ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਵੱਡਮੁੱਲੇ ਕਾਰਜ ਕਰਦਿਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਲਈ ਵੱਡੇ ਉਪਰਾਲੇ ਨਿਰੰਤਰ ਕੀਤੇ ਜਾ ਰਹੇ ਹਨ। ਇਹਨਾਂ ਮਹਾਨ ਉਪਰਾਲਿਆਂ ਦੀ ਕਦੇ ਨਾ ਖਤਮ ਹੋਣ ਵਾਲੀ ਲੜੀ ਵਿਚ ਇਕ ਹੋਰ ਨਵੇਕਲਾ ਮੋਤੀ ਉਸ ਵੇਲੇ ਜੁੜਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਰਨਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਸਿਧਾਂਤਾਂ ਦੀ ਅਮੋਲਕ ਜਾਣਕਾਰੀ ਦੇਣ ਦੇ ਮੰਤਵ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਟਰ ਜੀ. ਐਚ. ਪੀ. ਐਸ. ਗੁਰਮਤਿ ਕੁਇਜ਼ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ।
ਇਹ ਗੁਰਮਤਿ ਕੁਇਜ਼ ਆਉਣ ਵਾਲੀ 27 ਅਤੇ 28 ਅਪ੍ਰੈਲ 2023 ਨੂੰ ਬਹੁਤ ਵੱਡੇ ਪੱਧਰ ਉੱਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਹੋਵੇਗਾ।
ਇਹ ਗੁਰਮਤਿ ਕੁਇਜ਼ ਦੋ ਭਾਗਾਂ ਵਿੱਚ ਕਰਵਾਈ ਜਾਏਗੀ। ਪਹਿਲੇ ਭਾਗ ਵਿੱਚ 27 ਅਪ੍ਰੈਲ 2023 ਨੂੰ ਕਵਾਟਰ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਫਾਈਨਲ ਮੁਕਾਬਲੇ ਵਿਚ ਭਾਗ ਲੈਣਗੀਆਂ।
ਫਾਈਨਲ ਕੁਇਜ਼ ਮੁਕਾਬਲੇ 28 ਅਪ੍ਰੈਲ 2023 ਨੂੰ ਕਰਵਾਏ ਜਾਣਗੇ। ਫਾਈਨਲ ਕੁਇਜ਼ ਰਾਊਂਡ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਅਤੇ ਸਕੂਲਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਇਜ਼ ਮੁਕਾਬਲੇ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਨੂੰ ਦਿੱਤੀ ਗਈ ਹੈ। ਫ਼ੋਰਮ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਦੱਸਿਆ ਕਿ ਗੁਰਮਤਿ ਕੁਇਜ਼ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ, ਪ੍ਰਚਾਰਕ ਦੌਰੇ, ਬਾਣੀ ਅਤੇ ਸ਼ਹਾਦਤ ਤੋਂ ਅਲਾਵਾ ਦਿੱਲੀ ਫਤਹਿ ਦਿਵਸ ਦਾ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਨੂੰ ਸਲੇਬਸ ਵਜੋਂ ਸ਼ਾਮਿਲ ਕੀਤਾ ਗਿਆ ਹੈ।