ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਗਵੰਤ ਮਾਨ ਸਰਕਾਰ ਤੇ ‘‘ਇੱਕ ਕਮਲੀ ਦੂਜੀ ਪੈ ਗਈ, ਸਿਵਿਆ ਦੇ ਰਾਹ’’ ਵਾਲੀ ਕਹਾਵਤ ਹੂ-ਬ-ਹੂ ਢੁੱਕਣ ਲੱਗੀ ਹੈ । ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ‘‘ਅਨਾੜੀ, ਨਾ ਤਜਰਬੇਕਾਰ, ਅਣਜਾਣ ਲੋਕਾਂ ਦੀ ਸਰਕਾਰ ਪਤਾ ਨਹੀਂ ਕੀ-ਕੀ ਤੋਹਮਤਾਂ ਲਾ ਰਹੇ ਹਨ। ਬਹੁਗਿਣਤੀ ਪੰਜਾਬੀ ਜਿਨ੍ਹਾਂ ਨੇ ਬਦਲਾਅ ਦੇ ਨਾ ਤੇ ਚਾਂਈ-ਚਾਂਈ ਇਹ ਸਰਕਾਰ ਲਿਆਂਦੀ ਸੀ, ਉਹ ਹੁਣ ਇਸ ਸਰਕਾਰ ਦੀ ਕਾਰਗੁਜ਼ਾਰੀ ਕਾਰਣ, ਆਪਣੇ ਆਪ ਨੂੰ ਕੋਸ ਰਹੇ ਹਨ । ਭਗਵੰਤ ਮਾਨ ਕੋਲ ਪਤਾ ਨਹੀਂ ਤਾਂ ਧਾਰਮਿਕ ਸਲਾਹਕਾਰ ਹੈ ਹੀ ਨਹੀਂ ਜਾਂ ਫ਼ਿਰ ਉਹ ਆਪ ਦੀ ਮਨਮਰਜ਼ੀ ਕਰਦੇ ਹਨ, ਕਿਸੇ ਨੂੰ ਪੁੱਛਦੇ ਨਹੀਂ.? ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਚਾਵਾਂ, ਮਲਾਰਾਂ ਤੇ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ । ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਆਮ ਦਿਨਾਂ ਤੋਂ ਦੁੱਗਣੀ ਸੰਗਤ ਪਹੁੰਚ ਜਾਂਦੀ ਹੈ। ਖ਼ਾਲਸਾ ਪੰਥ ਦੀ ਸਾਜਨਾ ਦਾ ਦਿਵਸ ਵਿਸਾਖੀ ਹੈ । ਤਿੰਨਾਂ ਤਖ਼ਤਾਂ ਤੇ ਅਤੇ ਹਰ ਸ਼ਹਿਰ ਪਿੰਡ ਦੇ ਗੁਰਦੁਆਰੇ ‘ਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਵਾਰ ਅੰਮ੍ਰਿਤਪਾਲ ਸਿੰਘ ਤੋਂ ਡਰੀ ਸਰਕਾਰ ਵਿਸਾਖੀ ਦੇ ਦਿਹਾੜੇ ਨੂੰ ਦਹਿਸ਼ਤ, ਖੌਫ਼ ਦੇ ਪ੍ਰਛਾਵੇ ਥੱਲੇ ਲਿਆਉਣਾ ਚਾਹੁੰਦੀ ਹੈ । ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਇਸ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 1699 ਤੋਂ ਅੱਜ ਤੱਕ ਵਿਸਾਖੀ ਮਨਾਈ ਜਾਂਦੀ ਹੈ, ਸੰਗਤਾਂ ਗੁਰੂ ਪ੍ਰਤੀ ਆਪਣੀ ਸ਼ਰਧਾ ਦੇ ਪ੍ਰਗਟਾਵੇ ਵਜੋਂ ਲੱਖਾਂ ਦੀ ਗਿਣਤੀ ‘ਚ ਆਉਂਦੀਆਂ ਹਨ । ਸੁਰੱਖਿਆ ਦੇ ਲੋੜ ਅਨੁਸਾਰ ਪ੍ਰਬੰਧ ਹੁੰਦੇ ਹਨ ਤਾਂ ਕਿ ਟ੍ਰੈਫ਼ਿਕ ਸੰਚਾਰੂ ਰੂਪ ‘ਚ ਚੱਲਦਾ ਰਹੇ ਤੇ ਕੋਈ ਹੁੱਲੜਬਾਜ਼ ਸ਼ਰਾਰਤ ਨਾ ਕਰ ਸਕੇ । ਪ੍ਰੰਤੂ ਇਸ ਵਾਰ ਇਹ ਆਖ ਕੇ ਅੰਮ੍ਰਿਤਪਾਲ ਸਿੰਘ ਇਸ ਦਿਨ ਇੱਕ ਤਖ਼ਤ ਤੇ ਆਤਮ ਸਮਰਪਣ ਕਰੇਗਾ, ਪੁਲਿਸ ਦੇ ਨਾਲ ਵੱਡੀ ਗਿਣਤੀ ‘ਚ ਸੁਰੱਖਿਆ ਦਸਤਿਆਂ ਨੂੰ ਲਾ ਕੇ ਤਲਾਸ਼ੀ ਤੇ ਪੁੱਛਗਿਛ ਨਾਲ ਸੰਗਤਾਂ ਨੂੰ ਪ੍ਰੇਸ਼ਾਨ ਕਰਕੇ ਖੌਫ਼ ਪੈਦਾ ਕਰ ਰਹੇ ਹਨ ਤਾਂ ਕਿ ਵਿਸਾਖੀ ਮੌਕੇ ਕਿਸੇ ਤਖ਼ਤ ਤੇ ਵੱਡਾ ਇਕੱਠ ਨਾ ਹੋਵੇ । ਤਖ਼ਤ ਸਾਹਿਬ ਜੀ ਤੇ ਵੱਡਾ ਇਕੱਠ ਨਾ ਹੋਵੇ ਇਹ ਧਰਮ ਦੀ ਅਜ਼ਾਦੀ ‘ਚ ਸਿੱਧਾ ਦਖ਼ਲ ਹੈ । ਉਨ੍ਹਾਂ ਕਿਹਾ ਕਿ ਮੰਨ ਵੀ ਲਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਵਿਸਾਖੀ ਵਾਲੇ ਦਿਨ ਆਤਮ ਸਮਰਪਣ ਕਰਨਗੇ ਤਾਂ ਕੀ ਉਹ ਆਪਣੇ ਤੇ ਆਪਣੇ ਸਾਥੀਆਂ ਸਮੇਤ ਸਰੀਰਾਂ ਨਾਲ ਬੰਬ ਬੰਨਕੇ ਆਉਣਗੇ ਤੇ ਜਾਨ ਮਾਲ ਨੂੰ ਖ਼ਤਰਾ ਬਣਨਗੇ । ਸਰਕਾਰ ਨੂੰ ਚਾਹੀਦਾ ਹੈ ਕਿ ਤਖ਼ਤ ਸਾਹਿਬਾਨ ਤੇ ਖੌਫ਼ ਦਾ ਮਾਹੌਲ ਪੈਦਾ ਨਾ ਕਰੇ । ਖ਼ਾਲਸਾ ਐਨਾ ਵੀ ਕੰਮਜ਼ੋਰ ਨਹੀਂ ਕਿ ਉਹ ਖ਼ਾਕੀ ਵਰਦੀ ਦੇ ਖੌਫ਼ ਤੋਂ ਡਰ ਜਾਵੇਗਾ । ਇਸ ਵਾਰ ਵੱਡੀ ਗਿਣਤੀ ਵਿੱਚ ਪਹਿਲਾ ਨਾਲੋਂ ਵੱਧ ਵਹੀਰਾ ਘੱਤਕੇ ਪੁੱਜੇ ਫ਼ਿਰ ਸਰਕਾਰ ਦੀ ਕਿਰਕਿਰੀ ਹੋਵੇਗੀ ।
ਖਾਲਸਾ ਸਾਜਨਾ ਦਿਵਸ ’ਮੌਕੇ ਸਰਕਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਫ਼ਾ 144 ਲਾ ਕੇ ਸਿਰਜ ਰਹੀ ਹੈ ਦਹਿਸ਼ਤ ਦਾ ਮਾਹੌਲ : ਕਾਹਨਸਿੰਘਵਾਲਾ, ਭਾਈ ਅਤਲਾ
This entry was posted in ਪੰਜਾਬ.