ਫ਼ਤਹਿਗੜ੍ਹ ਸਾਹਿਬ – “ਬਹੁਤ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਮੁੱਖ ਮੰਤਰੀ ਨੇ ਪੰਜਾਬ ਦੇ ਨਿਵਾਸੀਆਂ ਨੂੰ ਅਮਨ-ਚੈਨ, ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਸਦਭਾਵਨਾ ਦਾ ਸੰਦੇਸ਼ ਦੇਣਾ ਹੁੰਦਾ ਹੈ ਅਤੇ ਅਮਲ ਕਰਨਾ ਹੁੰਦਾ ਹੈ, ਉਹ ਸਮੇ ਦੇ ਮੁੱਖ ਮੰਤਰੀ ਅਕਸਰ ਹੀ ਸਾਬਕਾ ਮੁੱਖ ਮੰਤਰੀਆਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਵੱਡੇ-ਵੱਡੇ ਕੇਸਾਂ ਜਾਂ ਕਹਾਣੀਆ ਵਿਚ ਉਲਝਾਕੇ ਬਦਨਾਮ ਕਰਨ ਤੇ ਆਪਣੀ ਗੰਦੀ ਸਿਆਸਤ ਕਰਨ ਦੀ ਮਾੜੀ ਪਿਰਤ ਵਿਚ ਗਲਤਾਨ ਹੋ ਚੁੱਕੇ ਹਨ । ਜਦੋਂਕਿ ਇਕ ਮੁੱਖ ਮੰਤਰੀ ਨੂੰ ਬੀਤੇ ਸਮੇ ਦੇ ਰਹਿ ਚੁੱਕੇ ਕਿਸੇ ਮੁੱਖ ਮੰਤਰੀ ਨੂੰ ਮੰਦਭਾਵਨਾ ਅਧੀਨ ਜ਼ਲਾਲਤ ਭਰੇ ਅਮਲਾਂ ਵਿਚ ਉਲਝਾਕੇ ਇਸ ਨੀਵੇ ਪੱਧਰ ਦੀ ਸਿਆਸੀ ਖੇਡ ਖੇਡਕੇ ਸੂਬੇ ਦੇ ਮਾਹੌਲ ਨੂੰ ਕਤਈ ਵੀ ਗੰਧਲਾ ਨਹੀ ਕਰਨਾ ਚਾਹੀਦਾ । ਬਲਕਿ ਆਪਣੀ ਮਿਲੀ ਤਾਕਤ ਨੂੰ ਪੰਜਾਬ ਸੂਬੇ ਦੇ ਮਸਲਿਆਂ ਨੂੰ ਹੱਲ ਕਰਨ ਅਤੇ ਇਥੋਂ ਦੇ ਨਿਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਲਗਾਉਣਾ ਬਣਦਾ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਮੁੱਖ ਮੰਤਰੀ ਵੱਲੋ ਆਪਣੇ ਤੋਂ ਪਹਿਲੇ ਰਹਿ ਚੁੱਕੇ ਮੁੱਖ ਮੰਤਰੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਉਸ ਪਹਿਲੇ ਮੁੱਖ ਮੰਤਰੀ ਦੀ ਸਖਸ਼ੀਅਤ ਜਾਂ ਉਸਦੇ ਕੀਤੇ ਕੰਮਾਂ ਉਤੇ ਲੀਕ ਮਾਰਨ ਦੀਆਂ ਕਾਰਵਾਈਆ ਨੂੰ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਅਜਿਹੇ ਅਮਲ ਸੂਬੇ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੇ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿਚ ਇਸ ਪਾਈ ਜਾ ਰਹੀ ਪਿਰਤ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਕੇਜਰੀਵਾਲ ਨੂੰ ਬੁਲਾਇਆ ਗਿਆ ਹੈ ਤਾਂ ਉਹ ਸੀ.ਬੀ.ਆਈ. ਨੇ ਜਾਂਚ ਲਈ ਬੁਲਾਇਆ ਹੈ ਨਾ ਕਿ ਕਿਸੇ ਮੁੱਖ ਮੰਤਰੀ ਜਾਂ ਸਿਆਸੀ ਅਹੁਦੇਦਾਰ ਨੇ । ਉਸ ਵਿਰੁੱਧ ਪਾਰਟੀ ਦੇ ਮੈਬਰਾਂ ਵੱਲੋ ਕੀਤੇ ਜਾਣ ਵਾਲੇ ਰੋਸ਼ ਵਿਖਾਵੇ ਵਿਚ ਸਾਮਿਲ ਮੈਬਰਾਂ ਦੀ ਪੁਲਿਸ ਵੱਲੋ ਜਾਂ ਅਰਧ ਸੈਨਿਕ ਬਲਾਂ ਵੱਲੋ ਕੁੱਟਮਾਰ ਕਰਨਾ ਵੀ ਮੁਨਾਸਿਬ ਨਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ. ਚਰਨਜੀਤ ਸਿੰਘ ਚੰਨੀ ਵਰਗੇ ਇਕ ਰੰਘਰੇਟੇ ਪਰਿਵਾਰ ਵਿਚੋ ਉੱਠਕੇ ਅਹਿਮ ਅਹੁਦੇ ਉਤੇ ਪਹੁੰਚਣ ਵਾਲੇ ਨੂੰ ਇਸ ਤਰ੍ਹਾਂ ਨਿਸ਼ਾਨਾਂ ਬਣਾਉਣਾ ਜਾਂ ਜਲੀਲ ਕਰਨਾ ਨਾ ਤਾਂ ਸੋਭਾ ਦਿੰਦਾ ਹੈ ਅਤੇ ਨਾ ਹੀ ਇਸ ਪਾਈ ਜਾ ਰਹੀ ਪਿਰਤ ਦਾ ਕੋਈ ਅੰਤ ਹੈ । ਬਲਕਿ ਸਾਫ ਸੁਥਰੀ ਸਿਆਸਤ ਦੀ ਬਜਾਇ ਸਿਆਸੀ ਅਸੂਲਾਂ ਤੇ ਨਿਯਮਾਂ ਦਾ ਮਜਾਕ ਉਡਾਉਦੇ ਹੋਏ ਗੰਧਲਾ ਕਰਨ ਵਾਲੀਆਂ ਕਾਰਵਾਈਆਂ ਹਨ ਜੋ ਸਭਨਾਂ ਵੱਲੋ ਬੰਦ ਹੋਣੀਆ ਚਾਹੀਦੀਆ ਹਨ । ਇਸ ਦਿਸ਼ਾ ਵੱਲ ਲਗਾਏ ਜਾ ਰਹੇ ਦਿਮਾਗ ਅਤੇ ਤਾਕਤ ਨੂੰ ਸੂਬੇ ਅਤੇ ਲੋਕਾਂ ਦੀ ਬਿਹਤਰੀ ਲਈ ਲਗਾਉਣਾ ਚਾਹੀਦਾ ਹੈ ਨਾ ਕਿ ਇਸਨੂੰ ਵਿਅਰਥ ਗੁਆਉਣਾ ਚਾਹੀਦਾ ਹੈ ।