ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਉਪਰੰਤ ਦਿੱਲੀ ਲਈ ਰਵਾਨਾ ਹੋਇਆ।
ਇਸ ਵਾਰ ਦਿੱਲੀ ਫਤਿਹ ਦਿਵਸ ਪ੍ਰੋਗਰਾਮ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਹੈਡ ਗ੍ਰੰਥੀ ਦਿਲਬਾਗ ਸਿੰਘ ਨੇ ਅਰਦਾਸ ਕੀਤੀ ਤੇ ਫਿਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਰੰਭ ਹੋਇਆ। ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਵਿਸ਼ਰਾਮ ਕਰੇਗਾ। ਉਪਰੰਤ ਸਵੇਰੇ ਅੰਬਾਲਾ ਤੋਂ ਸ਼ੁਰੂ ਹੋ ਕੇ ਕਰਨਾਲਾ, ਪਾਣੀਪਤ ਤੇ ਸੋਨੀਪਤ ਦੇ ਰਸਤੇ ਦਿੱਲੀ ਪ੍ਰਵੇਸ਼ ਕਰੇਗਾ ਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸਮਾਪਤ ਹੋਵੇਗਾ।
ਇਸ ਨਗਰ ਕੀਰਤਨ ਵਿਚ ਸੰਤਾਂ ਮਹਾਂਪੁਰਖਾਂ, ਨਿਹੰਗ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਸਮੇਤ ਕੌਮ ਦੀਆਂ ਪ੍ਰਮੁੱਖ ਜਥੇਬੰਦੀ ਕਰਨਗੀਆਂ ਸ਼ਮੂਲੀਅਤ ਕਰ ਰਹੀਆਂ ਹਨ। ਨਿਹੰਗ ਸਿੰਘਾਂ ਵੱਲੋਂ ਜਿਥੇ ਗਤਕੇ ਦੇ ਜੌਹਰ ਵਿਖਾਏ ਜਾ ਰਹੇ ਹਨ, ਉਥੇ ਹੀ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਜਰਨੈਲਾਂ ਨਾਲ ਸਬੰਧਤ ਵਸਤਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ।
ਅੰਮ੍ਰਿਤਸਰ ਤੋਂ ਚਲ ਕੇ ਨਗਰ ਕੀਰਤਨ ਜੰਡਿਆਲਾ ਗੁਰੂ, ਬਿਆਸ, ਕਰਤਾਰਪੁਰ, ਜਲੰਧਰ, ਖੰਨਾ, ਸਰਹਿੰਦ, ਰਾਜਪੁਰਾ ਤੇ ਸ਼ੰਭੂ ਹੁੰਦਾ ਹੋਇਆ ਦੇਰ ਸ਼ਾਮ ਅੰਬਾਲਾ ਪਹੁੰਚਿਆ।
ਰਸਤੇ ਵਿਚ ਥਾਂ-ਥਾਂ ’ਤੇ ਸੰਗਤਾਂ ਨੇ ਵਿਸ਼ਾਲ ਇਕੱਠ ਦੇ ਰੂਪ ਵਿਚ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਤੇ ਨਾਲ ਚਲ ਰਹੇ ਪ੍ਰਬੰਧਕਾਂ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਫਤਿਹ ਦਿਵਸ ਮਨਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਫਤਿਹ ਕਰ ਕੇ ਸਿੱਖ ਗੁਰਧਾਮਾਂ ਦੀਆਂ ਥਾਵਾਂ ਦੀ ਨਿਸ਼ਾਨਦੇਹੀ ਉਪਰੰਤ ਦਿੱਲੀ ਦਾ ਰਾਜ ਵਾਪਸ ਕਰ ਦਿੱਤਾ ਸੀ ਤੇ ਰਾਜ ਦੀ ਸਿੱਲ ਪੁੱਟ ਕੇ ਗੁਰੂ ਰਾਮਦਾਸ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਲਿਆ ਕੇ ਅੰਮ੍ਰਿਤਸਰ ਸੁੱਟੀ ਸੀ ਜੋ ਅੱਜ ਵੀ ਬੁੰਗਾ ਰਾਮਗੜ੍ਹੀਆ ਵਿਚ ਮੌਜੂਦ ਹੈ।
ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਾਰੀ ਟੀਮ ਦੇ ਨਾਲ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ,ਬਾਬਾ ਜੋਗਾ ਸਿੰਘ ਬਾਬਾ ਬਕਾਲੇ ਵਾਲੇ, ਭਾਈ ਮੋਹਕਮ ਸਿੰਘ, ਬਾਬਾ ਮੇਜਰ ਸਿੰਘ ਵਾਂ ਵਾਲੇ, ਬਾਬਾ ਗੁਰਦੇਵ ਸਿੰਘ ਜੀ ਖੰਡੁਪੁਰ ਵਾਲੇ, ਬਾਬਾ ਗੁਬਿੰਦਰ ਸਿੰਘ ਸ਼ਤਰਾਣੀ ਸਾਹਿਬ ਵਾਲੇ , ਬਾਬਾ ਹਰਭਜਨ ਸਿੰਘ ਹਰਸ਼ਰਖੀਨਾ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੇ ਬੇਗ, ਬਾਬਾ ਭੋਲਾ ਜੀ ਗੋਇੰਦਵਾਲ ਸਾਹਿਬ, ਬਾਬਾ ਗੁਰਨਾਮ ਸਿੰਘ ਜੀ ਗੋਇੰਦਵਾਲ ਸਾਹਿਬ, ਬਾਬਾ ਬੁੱਧ ਸਿੰਘ ਤੇ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ ਅਤੇ ਬਾਬਾ ਸੁਖਦੇਵ ਸਿੰਘ ਜੀ ਡੇਰਾ ਬਾਬਾ ਨਾਨਕ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਨਗਰ ਕੀਰਤਨ ਲਈ ਵੱਡਮੁੱਲਾ ਸਹਿਯੋਗ ਕੀਤਾ ਹੈ।
ਉਹਨਾਂ ਦੱਸਿਆ ਕਿ 8 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਕੀਰਤਨ ਦਰਬਾਰ ਹੋਵੇਗਾ। 9 ਅਪ੍ਰੈਲ ਨੂੰ ਜਰਨੈਲੀ ਮਾਰਚ ਕੱਢਿਆ ਜਾਵੇਗਾ ਜੋ ਲਾਲ ਕਿਲ੍ਹੇ ’ਤੇ ਸਮਾਪਤ ਹੋਵੇਗਾ ਤੇ ਲਾਲ ਕਿਲ੍ਹੇ ’ਤੇ ਗੱਤਕੇ ਦੇ ਜੌਹਰ ਹੋਣਗੇ ਤੇ ਢਾਡੀ ਵਾਰਾਂ ਹੋਣਗੀਆਂ, ਲਾਈਟ ਐਂਡ ਸ਼ੋਅ ਹੋਣਗੇ। ਉਹਨਾਂ ਇਹ ਪ੍ਰੋਗਰਾਮ ਲਾਲ ਕਿਲ੍ਹੇ ਦੇ ਮੈਦਾਨ ਵਿਚ ਕਰਨ ਦੀ ਆਗਿਆ ਦੇਣ, ਸੁਰੱਖਿਆ ਪ੍ਰਦਾਨ ਕਰਨ ਤੇ ਹੋਰ ਪ੍ਰਵਾਨਗੀਆਂ ਲਈ ਕੇਂਦਰ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਲਈ ਸ਼੍ਰੋਮਣੀ ਕਮੇਟੀ ਨੇ ਪੂਰਨ ਸਹਿਯੋਗ ਦਿੱਤਾ ਹੈ ਤੇ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅੱਜ ਅਰਦਾਸ ਵੇਲੇ ਵੀ ਉਚੇਚੇ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਉਹਨਾਂ ਦੇ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ, ਬਾਬਾ ਗੁਰਦੇਵ ਸਿੰਘ ਜੀ ਘਣੂਪੁਰ ਕਾਲੇ, ਬਾਬਾ ਗੁਰਪਿੰਦਰ ਸਿੰਘ ਸ਼ਤਲਾਣੀ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਹਰਸ਼ਾ ਸ਼ੀਨਾ ਦਿੱਲੀ ਕਮੇਟੀ ਦੇ ਪੰਜਾਬ ਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਭਾਈ ਮਨਜੀਤ ਸਿੰਘ ਭੋਮਾ, ਦਿੱਲੀ ਕਮੇਟੀ ਦੇ ਸਕੱਤਰ ਜਸਮੇਨ ਸਿੰਘ ਨੋਨੀ, ਦਿੱਲੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ, ਹਰਜੀਤ ਸਿੰਘ ਪੱਪਾ, ਜਸਪ੍ਰੀਤ ਸਿੰਘ ਕਰਮਸਰ, ਭੁਪਿੰਦਰ ਸਿੰਘ ਗਿੰਨੀ, ਰਮਿੰਦਰ ਸਿੰਘ ਸਵੀਟਾ, ਗੁਰਪ੍ਰੀਤ ਸਿੰਘ ਤੇ ਬੀਬੀ ਰਵਿੰਦਰ ਕੌਰ ਆਦਿ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।