਕਮਰੇ ਵਿਚ ਮੀਟੰਗ ਰੱਖੀ ਗਈ। ਦਿਲਪ੍ਰੀਤ ਦੇ ਬਹੁਤੇ ਸਾਥੀਆਂ ਦਾ ਤਾਂ ਪੁਲੀਸ ਮੁਕਬਾਲਾ ਬਣਾ ਦਿੱਤਾ ਗਿਆ ਸੀ। ਕੁਝ ਕੁ ਸਰਕਾਰ ਕੋਲ ਵਿਕ ਚੁੱਕੇ ਸਨ। ਲਹਿਰ ਨੂੰ ਜਾਰੀ ਰੱਖਣ ਦਾ ਜੋ ਯਤਨ ਕਰ ਰਹੇ ਸਨ, ਉਹ ਬਹੁਤ ਹੀ ਥੌੜੇ੍ਹ ਸਨ। ਆਮ ਲੋਕਾਂ ਦੀ ਹਮਦਰਦੀ ਵੀ ਖਾੜਕੂਆਂ ਨਾਲ ਪਹਿਲਾਂ ਨਾਲੋ ਘੱਟ ਗਈ ਸੀ। ਪੁਲੀਸ ਅਤੇ ਸਰਕਾਰ ਨੇ ਰੱਲ ਕੇ ਉਹਨਾਂ ਦਾ ਅਕਸ ਵਿਗਾੜਨ ਵਿਚ ਕੋਈ ਕਸਰ ਨਹੀ ਸੀ ਛੱਡੀ। ਆਮ ਚੋਰ- ਡਾਕੂ ਖਾੜਕੂਆਂ ਦੇ ਨਾਵਾਂ ਤੇ ਠੱਗੀਆਂ ਮਾਰਨ ਲੱਗ ਪਏ ਸਨ। ਕਈ ਲੋਕ ਤਾਂ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਕੱਢਣ ਲਈ ਬੰਦੇ ਮਾਰ ਕੇ ਖਾੜਕੂਆਂ ਦਾ ਨਾਮ ਲਗਾ ਦਿੰਦੇ ਸਨ। ਇਹ ਸਾਰੀਆਂ ਗੱਲਾਂ ਅੱਜ ਦੀ ਮੀਟੰਗ ਦਾ ਮੁੱਦਾ ਸਨ। ਇਸ ਮੀਟੰਗ ਵਿਚ ਚੰਡੀਗੜ੍ਹ ਵਾਲਾ ਸ਼ਰਮਾ ਵੀ ਪੁੰਹਚ ਰਿਹਾ ਸੀ। ਸ਼ਰਮਾ ਭਾਵੇਂ ਖਾੜਕੂ ਤਾਂ ਨਹੀ ਸੀ, ਪਰ ਆਪਣੇ ਖਾੜਕੂ ਦੌਸਤਾਂ ਦੀ ਪੂਰੀ ਸਹਾਇਤਾ ਕਰਦਾ ਸੀ। ਵੈਸੇ ਵੀ ਉਸ ਦੇ ਦਿਲ ਵਿਚ ਪੰਜਾਬ ਲਈ ਬਹੁਤ ਮੋਹ ਸੀ।
ਦਰਅਸਲ ਇਹ ਮੀਟੰਗ ਸਿਰਫ ਚਾਰ ਬੰਦਿਆ ਦੀ ਸੀ। ਦਿਲਪ੍ਰੀਤ ਦਾ ਸਾਥੀ ਕਾਕਾ ਦਾਰਾਪੁਰੀਆ ਤੇ ਸ਼ਰਮਾ ਪੁੰਹਚ ਚੁੱਕੇ ਸਨ। ਜੱਥੇਬੰਦੀ ਦਾ ਕਮਾਂਡਰ ਮਨਜੰਟ ਸਿੰਘ ਦੀ ਉਡੀਕ ਹੋ ਰਹੀ ਸੀ। ਕਾਕੇ ਨੇ ਕਮਰੇ ਦੀ ਖਿੜਕੀ ਵਿਚੋਂ ਦੇਖਿਆ ਤਾਂ ਪਹਾੜੀ ਦੀ ਪੂਰੀ ਢਲਾਣ ਬਰਫ ਨਾਲ ਢੱਕੀ ਪਈ ਸੀ।
“ਭਾਅ ਜੀ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ।” ਕਾਕੇ ਨੇ ਸੜਕ ਵੱਲ ਨਜ਼ਰ ਮਾਰਦੇ ਆਖਿਆ, “ਕੋਈ ਹੋਰ ਹੀ ਨਾ ਪੰਗਾ ਪੈ ਗਿਆ ਹੋਵੇ।”
“ਸਰਾਂ ਨੂੰ ਸਿਧਾ ਆਉਂਦਾ ਰਸਤਾ ਤਾਂ ਬਰਫ ਕਰਕੇ ਰਾਤ ਦਾ ਬੰਦ ਕਰ ਦਿੱਤਾ ਗਿਆ ਹੈ।” ਦਿਲਪ੍ਰੀਤ ਨੇ ਕਿਹਾ, “ਸਰਾਂ ਦੇ ਚੌਕੀਦਾਰ ਨੇ ਸਵੇਰੇ ਮੈਨੂੰ ਦੱਸਿਆ।”
“ਆਪਾਂ ਰਾਤ ਹੀ ਆ ਗਏ ਕਰਕੇ ਬਚ ਗਏ।” ਸ਼ਰਮੇ ਨੇ ਕਿਹਾ, “ਨਹੀ ਅੱਜ ਆਉਣਾ ਤਾਂ ਬਹੁਤ ਮੁਸ਼ਕਲ ਸੀ।
“ਤੁਸੀਂ ਰਾਤ ਹੀ ਆ ਗਏ ਸੀ।” ਦਿਲਪ੍ਰੀਤ ਨੇ ਪੁੱਛਿਆ, “ਰਾਤੀਂ ਠਹਿਰੇ ਕਿੱਥੇ ਸੀ”?
“ਇਸ ਸ਼ਹਿਰ ਦੇ ਨਵੇ ਬਣੇ ਹੋਟਲ ਵਿਚ।” ਸ਼ਰਮੇ ਨੇ ਦੱਸਆ, “ਉਹ ਹੋਟਲ ਇਸ ਜਗਹ ਦੇ ਲਾਗੇ ਹੀ ਹੈ।”
“ਤਹਾਨੂੰ ਮੇਰੇ ਕਮਰੇ ਵਿਚ ਆਉਣ ਤੋਂ ਕਿਸੇ ਨੇ ਰੋਕਿਆ ਤਾਂ ਨਹੀ।” ਦਿਲਪ੍ਰੀਤ ਨੇ ਪੁੱਛਿਆ, “ਵੈਸੇ ਚੌਕੀਦਾਰ ਨੂੰ ਮੈਂ ਦਸਿਆ ਸੀ ਕਿ ਸ਼ਾਇਦ ਅੱਜ ਕੋਈ ਮੈਨੂੰ ਮਿਲਣ ਆਵੇ।”
“ਬਰਫਵਾਰੀ ਕਰਕੇ ਬਾਹਰ ਤਾਂ ਬਹੁਤ ਸੁੰਨ ਆ।” ਕਾਕੇ ਨੇ ਦੱਸਿਆ, “ਰਸਤੇ ਵਿਚ ਵੀ ਸਾਨੂੰ ਕੋਈ ਨਹੀ ਮਿਲਿਆ।”
“ਚੌਕੀਦਾਰ ਨੂੰ ਅਸੀ ਤੇਰਾ ਨਵਾਂ ਬਦਲਿਆ ਨਾਮ ਹੀ ਦੱਸਿਆ।” ਸ਼ਰਮੇ ਨੇ ਕਿਹਾ, “ਉਹ ਤਾਂ ਠੰਡ ਨਾਲ ਉਦਾਂ ਹੀ ਇਕੱਠਾ ਹੋਇਆ ਪ☬ਆ ਸੀ, ਉਸਨੇ ਹੱਥ ਨਾਲ ਇਸ਼ਾਰਾ ਕਰਕੇ ਤੇਰਾ ਕਮਰਾ ਦੱਸ ਦਿੱਤਾ।”
ਉਦੋਂ ਹੀ ਮਨਜੰਟ ਸਿੰਘ ਮੂੰਹ ਅਤੇ ਗੱਲ ਦੁਆਲੇ ਮਫਲਰ ਲਪੇਟੀ ਕਮਰੇ ਅੰਦਰ ਦਾਖਲ ਹੋਇਆ। ਉਸ ਦੇ ਹੱਥਾ ਤੇ ਮੋਟੇ ਊਨੀ ਦਸਤਾਨੇ ਸਨ। ਉਸ ਦੇ ਸੁਆਗਤ ਵਿਚ ਸ਼ਰਮਾ ਅਤੇ ਦਿਲਪ੍ਰੀਤ ਉੱਠ ਕੇ ਖੜੇ ਹੋ ਗਏ। ਸਾਂਝੀ ਫਤਹਿ ਦੀ ਅਵਾਜ਼ ਸਾਰੇ ਕਮਰੇ ਵਿਚ ਗੂੰਜੀ।
“ਪਹਿਲਾਂ ਚਾਹ ਦਾ ਇਕ ਇਕ ਕੱਪ ਹੋ ਜਾਏ।” ਮਨਜੰਟ ਸਿੰਘ ਨੇ ਸਿੱਧਾ ਹੀ ਕਿਹਾ, “ਫਿਰ ਵਿਚਾਰ-ਵਟਾਂਦਰਾਂ ਸ਼ੁਰੂ ਕਰਦੇ ਹਾਂ।”
ਦਿਲਪ੍ਰੀਤ ਆਪਣੇ ਆਲੇ-ਦਆਲੇ ਕਾਲੀ ਲੋਈ ਲਪੇਟੀ ਸਰਾਂ ਦੀ ਰਸੋਈ ਵੱਲ ਚਲਾ ਗਿਆ।
“ਇਸ ਇਲਾਕੇ ਵਿਚ ਤਾਂ ਬੜੀ ਸੁੰਨ-ਸਾਨ ਹੈ।” ਮਨਜੰਟ ਸਿੰਘ ਨੇ ਕਿਹਾ, “ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਪਹੁੰਚ ਹੀ ਨਹੀ ਸਕਣਾ, ਪਰ ਕਲਗੀਆਂ ਵਾਲੇ ਨੇ ਢੋਅ ਬਣਾ ਹੀ ਦਿੱਤੀ।”
“ਬਰਫਬਾਰੀ ਵਿਚ ਇਹ ਇਲਾਕਾ ਇਸ ਤਰ੍ਹਾਂ ਹੀ ਰਹਿੰਦਾ ਆ।” ਸ਼ਰਮੇ ਨੇ ਦੱਸਿਆ, “ਇਸ ਕਰਕੇ ਹੀ ਇਹ ਥਾਂ ਮੀਟੰਗ ਲਈ ਚੁਣੀ ਸੀ।”
“ਭਾਅ ਜੀ, ਤਹਾਨੂੰ ਨਹੀ ਲੱਗਦਾ, ਇਸ ਟਾਈਮ ਲਹਿਰ ਬਹੁਤ ਹੀ ਕਠਨਾਈਆਂ ਵਿਚੋਂ ਗੁਜ਼ਰ ਰਹੀ ਹੈ।” ਕਾਕੇ ਨੇ ਕਿਹਾ, “ਲਹਿਰ ਦੇ ਕਈ ਮੋਹਰੀਆਂ ਨੇ ਵੀ ਆਪਣੀਆਂ ਨੀਤਾਂ ਬਦਲ ਲਈਆਂ ਨੇ।”
“ਬਦਲ ਤਾਂ ਬਹੁਤ ਕੁਝ ਗਿਆ।” ਮਨਜੰਟ ਸਿੰਘ ਨੇ ਕਿਹਾ, “ਪਰ ਜਿਹਨਾਂ ਨੇ ਦਿਲੋਂ ਹੱਕਾਂ ਲਈ ਲੜਨਾ ਸ਼ੁਰੂ ਕੀਤਾ ਸੀ ਉਹ ਤੇ ਅਜੇ ਵੀ ਆਪਣੇ ਸਟੈਂਡ ਤੇ ਹਨ।”
“ਭਾਅ ਜੀ, ਬਹੁਤ ਥੌੜੇ ਰਹਿ ਗਏ ਨੇ ਉਹ।” ਕਾਕੇ ਨੇ ਕਿਹਾ, “ਮੇਰਾ ਤਾਂ ਇਹ ਹੀ ਸੁਝਾਅ ਕਿ ਆਪਣੀਆਂ ਸਰਗਰਮੀਆਂ ਨੂੰ ਥੌੜ੍ਹੀ ਦੇਰ ਲਈ ਬੰਦ ਕਰ ਦਈਏ।”
“ਸਲਾਹ ਮੇਰੀ ਵੀ ਇਹੋ ਹੀ ਹੈ।” ਸ਼ਰਮੇ ਨੇ ਕਿਹਾ, “ਇਸ ਵੇਲੇ ਤਹਾਨੂੰ ਸਾਰਿਆਂ ਨੂੰ ਅੰਡਰਗਰਾਂਊਡ ਹੋ ਜਾਣਾ ਚਾਹੀਦਾ ਹੈ।”
“ਸਰਗਰਮੀਆਂ ਜਾਰੀ ਰੱਖੀਏ ਜਾਂ ਬੰਦ ਕਰ ਦਈਏ ਪੁਲੀਸ ਨੇ ਮੁੰਡੇ ਮਾਰਨੇ ਬੰਦ ਨਹੀ ਕਰਨੇ, ਅੱਜ-ਕੱਲ ਤਾਂ ਨਾਮ ਨਾਲ ਸਿੰਘ ਲੱਗਾ ਦੇਖ ਕੇ ਹੀ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ।” ਮਨਜੰਟ ਸਿੰਘ ਨੇ ਕਿਹਾ, “ਰੂਪੋਸ਼ ਹੋਣ ਦਾ ਵਿਚਾਰ ਵੀ ਠੀਕ ਹੈ।”
“ਦਿਲਪ੍ਰੀਤ ਦੇ ਮਗਰ ਤਾਂ ਸਰਕਾਰ ਅਤੇ ਪੁਲੀਸ ਬਹੁਤ ਹੀ ਪਈ ਹੋਈ ਹੈ।” ਕਾਕੇ ਨੇ ਕਿਹਾ, “ਸਭ ਤੋਂ ਪਹਿਲਾਂ ਇਸ ਨੂੰ ਅੰਡਰਗਰਾਂਊਂਡ ਕੀਤਾ ਜਾਵੇ।”
“ਮੇਰੇ ਕੋਲ ਇਸ ਦਾ ਹੱਲ ਹੈ।” ਸ਼ਰਮੇ ਨੇ ਦਿਲਪ੍ਰੀਤ ਦੇ ਬਿਸਤਰੇ ਦਾ ਕੰਬਲ ਆਪਣੀਆਂ ਲੱਤਾਂ ਉੱਪਰ ਖਿੱਚਦੇ ਕਿਹਾ, “ਮੇਰੇ ਭਰਾ ਕੋਲ ਵੱਡੀ ਪੱਧਰ ਤੇ ਕੱਪੜੇ ਦਾ ਬਿਜ਼ਨਸ ਹੈ ਬਾਹਰਲੇ ਮੁਲਕ ਵਿਚ ਮੈਂ ਇਸ ਨੂੰ ਉਸ ਕੋਲ ਭਿਜਵਾ ਸਕਦਾਂ ਹਾਂ।”
“ਜੇ ਤੂੰ ਇਸ ਤਰ੍ਹਾਂ ਕਰ ਸਕਦਾ ਹੈ ਤੇ ਅੱਜ ਤੋਂ ਹੀ ਇਸ ਸਕੀਮ ਤੇ ਕੰੰਮ ਸ਼ੁਰੂ ਕਰ ਦੇ।” ਮਨਜੰਟ ਸਿੰਘ ਨੇ ਕਿਹਾ, “ਵੈਸੇ ਵੀ ਇਹ ਗ੍ਰਹਿਸਥੀ ਦੇ ਜੀਵਨ ਵਿਚ ਪੈ ਚੁੱਕਾ ਹੈ, ਇਸ ਨੂੰ ਬਾਹਰ ਕੱਢ ਹੀ ਦੇਣਾ ਚਾਹੀਦਾ ਹੈ।”
“ਇਸ ਗਲੋਂ ਆਪਾਂ ਠੀਕ- ਠਾਕ ਹਾਂ।” ਕਾਕੇ ਨੇ ਮੁਸਕ੍ਰਾ ਕੇ ਕਿਹਾ, “ਅੱਗੇ ਨਾ ਪਿੱਛੇ ਨਾ ਕੋਈ ਰੋਣਵਾਲਾ ਨਾ ਰੋਣੇਵਾਲੀ।”
“ਪਰ ਦਿਲਪ੍ਰੀਤ ਇਸ ਗੱਲ ਲਈ ਮੰਨ ਜਾਵੇਗਾ।” ਸ਼ਰਮੇ ਨੇ ਆਪਣੀ ਸ਼ੰਕਾ ਦੱਸੀ, “ਉਹ ਤਾਂ ਲਹਿਰ ਲਈ ਸ਼ਹੀਦ ਹੋਣ ਲਈ ਮੰਨ ਬਣਾਈ ਬੈਠਾ ਹੈ।”
“ਆਪਾਂ ਨੂੰ ਹੀ ਦਿਲਪ੍ਰੀਤ ਨੂੰ ਮਨਾਉਣਾ ਪੈਣਾ ਹੈ।” ਮਨਜੰਟ ਸਿੰਘ ਨੇ ਕਿਹਾ, “ਸਿਆਣੇ ਕਹਿੰਦੇ ਨਹੀ ਹੁੰਦੇ ਕਿ ਪੂਰਾ ਜਾਂਦਾ ਦੇਖੀਏ ਤੇ ਅੱਧਾ ਦਈਏ ਲੁਟਾ।”
ਕਾਕੇ ਨੇ ਕਿਹਾ, “ਦਿਲਪ੍ਰੀਤ ਨੂੰ ਤਾਂ ਮੈਂ ਮਨਾ ਲਊਗਾ।”
“ਕਿਸ ਗੱਲ ਲਈ ਦਿਲਪ੍ਰੀਤ ਨੂੰ ਮਨਾ ਰਹੇ ਹੋ”? ਚਾਹ ਵਾਲੀ ਸਿਲਵਰ ਦੀ ਕੇਤਲੀ ਤੇ ਚਾਰ ਕੱਪ ਚੁੱਕੇ ਆਉਂਦੇ ਦਿਲਪ੍ਰੀਤ ਨੇ ਕਿਹਾ, “ਲੱਗਦਾ ਹੈ ਮੇਰੇ ਤੋਂ ਬਗ਼ੈਰ ਮੀਟੰਗ ਵਿਚ ਮਤਾ ਪਾਸ ਵੀ ਹੋ ਗਿਆ।”
ਸਾਰਿਆਂ ਨੇ ਦਿਲਪ੍ਰੀਤ ਨੂੰ ਆਪਣਾ ਮਸ਼ਵਰਾ ਦੱਸਿਆ ਅਤੇ ਨਾਲ ਸਮਝਾਇਆ ਵੀ। ਬਾਕੀ ਗੱਲਾਂ ਨਾਲ ਤਾਂ ਦਿਲਪ੍ਰੀਤ ਸਹਿਮਤ ਹੋ ਗਿਆ ਸੀ, ਪਰ ਇਕ ਗੱਲ ਲਈ ਅੜੀ ਬੈਠਾ ਸੀ।
“ਮੈ ਕਲੀਨਸ਼ੇਵ ਨਹੀ ਹੋਣਾ।” ਉਸ ਨੇ ਮਿੰਨਤ ਕਰਨ ਦੇ ਅੰਦਾਜ਼ ਵਿਚ ਆਖਿਆ, “ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਮਨਜ਼ੂਰ ਨੇ।”
“ਤੇਰੀਆਂ ਭਾਵਨਾਵਾਂ ਦੀ ਸਾਨੂੰ ਪੂਰੀ ਕਦਰ ਹੈ।” ਮਨਜੰਟ ਸਿੰਘ ਨੇ ਆਪਣੀ ਬਾਂਹ ਉਸ ਦੇ ਖੱਬੇ ਮੋਢੇ ਤੇ ਰੱਖ ਦਿਆਂ ਕਿਹਾ, “ਪਰ ਇਸ ਸਮੇਂ ਸਾਨੂੰ ਵਕਤ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ।”
“ਬਾਹਰ ਜਾ ਕੇ, ਤੂੰ ਮੁੜ ਸਿੰਘ ਸਜ ਸਕਦਾ ਹੈਂ।” ਸ਼ਰਮੇ ਨੇ ਕਿਹਾ, “ਬਾਹਰਲੇ ਦੇਸ਼ਾ ਵਿਚ ਤਾਂ ਸਿੰਘਾ ਦਾ ਪੰਜਾਬ ਨਾਲੋ ਵੀ ਜ਼ਿਆਦਾ ਬੋਲ-ਬਾਲਾ ਹੈ।”
“ਬਾਹਰਲੀਆਂ ਸਰਕਾਰਾਂ ਵੀ ਪੰਜਾਬੀਆਂ ਦੀ ਮਿਹਨਤ ਦਾ ਪੂਰਾ ਮੁੱਲ ਪਾਉਂਦੀਆਂ ਨੇ।” ਕਾਕੇ ਨੇ ਦੱਸਿਆ, “ਪਰ ਭਾਰਤੀ ਸਰਕਾਰੀ ਏਜੰਟ ਉਹਨਾਂ ਦੀ ਸ਼ਾਤੀ ਨੂੰ ਲਾਬੂੰ ਲਾਉਣੋ ਉੱਥੇ ਵੀ ਨਹੀ ਹੱਟਦੇ।”
“ਗੱਲ ਤੇਰੀ ਠੀਕ ਹੈ।” ਸ਼ਰਮੇ ਨੇ ਦੱਸਿਆ, “ਮੇਰੇ ਭਰਾ ਕੋਲ ਇਕ ਸਰਦਾਰ ਮੁੰਡਾ ਕੰੰਮ ਕਰਦਾ ਹੈ, ਇਕ ਦਿਨ ਇਕ ਕਾਮਰੇਡ ਦੁਕਾਨ ਵਿਚ ਆਇਆ ਤੇ ਕਹਿਣ ਲੱਗਾ, “ਕੀ ਤੁਸੀ ਪੰਜਾਬ ਵਿਚ ਰੌਲਾ ਪਾਇਆ ਹੋਇਆ ਕਿ ਖਾਲਸਤਾਨ ਬਣਾਉਣਾ ਹੈ, ਉੱਥੇ ਤਾਂ ਬਨਣਾ ਨਹੀ, ਇੱਥੇ ਬਣਾ ਲਉ।” ਮੁੰਡੇ ਨੇ ਇਕਦਮ ਜਵਾਬ ਦਿੱਤਾ, “ਇੱਥੇ ਸਾਨੂੰ ਬਣਾਉਣ ਦੀ ਲੋੜ ਨਹੀ, ਇੱਥੇ ਸਾਰੇ ਸ਼ਹਿਰੀਆਂ ਨੂੰ ਇਕੋ ਜਿਹਾ ਜੀਵਨ ਮਿਲ ਰਿਹਾ, ਕਿਸੇ ਦਾ ਕੋਈ ਹੱਕ ਜਾਂ ਪੱਖ ਨਹੀ ਮਾਰਿਆ ਜਾ ਰਿਹਾ, ਸਰਕਾਰਾਂ ਕਿਸੇ ਨਾਲ ਵੀ ਭੇਦਭਾਵ ਨਹੀ ਕਰਦੀਆਂ ਕੋਈ ਵੀ ਕੌਮ ਜਾਂ ਨਸਲ ਹੋਵੇ।” ਕਾਮਰੇਡ ਸ਼ਰਮਿੰਦਾ ਜਿਹਾ ਹੁੰਦਾ ਉਥੋਂ ਖਿਸਕ ਗਿਆ।”
“ਦਿਲਪ੍ਰੀਤ ਤੈਨੂੰ ਬਾਹਰ ਕੱਢਣ ਲਈ ਸ਼ਰਮਾ ਜੋ ਵੀ ਸਕੀਮ ਬਣਾਏ ਤੈਨੂੰ ਸਹਿਮਤ ਹੋਣਾ ਪੈਣਾ ਹੈ।” ਮਨਜੰਟ ਸਿੰਘ ਨੇ ਦੱਸਿਆ, ਪੁਰਾਤਨ ਸਮੇਂ ਵਿਚ ਸਿੰਘਾਂ ਨੇ ਜੰਗਲਾਂ ਵਿਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ, ਭੁੱਜੇ ਹੋਏ ਛੋਲਿਆਂ ਤੇ ਗੁਜਾਰਾ ਕਰਦਿਆਂ ਆਪਣੇ ਸੰਘਰਸ਼ ਨੂੰ ਅੱਗੇ ਤੋਰਦੇ ਰਹੇ, ਹੁਣ ਦੇ ਸਮੇਂ ਵਿਚ ਵੀ ਇਹ ਸੰਸਾਰ ਸਾਡੇ ਲਈ ਜੰਗਲ ਦੀ ਤਰ੍ਹਾਂ ਹੈ, ਜਿਸ ਵਿਚ ਵੇਲੇ ਦੀ ਲੋੜ ਮੁਤਾਬਿਕ ਲੁਕ-ਛਿਪ ਕੇ ਸੰਘਰਸ਼ ਨੂੰ ਅੱਗੇ ਤੋਰਨਾ ਹੈ, ਚਾਹੇ ਸਦੀਆਂ ਲਗ ਜਾਣ। ਇਹ ਮੇਰਾ ਹੁਕਮ ਹੈ।”
“ਭਾਅ ਜੀ, ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਸਿਰ ਮੱਥੇ ਤੇ, ਪਰ ਕੇਸ ਕਤਲ ਕਰਾਉਣ ਨਾਲੋ ਮੈਨੂੰ ਸ਼ਹੀਦ ਹੋਣਾ ਮਨਜ਼ੂਰ ਹੈ।”
“ਚਲੋ ਭਾਅ ਜੀ, ਕੋਈ ਨਹੀ।” ਸ਼ਰਮੇ ਨੇ ਦੱਸਿਆ, “ਇਸ ਗੱਲ ਦਾ ਵੀ ਹੱਲ ਹੈ। ਇਕ ਯੋਗੀ ਨੂੰ ਮੈਂ ਜਾਣਦਾ ਹਾਂ, ਉਹ ਯੋਗੇ ਦਾ ਕੈਂਪ ਲਗਾਉਣ ਬਾਹਰਲੇ ਮੁਲਕਾਂ ਵਿਚ ਜਾਂਦਾ ਹੈ। ਉਸ ਦਾ ਚੇਲਾ ਬਣਾ ਕੇ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ।”
“ਚੱਲ ਫਿਰ ਦਿਲਪ੍ਰੀਤ ਛੱਡ ਲੈ ਪਿੱਛੇ ਨੂੰ ਵਾਲ।” ਕਾਕਾ ਦਾਰਾਪੁਰੀਆ ਨੇ ਮੁਸਕ੍ਰਾ ਕੇ ਬੋਲਿਆ, “ਪਾ ਲੈ ਭਗਵੇਂ ਕੱਪੜੇ।”
ਮਨਜੰਟ ਸਿੰਘ ਨੇ ਕਿਹਾ, “ਮੈਨੂੰ ਹੁਣ ਇਥੋਂ ਛੇਤੀ ਨਿਕਲਣਾ ਪੈਣਾ ਹੈ, ਹਾਂ ਹੋ ਸਕਦਾ ਹੈ ਇਹ ਆਪਣੀ ਆਖਰੀ ਮੁਲਕਾਤ ਹੋਵੇ, ਜਿੱਥੇ ਵੀ ਰਹਿਉ, ਆਪਣੇ ਮਿੱਥੇ ਟੀਚਆਂ ਨੂੰ ਨਾਲ ਹੀ ਰੱਖਿਉ, ਜਿਸ ਸੋਚ ਨੂੰ ਲੈ ਕੇ ਤੁਰੇ ਸਾਂ, ਉਹ ਹਰ ਹਾਲਾਤ ਵਿਚ ਬਰਕਰਾਰ ਰੱਖਣੀ ਹੈ।” ਨਾਲ ਹੀ ਮਨਜੰਟ ਸਿੰਘ ਨੇ ਦਿਲਪ੍ਰੀਤ ਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ। ਉਹਨਾਂ ਦੀ ਗੱਲਵੱਕੜੀ ਨੇ ਸਰਿਆਂ ਨੰੁ ਭਾਵੁਕ ਕਰ ਦਿੱਤਾ ਸੀ ਜਿਸ ਕਰਕੇ ਕੋਈ ਵੀ ਬੋਲ ਨਾ ਸਕਿਆ। ਸਿਰਫ ਮਨਜੰਟ ਸਿੰਘ ਨੇ ਹੀ ਫਤਹਿ ਗੂੰਜਾਈ ਅਤੇ ਬਾਹਰ ਨਿਕਲ ਗਿਆ।
ਹੱਕ ਲਈ ਲੜਿਆ ਸੱਚ – (ਭਾਗ-79)
This entry was posted in ਹੱਕ ਲਈ ਲੜਿਆ ਸੱਚ.