ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ।
ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ।
ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ।
ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ।
ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ।
ਮਨ ਹੀ ਮਨ ਸਹੁੰ ਖਾ ਲਈ, ਛੱਡਣਾ ਨਹੀਂ ਚੰਡਾਲ।
ਲੰਡਨ ਦੇ ਵਿੱਚ ਪਹੁੰਚਿਆ, ਬਦਲ ਬਦਲ ਕੇ ਭੇਸ।
‘ਬਦਲਾ ਲੈਣਾ ਦੁਸ਼ਟ ਤੋਂ’, ਜਾ ਪਹੁੰਚਾ ਪਰਦੇਸ।
‘ਮੁਹੰਮਦ ਸਿੰਘ ਆਜ਼ਾਦ’ ਸੀ, ਬਣਿਆਂ ਉਹ ਸਰਦਾਰ।
ਮੌਕਾ ਹੈ ਸੀ ਭਾਲਦਾ, ਤੋੜਨ ਲਈ ਹੰਕਾਰ।
ਪਾਠ ਅਤੇ ਅਰਦਾਸ ਕਰ, ਪਹੁੰਚਾ ਕੈਕਸਟਨ ਹਾਲ।
ਡਾਇਰ ਤਾਂ ਸੀ ਮਰ ਗਿਆ, ਉਡਵਾਇਰ ਦੀ ਭਾਲ।
21 ਸਾਲਾਂ ਬਾਅਦ ਸੀ, ਬਣਿਆਂ ਮੌਕਾ ਮੇਲ।
ਉਸ ਜ਼ਾਲਿਮ ਉਡਵਾਇਰ ਦਾ, ਅੱਜ ਮੁਕਾਇਆ ਖੇਲ।
ਨਾ ਡਰਿਆ ਨਾ ਕੰਬਿਆ, ਦਿੱਤੀ ਭਾਜੀ ਮੋੜ।
ਸਿੱਖ ਕੌਮ ਵਿੱਚ ਨਾ ਕਦੇ, ਸੂਰਮਿਆਂ ਦੀ ਥੋੜ੍ਹ।
ਬਣ ਕਾਇਰ ਨਾ ਭੱਜਿਆ, ਊਧਮ ਸਿੰਘ ਸਰਦਾਰ।
‘ਫੜ ਲਓ ਲੰਡਨ ਵਾਸੀਓ’, ਮਾਰੀ ਉਸ ਲਲਕਾਰ।
ਜਦ ਜਦ ਢਾਹਿਆ ਕਹਿਰ ਹੈ, ਸਮਿਆਂ ਦੀ ਸਰਕਾਰ।
ਵਿੱਚ ਮੈਦਾਨੇ ਨਿੱਤਰਦੇ, ਯੋਧੇ ਕਈ ਬਲਕਾਰ।
ਦੇਸ਼ ਕੌਮ ਲਈ ਵਾਰਦੇ, ਜੋ ਆਪਣੀ ਜਿੰਦ- ਜਾਨ।
‘ਦੀਸ਼’ ਉਹੀ ਮਰਜੀਵੜੇ, ਅਮਰ ਸ਼ਹੀਦ ਮਹਾਨ।