ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਤੇ ਵੈਸਾਖੀ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਸਬੰਧੀ ਦਿੱਲੀ ਗੁਰਦੁਆਰਾ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਸਮਾਗਮ ਹੋਏ ਜਦੋਂ ਕਿ ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ ਜਿਥੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵੈਸਾਖੀ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ।
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸਮਾਗਮ ਵਿਚ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਤੇ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਸਾਜਣਾ ਦਿਵਸ ਤੇ ਵੈਸਾਖੀ ਪੁਰਬ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਇਕੋ ਕੌਮ ਨੂੰ ਇਹ ਮਾਣ ਮਿਲਿਆ ਹੈ ਕਿ ਜਿਹੜੀ ਆਪਣਾ ਜਨਮ ਦਿਨ ਮਨਾਉਂਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਕੌਮ ’ਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹਨ, ਜੋ ਸ਼ਬਦਾਂ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਭ ਤੋਂ ਅਹਿਮ ਗੱਲ ਜਿਹੜੀ ਕੌਮ ਨੂੰ ਮੰਨਣ ਦਾ ਹੁਕਮ ਦਿੱਤਾ ਹੈ, ਉਹ ਹੈ ਧੀਆਂ ਤੇ ਪੁੱਤਰਾਂ ਨੂੰ ਇਕ ਬਰਾਬਰ ਸਮਝਣ ਤੇ ਕੋਈ ਫਰਕ ਨਾ ਕਰਨ ਦਾ ਹੁਕਮ ਦਿੱਤਾ ਤੇ ਅਤੇ ਮੁੰਡਿਆਂ ਦੇ ਨਾਂ ਪਿੱਛੇ ਸਿੰਘ ਤੇ ਕੁੜੀਆਂ ਦੇ ਨਾਂ ਪਿੱਛੇ ਕੌਰ ਲਾਉਣ ਦਾ ਹੁਕਮ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਕਿਸੇ ਹੋਰ ਧਰਮ ਦੇ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਇਕੋ ਨਾਂ ਦੀ ਲੜਕੀ ਤੇ ਉਸਦੇ ਨਾਂ ਦਾ ਲੜਕਾ ਸਾਡੀ ਕੌਮ ਵਿਚ ਹੈ ਜਿਵੇਂ ਗੁਰਵਿੰਦਰ ਕੌਰ ਤੇ ਗੁਰਵਿੰਦਰ ਸਿੰਘ, ਅਜਿਹੀ ਸਮਾਨਤਾ ਹੋਰ ਕਿਸੇ ਧਰਮ ਵਿਚ ਵੇਖਣ ਨੂੰ ਨਹੀਂ ਮਿਲਦੀ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਸ ਗੱਲ ’ਤੇ ਝਾਤ ਮਾਰਨ ਦੀ ਬਹੁਤ ਵੱਡੀ ਲੋੜ ਹੈ ਕਿ ਕਿ ਜਿਹੜੀ ਦਾਤ ਸਾਨੂੰ ਗੁਰੂ ਸਾਹਿਬ ਦੇ ਕੇ ਗਏ, ਕੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਮਾਰਗ ’ਤੇ ਚਲ ਰਹੇ ਹਾਂ, ਇਹ ਵਿਚਾਰਨ ਦੀ ਲੋੜ ਹੈ।
ਉਹਨਾਂ ਸਵਾਲ ਕੀਤਾ ਕਿ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਭਗਤਾਂ, ਭੱਟਾਂ ਤੇ ਹੋਰਨਾਂ ਦੀਆਂ ਬਾਣੀਆਂ ਦਰਜ ਹਨ, ਕੀ ਅਸੀਂ ਉਹਨਾਂ ਨੂੰ ਵਿਸਾਰ ਤਾਂ ਨਹੀਂ ਦਿੱਤਾ? ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਕੋਈ ਵੀ ਸਮਾਜਿਕ ਵਿਤਕਰਾ ਨਾ ਕਰਨ ਵਾਸਤੇ ਕਿਹਾ ਸੀ ਪਰ ਅੱਜ ਕੌਮ ਦੇ ਵੱਡੇ ਲੀਡਰ ਜਾਤ- ਪਾਤ ਦਾ ਵਿਤਕਰਾ ਪਾ ਕੇ ਕੌਮ ਵਿਚ ਵੰਡੀਆਂ ਪਾ ਰਹੇ ਹਨ। ਉਹਨਾਂ ਕਿਹਾ ਕਿ ਇਸ ਵਿਚ ਸਭ ਤੋਂ ਵੱਡੀ ਜ਼ਿੰਮੇਵਾਰੀ ਜੇਕਰ ਕੋਈ ਨਿਭਾ ਸਕਦਾ ਹੈ ਤਾਂ ਉਹ ਸਾਡੀਆਂ ਮਾਵਾਂ ਤੇ ਭੈਣਾਂ ਹਨ ਜੋ ਬੱਚਿਆਂ ਨੂੰ ਜਦੋਂ ਤੱਕ ਗੁਰੂ ਇਤਿਹਾਸ ਨਾਲ ਨਹੀਂ ਜੋੜਨਗੀਆਂ, ਬੱਚੇ ਗੁਰਬਾਣੀ ਨਾਲ ਨਹੀਂ ਜੁੜਨਗੇ।
ਉਹਨਾਂ ਕਿਹਾ ਕਿ ਖਾਲਸੇ ਦੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਕੌਮ ਦੀ ਅਗਵਾਈ ਕੀਤੀ, ਇਹਨਾਂ ਬਾਰੇ ਜਦੋਂ ਤੱਕ ਨਹੀਂ ਦੱਸਾਂਗੇ ਉਦੋਂ ਤੱਕ ਸਿੱਖ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ। ਉਹਨਾਂ ਕਿਹਾ ਕਿ ਬੇਬੇ ਨਾਨਕੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਮਾਈ ਭਾਗੋ ਜੀ, ਮਾਤਾ ਸਾਹਿਬ ਕੌਰ, ਮਾਤਾ ਗੁਜਰੀ ਜੀ, ਮਾਤਾ ਸੁੰਦਰ ਕੌਰ ਸਮੇਤ ਆਪਣੇ ਆਪਣੀ ਕੌਮ ਦੀਆਂ ਬਹਾਦਰ ਮਾਵਾਂ ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਤੇ ਸਮੁੱਚੇ ਗੁਰੂ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਬਹੁਤ ਲਾਜ਼ਮੀ ਹੈ ਤਾਂ ਹੀ ਸਾਡੇ ਬੱਚੇ ਆਪਣੇ ਵਿਰਸੇ ਤੋਂ ਜਾਣੂ ਹੋਣਗੇ ਤੇ ਗੁਰੂ ਦੇ ਲੜ ਲੜਗੇ।
ਉਹਨਾਂ ਨੇ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਹਫਤੇ ਦੋ ਵਾਰ ਇਕ ਬੁੱਧਵਾਰ ਤੇ ਅਤੇ ਦੂਜਾ ਐਤਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ। ਉਹਨਾਂ ਸੰਗਤਾ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਹਾਲੇ ਤੱਕ ਖੰਡੇ ਬਾਟੇ ਦਾ ਪਾਹੁਲ ਨਹੀਂ ਛਕਿਆ, ਉਹ ਜਲਦੀ ਤੋਂ ਜਲਦੀ ਅੰਮ੍ਰਿਤ ਛਕਣ।
ਇਸ ਮੌਕੇ ਸਮਾਗਮ ਵਿਚ ਸ਼ਾਮਲ ਹੋਣ ’ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਏ ਆਈ ਸੀ ਟੀ ਈ ਤੇ ਨੈਕ ਦੇ ਚੇਅਰਮੈਨ ਪ੍ਰੋ. ਅਨਿਲ ਸਾਹਸਰਬੁੱਧਾ ਨੂੰ ਇਥੇ ਪਹੁੰਚਣ ’ਤੇ ਨਿੱਘਾ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਕਮੇਟੀ ਦੇ ਇੰਜੀਨੀਅਰਿੰਗ ਕਾਲਜਾਂ ਵਿਚ ਸੀਟਾਂ ਦਾ ਵਾਧਾ ਕੀਤਾ ਗਿਆ ਹੈ, ਜਿਸ ਵਿਚ ਅਜਿਹੀਆਂ ਸ਼ਖਸੀਅਤਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਤੋਂ ਪਹਿਲਾਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਸਵੇਰ ਵੇਲੇ ਹੋਈ ਜਿਸ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਵੱਖ-ਵੱਖ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦੁਪਹਿਰ ਵੇਲੇ ਢਾਡੀ ਪ੍ਰਸੰਗ ਹੋਏ ਤੇ ਸ਼ਾਮ ਵੇਲੇ ਕਵੀ ਦਰਬਾਰ ਵੀ ਸਜਾਇਆ ਗਿਆ।
ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ ਪੀ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਸਕੱਤਰ ਜਸਮੇਨ ਸਿੰਘ ਨੋਨੀ, ਕਮੇਟੀ ਮੈਂਬਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ।