ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਨੌਜਵਾਨ ਭਾਈ ਅਮ੍ਰਿੰਤਪਾਲ ਸਿੰਘ ਦੀ ਸਿੰਘਣੀ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਏਅਰਪੋਰਟ ਤੇ ਰੋਕਿਆ ਗਿਆ ਹੈ । ਇਹ ਬਹੁਤ ਮੰਦਭਾਗੀ ਗੱਲ ਹੈ । ਜਦੋਂ ਤੋਂ ਪੁਲਿਸ ਨੇ ਭਾਈ ਅਮ੍ਰਿੰਤਪਾਲ ਸਿੰਘ ਤੇ ਕਾਰਵਾਈ ਕੀਤੀ ਹੈ । ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਸਿੰਘਣੀ ਆਪਣੇ ਘਰ ਸਨ ਤੇ ਪੁਲਿਸ ਨੇ ਉਹਨਾਂ ਕੋਲ਼ੋਂ ਪੁੱਛ-ਗਿੱਛ ਵੀ ਕੀਤੀ ਹੈ। ਜਦੋਂ ਹੁਣ ਤੱਕ ਉਹਨਾਂ ਕੋਲ਼ੋਂ ਕੁਝ ਵੀ ਗੈਰ ਕਾਨੂੰਨੀ ਸਾਬਤ ਨਹੀਂ ਹੋਇਆ ਤੇ ਜਦੋਂ ਹੁਣ ਅਜਿਹੇ ਵੇਲੇ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦੇ ਹਨ ਪਰ ਹੁਣ ਜਾਣ ਬੁਝਾਕੇ ਜ਼ਲੀਲ ਕਰਨ ਲਈ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ । ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਪੰਥ ਦੀ ਧੀ ਹੈ । ਪੰਥ ਆਪਣੀ ਧੀ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਸੱਤਾ ਦੇ ਗ਼ਰੂਰ ‘ਚ ਏਨਾ ਨਹੀਂ ਗਿਰਨਾ ਚਾਹੀਦਾ ਕਿ ਉਸਨੂੰ ਸਾਡੀ ਤਹਿਜ਼ੀਬ ਵੀ ਯਾਦ ਨਾ ਰਹੇ । ਸਾਡੇ ਸਮਾਜ ਵਿੱਚ ਹਰ ਧੀ ਭੈਣ ਨੂੰ ਆਪਣੀ ਸਮਝਿਆ ਜਾਂਦਾ ਹੈ । ਪਰ ਮੌਜੂਦਾ ਹਾਕਮ ਸੱਤਾ ਦੇ ਨਸ਼ੇ ‘ਚ ਚੂਰ ਹੁੰਦਿਆਂ ਆਪਣੇ ਸਾਰੇ ਹੱਦ ਬੰਨੇ ਟੱਪ ਰਹੇ ਹਨ । ਪੰਜਾਬ ਦੇ ਲੋਕ ਇਹੋ ਜਿਹੀਆਂ ਹੋਛੀਆਂ ਕਾਰਵਾਈਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਅਤੇ ਸਬਕ ਸਿਖਾਉਣਗੇ ਭਗਵੰਤ ਮਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਰਾਜ ਭਾਗ ਸਦਾ ਨਹੀਂ ਰਹਿੰਦੇ ਉਹ ਸਿਆਸੀ ਰੋਟੀਆਂ ਸੇਕਣ ਲਈ ਏਨਾ ਵੀ ਨਾ ਡਿੱਗੇ ਕਿ ਮੁੜ ਲੋਕਾਂ ‘ਚ ਜਾਣ ਜੋਗਾ ਵੀ ਨਾ ਰਹੇ ਕਿਉਂਕੇ ਅੱਤ ਨਾਲ ਖੁਦਾ ਦਾ ਵੈਰ ਹੁੰਦਾ ਹੈ।