ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਦਸਿਆ ਜਾਏ ਕਿ ਪਪਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਊੱਤੇ ਐਨਐਸਏ ਲਾਈ ਗਈ ਹੈ । ਹੁਣ ਪਪਲਪ੍ਰੀਤ ਸਿੰਘ ਉਪਰ ਐਨ ਐਸ ਏ ਲ਼ਗਾਕੇ ਅਸਾਮ ਦੀ ਡਿਬਰੂਗੜ ਜੇਲ ਭੇਜ ਦਿੱਤਾ ਗਿਆ ਹੈ । ਐਸਜੀਪੀਸੀ ਦੇ ਸਾਬਕਾ ਸਕੱਤਰ ਅਤੇ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਪਲਪ੍ਰੀਤ ਸਿੰਘ ਕੁੱਝ ਦਿਨ ਪਹਿਲਾਂ ਤੋਂ ਹੀ ਪੁਲੀਸ ਕਸਟੱਡੀ ਵਿੱਚ ਸੀ । ਪੁਲੀਸ ਨੇ ਊਸ ਤੋ ਸੱਭ ਕੁੱਝ ਪੁੱਛ ਪੁੱਛਾਕੇ ਹੀ ਕੱਲ ਗਿਰਫਤਾਰੀ ਦਾ ਡਰਾਮਾ ਕੀਤਾ ਲੱਗਦਾ ਹੈ । ਉਨ੍ਹਾਂ ਦਸਿਆ ਕਿ ਮੇਰੀ ਅੱਜ ਸਵੇਰੇ ਪਪਲਪ੍ਰੀਤ ਸਿੰਘ ਜੀ ਦੀ ਮਾਤਾ ਨਾਲ ਗੱਲ ਹੋਈ ਸੀ । ਜਿਹਨਾ ਦੇ ਦੱਸਣ ਮੁਤਾਬਿਕ ਪਪਲਪ੍ਰੀਤ ਸਿੰਘ ਨੁੰ ਉਨ੍ਹਾਂ ਦਾ ਮਾਮਾ ਕੱਪੜੇ ਅਤੇ ਹੋਰ ਜਰੂਰੀ ਸਮਾਨ ਦੇ ਕੇ ਆਇਆ ਹੈ ਅਤੇ ਉਨ੍ਹਾਂ ਮੁਤਾਬਿਕ ਪਪਲਪ੍ਰੀਤ ਸਿੰਘ ਪੂਰੀ ਤਰਾਂ ਚੜ੍ਹਦੀਆਂ ਕਲਾ ਵਿੱਚ ਹੈ । ਉਨ੍ਹਾਂ ਕਿਹਾ ਕਿ ਅਜ ਮਸਲਾ ਇਹ ਨਹੀ ਕਿ ਪਪਲਪ੍ਰੀਤ ਸਿੰਘ ਪੇਸ਼ ਹੋਇਆ ਜਾ ਫੜਿਆ ਗਿਆ ਹੈ, ਮਸਲਾ ਇਹ ਹੈ ਕਿ ਸਿੱਖਾਂ ਨੁੰ ਅਤਿਵਾਦੀ, ਵੱਖਵਾਦੀ, ਅਤੇ ਦਹਿਸਤਗਰਦ ਗਰਦਾਨ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਬਦਨਾਮ ਕਰਨ ਦੀ ਜੋ ਸਰਕਾਰ ਨੇ ਲਹਿਰ ਚਲਾਈ ਹੈ, ਊਸ ਦਾ ਪੰਥ ਨੁੰ ਵਿਰੋਧ ਕਰਨਾ ਚਾਹੀਦਾ ਹੈ । ਜਿਸ ਮਨੁੱਖ ਦੇ ਪਿੱਛੇ ਪੁਲਿਸ ਲੱਗੀ ਹੋਵੇ ਓਸ ਨੇ ਕਿਤੇ ਨਾ ਕਿਤੇ ਪਨਾਹ ਵੀ ਲੈਣੀ ਹੈ ਤੇ ਨਾਲ ਹੀ ਵੇਲੇ ਅਨੁਸਾਰ ਗਿਰਫਤਾਰ ਹੋਣਾ ਜਾ ਫਿਰ ਸਰੰਡਰ ਵੀ ਕਰਨਾ ਹੀ ਪੈਂਦਾ ਹੈ । ਕਿਸੇ ਦੀ ਗਿਰਫਤਾਰੀ ਨੂੰ ਜਾ ਸਰੰਡਰ ਕਰਨ ਦੇ ਕਾਰਨ ਕਰਕੇ ਇਹ ਐਲਾਨ ਕਰਨੇ ਕਿ ਇਹ ਤਾਂ ਸਰਕਾਰ ਦਾ ਹੀ ਬੰਦਾ ਹੈ ਜਾਂ ਸਰਕਾਰੀ ਏਜੰਟ ਹੈ ਇਹ ਪੱਖ ਬਹੁਤ ਦੁਖਦਾਇਕ ਹੈ । ਉਨ੍ਹਾਂ ਕਿਹਾ ਕਿ ਵਿਰੋਧ ਇਸ ਗੱਲ ਦਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੱਸੇ ਕਿ ਅੰਮ੍ਰਿਤਪਾਲ ਸਿੰਘ ਅਤੇ ਊਸ ਦੇ ਸਾਥੀਆਂ ਨੇ ਦੇਸ ਦਾ ਕਿਹੜਾ ਹਿੱਸਾ ਤੋੜ ਦਿੱਤਾ ਜਿਸ ਨਾਲ ਊਹਨਾ ਉਪਰ ਐਨਐਸਏ ਲੱਗਾ ਕੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਪੰਥ ਨੇ ਇੱਕ ਅਵਾਜ ਹੋ ਕੇ ਇਹਨਾ ਸਿੰਘਾ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਹੀ ਮਾਰਿਆ । ਇਹਨਾ ਨੁੰ ਨਿਹੱਥੇ ਛੱਡ ਦਿੱਤਾ ਗਿਆ ਅਤੇ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਸੁਨੇਹਾ ਹੀ ਦਿੱਤਾ ਗਿਆ ਕਿ ਅਸੀ ਇਨ੍ਹਾਂ ਨਾਲ ਨਹੀ ਹਾਂ ਤੁਸੀ ਜੋ ਮਰਜ਼ੀ ਇਨ੍ਹਾਂ ਨਾਲ ਕਰੋ। ਉਨ੍ਹਾਂ ਕਿਹਾ ਕਿ ਜੇ ਅਕਾਲ ਤਖ਼ਤ ਸਾਹਿਬ ਸਮੇਤ ਸਾਰਾ ਪੰਥ ਇਨ੍ਹਾਂ ਦੀ ਪਿੱਠ ਪਿੱਛੇ ਖੜਦਾ ਤਾਂ ਨਾ ਇਨ੍ਹਾਂ ਉਪਰ ਐਨਐਸਏ ਲੱਗਦੀ ਅਤੇ ਨਾ ਹੀ ਇਨ੍ਹਾਂ ਨੁੰ ਸਰਕਾਰ ਅਸਾਮ ਭੇਜਦੀ, ਪੰਥ ਨੁੰ ਸਹੇ ਦਾ ਨਹੀ ਰਹੇ ਦੀ ਚਿੰਤਾ ਕਰਨੀ ਚਾਹੀਦੀ ਹੈ ।