ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਬੰਦੀਆ ਨੂੰ ਕਿਸੇ ਨਾ ਕਿਸੇ ਬਹਾਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਦਾ ਤਾਜ਼ਾ ਪ੍ਰਮਾਣ ਬੈੰਗਕੋਕ ਤੋਂ ਪਰਿਵਾਰ ਸਮੇਤ ਫੜ ਕੇ ਲਿਆਂਦੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਹਨ ਜਿਨ੍ਹਾਂ ਨੂੰ ਬੀਤੇ ਪੰਜ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸੰਗਰੂਰ ਜੇਲ੍ਹ ਅੰਦਰ ਇਲਾਜ ਨਹੀਂ ਦਿੱਤਾ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਤਬੀਯਤ ਕਲ ਮੁੜ ਖਰਾਬ ਹੋ ਗਈ ਸੀ ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਦੇ ਅਸਪਤਾਲ ਦਾਖਿਲ ਕਰਵਾਇਆ ਗਿਆ ਹੈ । ਭਾਈ ਖਾਨਪੁਰੀ ਉਪਰ ਐਨਆਈਏ ਵਲੋਂ ਸੱਜਣ ਕੁਮਾਰ ਸਣੇ ਕਈ ਆਰ ਐਸ ਐਸ ਨੇਤਾਵਾਂ ਨੂੰ ਨਿਸ਼ਾਨੇ ਤੇ ਲੈਣ ਦੇ ਕੇਸ ਪਾਏ ਗਏ ਹਨ, ਤੇ ਉਨ੍ਹਾਂ ਉਪਰ ਪੰਜ ਲੱਖ ਦਾ ਇਨਾਮ ਵੀ ਰਖਿਆ ਗਿਆ ਸੀ । ਉਨ੍ਹਾਂ ਦੇ ਪਰਿਵਾਰ ਨੇ ਦਸਿਆ ਕਿ ਭਾਈ ਖਾਨਪੁਰੀ ਜਦੋਂ ਤੋਂ ਮੁੜ ਓਹ ਜੇਲ੍ਹ ਬੰਦ ਹੋਏ ਹਨ ਤਦ ਤੋਂ ਹੀ ਜੇਲ੍ਹ ਪ੍ਰਸ਼ਾਸ਼ਨ ਕੋਲੋਂ ਆਪਣੇ ਇਲਾਜ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਣਦਾ ਇਲਾਜ ਨਾ ਦੇ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ । ਉਨ੍ਹਾਂ ਵਲੋਂ ਐਸਜੀਪੀਸੀ ਪ੍ਰਧਾਨ ਸਾਹਿਬ ਜੀ ਨੂੰ ਚਿੱਠੀ ਲਿਖ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ । ਉਨ੍ਹਾਂ ਵਲੋਂ ਲਿਖੀ ਗਈ ਚਿੱਠੀ ਐਸਜੀਪੀਸੀ ਦੇ ਭਾਈ ਜਸਵਿੰਦਰ ਸਿੰਘ ਜੀ ਕੋਲ ਪੁੱਜ ਗਈ ਹੈ ਜੋ ਕਿ ਜੇਲ੍ਹਾਂ ਅੰਦਰ ਬੰਦ ਸਿੰਘਾਂ ਦੇ ਮਾਮਲਿਆਂ ਨੂੰ ਦੇਖਦੇ ਹਨ । ਭਾਈ ਖਾਨਪੁਰੀ ਦੇ ਪਰਿਵਾਰ ਨੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਣ ਦੀ ਅਪੀਲ ਕੀਤੀ ਹੈ । ਜਿਕਰਯੋਗ ਹੈ ਕਿ ਭਾਈ ਖਾਨਪੁਰੀ ਨੇ ਪਹਿਲਾਂ ਵੀਂ ਆਪਣੀ ਜਿੰਦਗੀ ਦੇ ਅਨਮੋਲ 12 ਤੋਂ ਵੱਧ ਸਾਲ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਕਢੇ ਹਨ । ਜਿਸ ਕਰਕੇ ਉੱਥੇ ਦਿੱਤੇ ਜਾਂਦੇ ਤਸ਼ੱਦਦ ਕਰਕੇ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਜੋ ਕਿ ਸਮੇਂ ਸਿਰ ਇਲਾਜ ਦੀ ਮੰਗ ਕਰਦਾ ਰਹਿੰਦਾ ਹੈ ।
ਸੰਗਰੂਰ ਜੇਲ੍ਹ ‘ਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਜੇਲ੍ਹ ਪ੍ਰਸ਼ਾਸ਼ਨ ਨਹੀਂ ਦੇ ਰਿਹਾ ਮੈਡੀਕਲ ਸੁਵਿਧਾਵਾਂ
This entry was posted in ਪੰਜਾਬ.