ਜਸਮੇਰ ਸਿੰਘ ਹੋਠੀ ਦੀ ‘5 ਕਕਾਰ’ ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ ‘ਤੇ ਅਧਾਰਤ ਦਿੰਦੀ ਹੈ। ਅੰਮਿ੍ਰਤ ਛਕਾਉਣ ਦੀ ਪ੍ਰਣਾਲੀ ਅਤੇ ਪੰਜ ਪਿਆਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਅੰਮਿ੍ਰਤ ਕੌਣ ਛਕਾ ਸਕਦੇ ਹਨ? 1666 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਅਤੇ ਫਿਰ ਆਪ ਉਨ੍ਹਾਂ ਤੋਂ ਅੰਮਿ੍ਰਤ ਛਕਿਆ। ‘ਆਪੇ ਗੁਰ ਆਪੇ ਚੇਲਾ’ ਕਹਾਇਆ। ਗੁਰੂ ਦੇ ਸਿੱਖ ਦੀ ਪਛਾਣ ਲਈ ਰਹਿਤ ਮਰਿਆਦਾ ਬਣਾਈ ਗਈ। ਉਸ ਰਹਿਤ ਮਰਿਆਦਾ ਅਨੁਸਾਰ ਅੰਮਿ੍ਰਤਧਾਰੀ ਗੁਰਸਿੱਖ ਨੂੰ 5 ਕਕਾਰ ਪਹਿਨਣ ਦੀ ਤਾਕੀਦ ਕੀਤੀ ਗਈ। 5 ਕਕਾਰਾਂ ਦਾ ਧਾਰਨੀ ਪੰਥ-ਖਾਲਸਾ ਦਾ ਅੰਗ ਬਣ ਕੇ ਸੰਸਾਰ ਵਿੱਚ ਵਿਚਰੇ। ਇਹ 5 ਕਕਾਰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਨ। ਜਸਮੇਰ ਸਿੰਘ ਹੋਠੀ ਨੇ ਇਨ੍ਹਾਂ 5 ਕਕਾਰਾਂ ਦੀ ਬਣਤਰ, ਲਾਭ, ਮਹਾਨਤਾ ਅਤੇ ਇਨ੍ਹਾਂ ਤੋਂ ਮਿਲਣ ਵਾਲੀ ਸਿਖਿਆ ਬਾਰੇ ਵਿਸਤਾਰ ਨਾਲ ਇਸ ਪੁਸਤਕ ਵਿੱਚ ਲਿਖਕੇ ਗੁਰਸਿੱਖਾਂ ਲਈ ਮਾਰਗ ਦਰਸ਼ਨ ਕੀਤਾ ਹੈ। ਇਹ ਦੱਸਿਆ ਗਿਆ ਹੈ ਕਿ ਗੁਰੂ ਜੀ ਵੱਲੋਂ ਸੀਸ ਮੰਗਣ ਦਾ ਭਾਵ ਸਿੱਖਾਂ ਵਿੱਚੋਂ ਮੌਤ ਦਾ ਡਰ ਖ਼ਤਮ ਕਰਨਾ ਅਤੇ ਜ਼ਾਪਾਤ ਦੀ ਪ੍ਰਵਿਰਤੀ ਨੂੰ ਤਿਆਗਣਾ ਸੀ। ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਅੰਮਿ੍ਰਤ ਛਕਣ ਤੋਂ ਬਾਅਦ ਸਾਬਤ ਸੂਰਤ ਦੇ ਧਾਰਨੀ ਸਿੱਖ ਕੌਮ ਦਾ ਅੰਗ ਮੰਨੇ ਜਾਂਦੇ ਹਨ।
ਅੰਮਿ੍ਰਤਧਾਰੀ ਲਈ ਮਰਿਆਦਾ ਅਨੁਸਾਰ 5 ਕਕਾਰਾਂ ‘ਤੇ ਪਹਿਰਾ ਦੇਣਾ ਲਾਜ਼ਮੀ ਬਣਾਇਆ। ਇਹ 5 ਕਕਾਰ ਵਿਕਾਰਾਂ ਲੋਭ, ਮੋਹ, ਮਾਇਆ, ਹੰਕਾਰ ਆਦਿ ਤੋਂ ਛੁਟਕਾਰਾ ਪਵਾਉਂਦੇ ਹਨ। ਇਨਸਾਨ ਦੀ ਰਹਿਣੀ ਸਰੀਰਕ ਅਤੇ ਮਾਨਸਿਕ ਦੋ ਪ੍ਰਕਾਰ ਦੀ ਹੁੰਦੀ ਹੈ। ਸਰੀਰਕ 5 ਕਕਾਰ ਪਾਉਣ ਅਤੇ ਮਾਨਸਿਕ ਬਾਣੀ ਦਾ ਪਾਠ ਨਿਤਨੇਮ ਅਨੁਸਾਰ ਕਰਨਾ ਹੁੰਦਾ ਹੈ। ਜਸਮੇਰ ਸਿੰਘ ਹੋਠੀ ਇੰਗਲੈਂਡ ਵਿੱਚ ਰਹਿ ਰਿਹਾ ਸਿੱਖ ਪੰਥ ਦਾ ਵਿਦਵਾਨ ਲੇਖਕ ਹੈ। ਉਨ੍ਹਾਂ ਦੀ ਪੰਜਾਬੀ ਵਿੱਚ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੀਆਂ 5 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘5 ਕਕਾਰ’ ਉਨ੍ਹਾਂ ਦੀ 6ਵੀਂ ਪੁਸਤਕ ਹੈ। ਇਸ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਦਾ ਪਹਿਲਾ ਐਡੀਸ਼ਨ ਪੰਜਾਬੀ ਸੱਥ ਵਾਲਸਲ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਸੀ। ਲੇਖਕ ਨੇ ‘5 ਕਕਾਰਾਂ’ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਗੁਰਬਾਣੀ ਵਿੱਚੋਂ ਉਦਾਹਰਣਾ ਸਹਿਤ ਜਾਣਕਾਰੀ ਦਿੱਤੀ ਹੈ, ਜਿਹੜੀ ਸਿੱਖ ਸ਼ਰਧਾਲੂਆਂ ਲਈ ਲਾਭਦਾਇਕ ਸਾਬਤ ਹੋਵੇਗੀ। ਜਸਮੇਰ ਸਿੰਘ ਹੋਤੀ ਨੇ ਇਨ੍ਹਾਂ ਕਕਾਰਾਂ ਦੀ ਵਿਗਿਆਨਕ ਮਹੱਤਤਾ ਦਾ ਵੀ ਜ਼ਿਕਰ ਕੀਤਾ ਹੈ।
ਕੇਸ: ਕੇਸ ਰੱਖਣ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਕੇਸ ਜਨਮ ਤੋਂ ਹੀ ਇਨਸਾਨ ਦੇ ਨਾਲ ਆਉਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਸਰੀਰ ਦਾ ਖਾਸ ਅੰਗ ਮੰਨਿਆਂ ਜਾਂਦਾ ਹੈ। ਇਹ ਪ੍ਰਭੂ ਦੀ ਬਖ਼ਸ਼ਿਸ਼ ਦੇ ਰੂਪ ਵਿੱਚ ਮਿਲਦੇ ਹਨ। ਕੇਸ ਗੁਰੂ ਦੀ ਮੋਹਰ ਹਨ, ਕੇਸਾਂ ਤੋਂ ਬਿਨਾ ਸਿੱਖ ਨਹੀਂ ਅਖਵਾ ਸਕਦਾ। ਕੇਸ ਸਿੱਖ ਦੇ ਸੁਹਾਗ ਵਾਂਗੂੰ ਨਿਸ਼ਾਨੀ ਹਨ। ਕੇਸਾਂ ਤੋਂ ਬਿਨਾ ਪਤਿਤ ਸਿੱਖ ਹੁੰਦਾ ਹੈ। ਕੇਸਾਂ ਤੋਂ ਬਿਨਾ ਬਾਕੀ ਕਕਾਰ ਪ੍ਰਵਾਨ ਨਹੀਂ ਹਨ। ਕੇਸਾਂ ਨੂੰ ਸਰੀਰ ਦੇ ਬਾਕੀ ਅੰਗਾਂ ਵਾਂਗ ਵਾਹਿਗੁਰੂ ਦੀ ਦਾਤ ਮੰਨਿਆਂ ਜਾਂਦਾ ਹੈ, ਜਿਵੇਂ ਕਿਸੇ ਅੰਗ ਦੇ ਕੱਟੇ ਜਾਣ ‘ਤੇ ਇਨਸਾਨ ਅੰਗਹੀਣ ਬਣ ਜਾਂਦਾ ਹੈ, ਉਸੇ ਤਰ੍ਹਾਂ ਕੇਸਾਂ ਤੋਂ ਬਿਨਾ ਸਿੱਖ ਨਹੀਂ ਹੋ ਸਕਦਾ। 5 ਕਕਾਰਾਂ ਵਿੱਚੋਂ ਕੇਸ ਸਰੀਰ ਦੇ ਨਾਲ ਹੀ ਅੰਗ ਦੀ ਤਰ੍ਹਾਂ ਹਨ ਪਰੰਤੂ ਬਾਕੀ 4 ਕਕਾਰ ਸਰੀਰ ‘ਤੇ ਪਹਿਨਣੇ ਪੈਂਦੇ ਹਨ। ਕੇਸ ਇਨਸਾਨ ਦੇ ਸਰੀਰ ਦੇ ਏਰੀਅਲ ਅਕਾਸ਼ੀ ਬਿਜਲੀ ਗ੍ਰਾਹਕ ਦੀ ਤਰ੍ਹਾਂ ਕੰਮ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਅਕਾਲ ਪੁਰਖ ਦਾ ਚਿਤਰਨ ਕੀਤਾ ਹੈ, ਉਥੇ ਉਸ ਨੂੰ ਕੇਸਾਂ ਵਾਲਾ ਬਿਆਨਿਆਂ ਗਿਆ ਹੈ।
ਕੰਘਾ: ਕੰਘਾ ਸਤਿਗੁਰ ਜੀ ਵੱਲੋਂ ਬਖ਼ਸ਼ੀਆਂ ਦਾਤਾਂ ਵਿੱਚੋਂ ਇਕ ਹੈ। ਸਤਿਗੁਰ ਨੇ ਕੰਘਾ ਲਕੜ ਦਾ ਬਖ਼ਸ਼ਿਆ ਹੈ। ਸਤਿਗੁਰ ਦਾ ਸੰਕੇਤ ਕੰਘੇ ਨੂੰ ਕੇਸਾਂ ਵਿੱਚ ਬਿਰਾਜਮਾਨ ਕਰਨਾ ਹੈ। ਦਸਮਾ ਦੁਆਰ ਸਿਰ ਵਿੱਚ ਹੈ। ਕੰਘਾ ਦਸਵੇਂ ਦੁਆਰ ਦੀ ਪਹਿਚਾਣ ਕਰਵਾਉਂਦਾ ਹੈ। ਕੇਸਾਂ ਵਿੱਚ ਕੰਘਾ ਕਰਨਾ ਚਾਹੀਦਾ ਹੈ। ਕੇਸ ਸਾਫ਼ ਰਹਿੰਦੇ ਹਨ ਅਤੇ ਸਿੱਖ ਤਾਜ਼ਾ-ਦਮ, ਨਰੋਆ ਤੇ ਚੁਸਤ ਮਹਿਸੂਸ ਕਰਨ ਲੱਗਦਾ ਹੈ। ਕੰਘਾ ਕਰਦਿਆਂ ਨਾਲ ਹੀ ਮਨ ਵਿੱਚ ਕੰਘਾ ਫੇਰਨਾ ਚਾਹੀਦਾ ਹੈ ਤਾਂ ਜੋ ਜੇ ਮਨ ਵਿੱਚ ਕੋਈ ਗ਼ਲਤ ਵਿਚਾਰ ਹੋਣ ਤਾਂ ਉਹ ਦੂਰ ਹੋ ਜਾਣ। ਕੰਘਾ ਸਵੱਛਤਾ ਦਾ ਪ੍ਰਤੀਕ ਹੈ। ਲਕੜੀ ਦਾ ਕੰਘਾ ਸਿਰ ਵਿੱਚ ਰੱਖਣ ਨਾਲ ਸ਼ਾਂਤੀ ਰਹਿੰਦੀ ਹੈ। ਮਨੁੱਖ ਦੇ ਸਿਰ ਵਿੱਚ ਬਿਜਲੀ ਦੀ ਤਰ੍ਹਾਂ ਸ਼ਕਤੀ ਹੁੰਦੀ ਹੈ। ਕੰਘਾ ਅਰਸ਼ੀ ਤੇ ਅਕਾਸ਼ੀ ਸ਼ਕਤੀ ਨੂੰ ਆਪਣੇ ਸਰੀਰ ਵਿੱਚ ਲਿਆਉਣ ਦਾ ਮਾਧਿਅਮ ਹੈ। ਮਨੁੱਖੀ ਸਿਰ ਵਿਖੇ ਸੂਰਜੀ ਕੇਂਦਰ ਹੈ ਜੋ ਮਰਦਾਂ ਦੇ ਸਿਰ ਦੇ ਅਗਲੇ ਹਿੱਸੇ ਅਤ ਬੀਬੀਆਂ ਦੇ ਸਿਰ ਵਿੱਚ ਥੋੜ੍ਹਾ ਪਿਛਲੇਰੇ ਹਿੱਸੇ ਵਿੱਚ ਹੁੰਦਾ ਹੈ। ਕੰਘਾ ਇਹ ਸੂਰਜੀ ਸ਼ਕਤੀ ਨੂੰ ਦਿਮਾਗ ਵਿੱਚ ਲਿਆਉਂਦਾ ਹੈ। ਇਨਸਾਨੀ ਖੋਪਰੀ ਦੇ ਹੇਠਾਂ ਚਰਬੀ ਹੁੰਦੀ ਹੈ ਜੋ ਕਿ ਤੇਲ ਦੀ ਤਰ੍ਹਾਂ ਖੋਪਰੀ ਵਿੱਚੋਂ ਪੈਦਾ ਕਰਦੀ ਹੈ, ਜਿਸ ਨੂੰ ਲਕੜੀ ਦਾ ਕੰਘਾ ਬਹੁਤ ਪ੍ਰਬੀਨਤਾ ਤੇ ਨਿਪੁੰਨਤਾ ਨਾਲ ਸਾਰੇ ਕੇਸਾਂ ਨੂੰ ਵੰਡਦਾ ਹੈ।
ਕੜਾ: ਸ੍ਰੀ ਗੁਰੂ ਸਾਹਿਬ ਨੇ ਕੜਾ ਸਿੱਖ ਨੂੰ ਸਦੀਵੀ ਸ਼ਹੀਦੀ ਗਾਨਾ ਬਖ਼ਸ਼ਿਆ ਹੈ, ਜੋ ਦਸਾਂ ਨੌਹਾਂ ਦੀ ਕਿਰਤ ਕਰਨ ਤੇ ਵੰਡ ਛੱਕਣ ਦੀ ਪ੍ਰੇਰਨਾ ਬਖ਼ਸ਼ਦਾ ਹੈ। ਕੜਾ ਸਰਬਲੋਹ ਧਾਤ ਦਾ ਹੁੰਦਾ ਹੈ। ਲੋਹੇ ਵਿੱਚ ਇਹ ਖਾਸ ਗੁਣ ਹੈ ਕਿ ਇਹ ਤੁਹਾਡੀ ਨਾਕਾਰਾਤਮਿਕਤਾ ਤੋਂ ਰੱਖਿਆ ਕਰਦਾ ਹੈ। ਇਨਸਾਨ ਦਾ ਸਵੈ-ਮਾਨ ਤੇ ਸਵੈ ਭਰੋਸਾ ਵਧਾਉਂਦਾ ਹੈ। ਸਰੀਰ ਨੂੰ ਸ਼ਕਤੀ ਦਿੰਦਾ ਹੈ। ਸਰਬ ਲੋਹ ਮੁਕੰਮਲ ਤੱਤ ਹੈ, ਇਹ ਇਲਾਕਟਰਾਨਿਕ ਬਿਜਲਾਣੂਆਂ ਨੂੰ ਨਾ ਲੈਂਦਾ ਅਤੇ ਨਾ ਵੰਡਦਾ ਹੈ। ਸਰਬ ਲੋਹ ਦਾ ਕੜਾ ਉਸ ਅਸੀਮ ਪ੍ਰਭੂ ਦੀ ਅਨੰਨਤਾ ਨਾਲ ਜੋੜਨ ਤੇ ਮਿਲਾਪ ਕਰਵਾਉਣ ਅਤੇ ਪ੍ਰਾਣਾ ਦਾ ਪ੍ਰਤੀਕ ਹੈ। ਲੋਹਾ ਹੋਮੋਗਲੋਬਿਨ ਲਹੂ ਦੇ ਇਕ ਅੰਸ਼ ਦਾ ਰੂਪ ਧਾਰਨ ਕਰਕੇ ਇਨਸਾਨ ਦੇ ਸੈਲਾਂ ਕੋਸ਼ਾਣੂਆਂ ਨੂੰ ਆਕਸੀਜਨ ਪਹੁੰਚਾਉਂਦਾ ਹੈ। ਕੜਾ ਪਰ ਧਨ ਦੇ ਤਿਆਗ ਦੀ ਯਾਦ ਦਿਵਾਉਂਦਾ ਹੈ। ਕੜਾ ਧਰਮ ਦਾ ਪ੍ਰਤੀਕ ਚੱਕਰ ਹੈ। ਇਕੋ ਸਮੇਂ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ਹਾਲੀ ਦਾ ਚਿੰਨ੍ਹ ਕੜਾ ਸਿੱਖਾਂ ਨੂੰ ਪਹਿਨਾਇਆ ਹੈ।
ਕਿ੍ਰਪਾਨ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਬਖ਼ਸ਼ੀ ਇਹ ਪ੍ਰੇਮ ਨਿਸ਼ਾਨੀ ਹੈ। ਕਿ੍ਰਪਾਨ ਬਹੁਤ ਹੀ ਪਵਿਤਰ ਕਕਾਰ ਹੈ। ਅਕਾਲ ਪੁਰਖ ਦਾ ਸ਼ਸਤ੍ਰ ਹੈ। ਇਸ ਨੂੰ ਸਰੀਰ ਤੋਂ ਦੂਰ ਨਹੀਂ ਕਰਨਾ ਤਾਂ ਕਿ ਅਕਾਲ ਪੁਰਖ ਤੇ ਗੁਰੂ ਸਾਹਿਬ ਅਭੇਦ ਹਨ। ਸੰਤ ਸਿਪਾਹੀ ਮਜ਼ਲੂਮ ਦੀ ਰੱਖਿਆ ਕਰਦਾ ਹੈ। ਸਤਿਗੁਰ ਜੀ ਨੇ ਸੰਤ ਨੂੰ ਸਿਪਾਹੀ ਬਣਾਇਆ ਤੇ ਜਿਥੇ ਸੰਤ ਸਤਾ ਲਈ ਬਾਣੀਆਂ ਦਾ ਨਿਤਨੇਮ ਲਾਜ਼ਮੀ ਹੈ, ਉਥੇ ਹੀ ਸਿਪਾਹੀ ਦਾ ਪ੍ਰਤੀਕ ਸ਼ਸਤ੍ਰ ਕਿ੍ਰਪਾਨ ਬਖ਼ਸ਼ੀ ਹੈ। ਕਿ੍ਰਪਾਨ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ। ਇਸ ਦਾ ਪੂਰਾ ਅਦਬ ਰੱਖਣਾ ਚਾਹੀਦਾ ਹੈ। ਕਿ੍ਰਪਾਨ ਗਾਤਰੇ ਵਿੱਚ ਰੱਖਣੀ ਚਾਹੀਦੀ ਹੈ। ਜਿਸ ਨੇ ਮਨ ਨੂੰ ਸਾਧ ਲਿਆ ਉਸ ਦੇ ਕਿ੍ਰਪਾਨ ਜ਼ੁਲਮ ਨਹੀਂ ਕਰੇਗੀ ਸਗੋਂ ਜ਼ੁਲਮ ਨੂੰ ਰੋਕੇਗੀ। ਕਿ੍ਰਪਾਨ ਕਿ੍ਰਪਾ ਤੇ ਆਨ ਸ਼ਬਦਾਂ ਦਾ ਜੋੜ ਹੈ।
ਕਛਹਿਰਾ: ਪੰਜਵਾਂ ਕਕਾਰ ਕਛਹਿਰਾ ਹੈ। ਕਛਹਿਰਾ ਨਿਪੁੰਨਤਾ ਤੇ ਕੁਸ਼ਲਤਾ ਨਾਲ ਆਪਣਾ ਉਦੇਸ਼ ਪੂਰਾ ਕਰਦਾ ਹੈ। ਕਛਹਿਰਾ ਪਹਿਨਣ ਵਾਲੇ ਨੂੰ ਗੌਰਵ, ਵਡਿਆਈ, ਨਿਮਰਤਾ, ਲੱਜਾ, ਨੇਕਚਲਣੀ, ਪਵਿਤ੍ਰਤਾ, ਸਤ, ਸਨਮਾਨ, ਇੱਜ਼ਤ ਤੇ ਉਚਤਾ ਦਾ ਅਹਿਸਾਸ ਕਰਾਉਂਦਾ ਹੈ। ਗੁਰੂ ਸਾਹਿਬ ਨੇ ਹੋਰ ਪੁਸ਼ਾਕ ਦੀ ਕੋਈ ਬੰਦਸ਼ ਨਹੀਂ ਲਗਾਈ, ਪ੍ਰੰਤੂ ਕਛਹਿਰੇ ਤੇ ਦਸਤਾਰ ਪਹਿਨਣ ਦਾ ਫੁਰਮਾਨ ਜਾਰੀ ਕੀਤਾ ਹੈ। ਕਛਹਿਰਾ ਪਹਿਨਣਾ ਸਿਰਫ ਜਨਣ ਇੰਦਰੀ ਨੂੰ ਢਕਣਾ ਹੀ ਨਹੀਂ ਸਗੋਂ ਪਹਿਨਣ ਵਾਲੇ ਉਪਰ ਸਵੈ-ਨਿਯੰਤਰਣ ਲਾਗੂ ਕਰਨ ਦਾ ਆਦੇਸ਼ ਵੀ ਹੈ। ਸਮਾਜਿਕ ਮਰਿਆਦਾ ਵਿੱਚ ਰਹਿਣਾ ਜ਼ਰੂਰੀ ਹੈ। ਕਛਹਿਰਾ ਉਤਾਰ ਕੇ ਨੰਗਾ ਨਹੀਂ ਸਉਣਾ। ਅੰਮਿ੍ਰਤਧਾਰੀਆਂ ਨੇ ਇਸ਼ਨਾਨ ਕਰਨ ਉਪਰੰਤ ਗਿਲੇ ਕਛਹਿਰੇ ਦਾ ਇਕ ਪਹੁੰਚਾ ਲਾਹ ਕੇ ਸੁੱਕਾ ਨਵਾਂ ਪਾ ਕੇ ਫਿਰ ਦੂਜਾ ਪਹੁੰਚਾ ਉਤਾਰਨਾ ਹੈ। ਇਕੱਠੇ ਨਹੀਂ ਲਾਹੁਣੇ। ਸਤਿਗੁਰ ਜੀ ਨੇ ਸੰਜਮੀ, ਸ਼ੁਸ਼ੀਲ ਪੁਸ਼ਾਕ ਲਿਬਾਸ ਦੇ ਰੂਪ ਵਿੱਚ ਨਿਰਮਾਣ ਕਛਹਿਰਾ ਬਖ਼ਸ਼ਿਆ ਹੈ। ਕਛਹਿਰਾ ਜੰਗੀ ਪੁਸ਼ਾਕ ਹੈ। ਯੁੱਧ ਵਿੱਚ ਸੂਰਬੀਰਾਂ ਲਈ ਕੱਸਵਾਂ ਲਿਬਾਸ ਹੀ ਦਰੁੱਸਤ ਹੈ। ਕਛਹਿਰਾ ਪਵਿਤ੍ਰਤਾ ਦਾ ਪ੍ਰਤੀਕ ਹੈ।
ਜਸਮੇਰ ਸਿੰਘ ਸੇਠੀ ਨੇ ਸਿੱਖ ਪੰਥ ਲਈ ‘5 ਕਕਾਰਾਂ’ ਬਾਰੇ ਜਾਣਕਾਰੀ ਦੇ ਸਿੱਖ ਸ਼ਰਧਾਂਲੂਆਂ ਦਾ ਮਾਰਗ ਦਰਸ਼ਨ ਕੀਤਾ ਹੈ ਪ੍ਰੰਤੂ ਕੁਝ ਥਾਵਾਂ ‘ਤੇ ਚਮਤਕਾਰਾਂ ਦੀਆਂ ਉਦਾਹਰਣਾ ਦਿੱਤੀਆਂ ਹਨ ਜਿਨ੍ਹਾਂ ਦੀ ਸਿੱਖ ਧਰਮ ਵਿੱਚ ਮਾਣਤਾ ਨਹੀਂ ਹੈ। ਇਹ ਪੁਸਤਕ ਡਾ.ਨਿਰਮਲ ਸਿੰਘ,ਪਿ੍ਰੰ.ਕੁਲਵਿੰਦਰ ਸਿੰਘ ਅਤੇ ਮੋਤਾ ਸਿੰਘ ਸਰਾਏ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 144 ਪੰਨਿਆਂ ਦੀ ਇਹ ਪੁਸਤਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।