ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਲੰਮੇ ਸਮੇਂ ਤੋਂ ਹਰ ਖੇਤਰ ਵਿੱਚ ਸਰਗਰਮ ਹਨ। ਕਨੇਡਾ ਦੇ ਮੀਡੀਆ ਅਦਾਰਿਆਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਪੱਤਰਕਾਰਾਂ ਦੀ ਖ਼ਰੀਦੋ -ਫ਼ਰੋਖ਼ਤ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ । ਇਸ ਤੋਂ ਇਲਾਵਾ ਫੇਰ ਮਨੁੱਖੀ ਅਧਿਕਾਰਾਂ ਅਤੇ ਭਾਰਤ ਵਿੱਚ ਹੋ ਰਹੇ ਘੱਟ ਗਿਣਤੀਆਂ ਦੇ ਘਾਣ ਖਿਲਾਫ ਅਵਾਜ਼ ਉਠਾਉਣ ਵਾਲੇ ਇੱਥੋਂ ਦੇ ਰਾਜਨੀਤਕ ਲੀਡਰਾਂ ਨੂੰ ਧਮਕੀਆਂ ਦੇਣ ਦੇ ਕਈ ਮਾਮਲੇ ਹੋ ਚੁੱਕੇ ਹਨ । ਭਾਈ ਹਰਦੀਪ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੇਨੇਡਾ ਨੇ ਕਿਹਾ ਕਿ ਉਹ ਭਾਵੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਜਦੋ ਉਹ ਘੱਟ ਗਿਣਤੀ ਕੌੰਮਾਂ ਦੇ ਹੱਕ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਸ਼ਰੇਆਮ ਸ਼ੋਸ਼ਲ ਮੀਡੀਆ ਉੱਤੇ ਭਾਰਤੀਆਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਕਨੇਡੀਅਨ ਲੀਡਰਾ ਖਿਲਾਫ ਗੁਪਤ ਢੰਗ ਨਾਲ ਇੱਥੋ ਦੀ ਰਾਜਨੀਤੀ ਤੋ ਬਾਹਰ ਕਰਨ ਦੇ ਯਤਨ ਭਾਰਤੀ ਏਜੰਸੀਆਂ ਵਲੋ ਕੀਤੇ ਜਾਂਦੇ ਹਨ। ਭਾਰਤ ਪੱਖੀ ਜਾਂ ਭਾਰਤੀ ਮੂਲ ਰਾਜਨੀਤਕ ਲੀਡਰਾਂ ਨੂੰ ਉਭਾਰਨ ਦੇ ਵੱਡੇ ਪੱਧਰ ਤੇ ਯਤਨ ਭਾਰਤੀ ਏਜੰਸੀਆਂ ਤੇ ਕਨੇਡਾ ਸਥਿਤ ਭਾਰਤੀ ਕੌਂਸਲੇਟ ਵੱਲੋਂ ਕੀਤੇ ਜਾ ਰਹੇ ਹਨ। ਜੋ ਕਿ ਕਨੇਡਾ ਲਈ ਬਹੁਤ ਹੀ ਗੰਭੀਰ ਮਾਮਲਾ ਹੈ ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਨੇਡਾ ਵਿੱਚ ਗੁਰਦੁਆਰਿਆਂ, ਅਤੇ ਰਾਜਨੀਤੀ ਵਿੱਚ ਦਖਲ ਦੇਣ ਦੇ ਨਾਲ-ਨਾਲ ਪੰਥਕ ਸੋਚ ਵਾਲੇ ਸਿੱਖਾਂ ਤੇ ਗੁਰੂਦੁਆਰਾ ਪ੍ਰਬੰਧਕਾਂ ਵਾਰੇ ਭਾਰਤੀ ਮੀਡੀਆ ਲਗਾਤਾਰ ਕੂੜ ਪ੍ਰਚਾਰ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਹ ਲੋਕ ਕਨੇਡਾ ਵਿੱਚ ਵੱਖ-ਵੱਖ ਥਾਂਵਾਂ ਤੇ ਕਈ ਪੰਥਕ ਸਿੱਖਾਂ ਦੀ ਰੈਕੀ ਵੀ ਕਰਦੇ ਹਨ। ਕਈ ਵਾਰ ਦਾਸ ਜਦੋਂ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਅਣਪਛਾਤੀਆਂ ਕਾਰਾਂ ਵਿੱਚ ਸਾਨੂੰ ਫਾਲੋ ਕੀਤਾ ਜਾਂਦਾ ਹੈ । ਕਈ ਵਾਰ ਇਹ ਲੋਕ ਸਾਡੇ ਘਰਾਂ ਦੇ ਬਾਹਰ ਗੇੜੇ ਮਾਰਦੇ ਨਜ਼ਰ ਆਉਂਦੇ ਹਨ। ਕਈ ਹੋਰ ਗੁਰਸਿੱਖਾਂ ਨੇ ਵੀ ਅਜਿਹੀਆਂ ਸ਼ੱਕੀ ਸਰਗਰਮੀਆਂ ਨੋਟ ਕੀਤਿਆਂ ਹਨ । ਕਨੇਡਾ ਵਿੱਚ ਭਾਰਤੀ ਏਜੰਸੀਆਂ ਦੀ ਸਰਗਰਮੀ ਬੀਤੇ ਕਈ ਦਹਾਕਿਆਂ ਤੋ ਹੈ। ਇੱਥੇ ਪਹਿਲਾ ਵੀ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਜਾਂ ਟਾਰਗੇਟ ਕਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੇਰੀ ਗੁਰਦੁਆਰਾ ਕਮੇਟੀਆਂ ਸਮੂਹ ਪੰਥਕ ਸ਼ਖਸ਼ੀਅਤਾਂ ਤੇ ਸਾਰੇ ਕਨੇਡਾ ਦੇ ਸਿੱਖਾਂ ਨੂੰ ਅਪੀਲ ਹੈ ਕਿ ਆਪਾ ਇੱਥੋਂ ਦੇ ਸਮੂਹ ਰਾਜਨੀਤਕ ਲੀਡਰਾਂ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆ ਨੁੰ ਗਲਫਤ ਦੀ ਨੀਂਦ ਵਿੱਚੋਂ ਜਗਾਈਏ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਕਨੇਡਾ ਦੀ ਧਰਤੀ ਤੇ ਚੱਲ ਰਹੇ ਭਾਰਤੀ ਖੁਫੀਆ ਏਜੰਸੀਆਂ ਦੇ ਉਪਰੇਸ਼ਨਾਂ ਦੀ ਪਬਲਿਕ ਇੰਨਕੁਆਰੀ ਹੋਵੇ। ਜਿਹੜੇ ਮੀਡੀਆ ਅਦਾਰੇ ਜਾਂ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਲੋਕ ਭਾਰਤੀ ਏਜੰਸੀਆਂ ਦੇ ਪੇਰੋਲ ਪੈਸੇ ਤੇ ਕੰਮ ਕਰ ਰਹੇ ਹਨ ਉਨ੍ਹਾਂ ਦੇ ਚਿਹਰੇ ਨੰਗੇ ਕੀਤੇ ਜਾਣ ਅਤੇ ਕਨੇਡਾ ਵਿੱਚ ਵੱਸਦੇ ਹਰ ਸਿੱਖ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।