ਬਲਾਚੌਰ, (ਉਮੇਸ਼ ਜੋਸ਼ੀ)-: ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੀਆਂ ਕਸਮਾਂ ਖਾ ਕੇ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਲਈ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਦੇ ਨਾਅਰੇ ਲਾ ਕੇ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕਾਰਜ ਕਾਲ ਦੇ ਦੌਰਾਨ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 1973 ਤੋਂ ਚਲ ਰਹੇ ਪੀ ਐਚ ਸੀ (ਸਿਹਤ ਕੇਂਦਰ ) ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦੇਣ ਤੋਂ ਬਾਅਦ ਉਥੇ ਲੱਗੀਆਂ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਨੂੰ ਉਤਾਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਤਸਵੀਰ ਲਗਾਉਣ ਦੀ ਨਿੰਦਾ ਕਰਦਿਆਂ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੇ ਸੂਬਾਈ ਆਗੂ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਪਰਮਜੀਤ ਸਿੰਘ ਰੋੜੀ ਨੇ ਕਿਹਾ ਕਿ ਅਜਿਹਾ ਕਰਨਾ ਜਿਥੇ ਸ਼ਹੀਦਾ ਦਾ ਅਪਮਾਨ ਹੈ। ਉਥੇ ਹੀ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।ਉਹਨਾਂ ਕਿਹਾ ਕਿ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਨੇ ਆਪਣੀ ਸਥਾਪਨਾ ਤੋਂ ਅੱਜ ਤੱਕ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਉਤੇ ਪਹਿਰਾ ਦਿੰਦਿਆਂ ਨੌਜਵਾਨਾਂ ,ਵਿਦਿਆਰਥੀਆਂ ਅਤੇ ਆਮ ਲੋਕਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ।ਉਹਨਾਂ ਕਿਹਾ ਕਿ ਭਾਰਤ ਦੀ ਜਨਵਾਦੀ ਨੌਜਵਾਨ ਸਭਾ(ਡੀ ਵਾਈ ਐੱਫ ਆਈ) 31 ਮਾਰਚ ਨੂੰ ਖਟਕੜ ਕਲਾਂ ਦੇ ਸਿਹਤ ਕੇਂਦਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਉਤਾਰ ਕੇ ਪਹਿਲਾ ਵਾਂਗ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਪੰਜਾਬ ਸਰਕਾਰ ਦੇ ਮੰਗ ਪੱਤਰ ਦੇਵੇਗੀ।ਉਹਨਾਂ ਇਹ ਵੀ ਕਿਹਾ ਅਗਰ ਸਰਕਾਰ ਨੇ ਸਮਾਂ ਰਹਿੰਦਿਆਂ ਅਜਿਹਾ ਨਾ ਕੀਤਾ ਤਾਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਕੀਤਾ ਜਾਵੇਗਾ।