ਫ਼ਤਹਿਗੜ੍ਹ ਸਾਹਿਬ – “ਜੋ ਮੱਧ ਏਸੀਆ ਤੋਂ ਆਏ ਆਰੀਅਨ ਮੰਨੂਸਮ੍ਰਿਤੀ ਦੀ ਮਾਰੂ ਸੋਚ ਨੂੰ ਲਾਗੂ ਕਰਨ ਵਾਲੇ ਲੋਕ ਅੱਜ ਇੰਡੀਆ ਵਿਚ ‘ਪੈਰ ਥੱਲ੍ਹੇ ਬਟੇਰਾ ਆ ਜਾਣ’ ਦੀ ਬਦੌਲਤ ਸਮੁੱਚੀਆ ਘੱਟ ਗਿਣਤੀ ਕੌਮਾਂ, ਵਿਸੇਸ ਤੌਰ ਤੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਅਤੇ ਜਲੀਲ ਕਰਨ ਅਧੀਨ ਆਪਣੀ ਮੰਨੂਵਾਦੀ ਮਨੁੱਖਤਾ ਵਿਰੋਧੀ ਸੋਚ ਰਾਹੀ ਇਥੇ ਹਿੰਦੂਤਵ ਰਾਸਟਰ ਕਾਇਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਇਸ ਮਨੁੱਖਤਾ ਵਿਰੋਧੀ ਸੋਚ ਅਤੇ ਮਨੁੱਖਤਾ ਉਤੇ ਢਾਹੇ ਜਾਣ ਵਾਲੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਦਾ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਰੰਤਰ ਦ੍ਰਿੜਤਾ ਨਾਲ ਵਿਰੋਧਤਾ ਕਰਦਾ ਆ ਰਿਹਾ ਹੈ ਅਤੇ ਇਸ ਵਿਰੁੱਧ ‘ਹਲੀਮੀ ਰਾਜ’ ਕਾਇਮ ਹੋਣ ਤੱਕ ਲੜਦਾ ਰਹੇਗਾ । ਜੋ ਕੱਟੜਵਾਦੀ ਲੋਕ ਮਨੁੱਖਤਾ ਵਿਰੋਧੀ ਮੰਨੂਸਮ੍ਰਿਤੀ ਦੀ ਸੋਚ ਨੂੰ ਅਪਣਾਕੇ ਜ਼ਬਰ ਜੁਲਮ ਕਰ ਰਹੇ ਹਨ, ਉਨ੍ਹਾਂ ਨੂੰ 16 ਸਾਲ ਦੀ ਸਜ਼ਾ ਦਾ ਐਲਾਨ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਵਿਚ ਕੋਈ ਵੀ ਤਾਕਤ ਨਫਰਤ ਪੈਦਾ ਕਰਨ ਜਾਂ ਅਰਾਜਕਤਾ ਫੈਲਾਉਣ ਦੀ ਕਾਰਵਾਈ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਹੁਕਮਰਾਨਾਂ ਵੱਲੋਂ ਪੰਜਾਬੀਆਂ ਤੇ ਸਿੱਖਾਂ ਨਾਲ ਕੀਤੇ ਜਾ ਰਹੇ ਗੈਰ ਕਾਨੂੰਨੀ ਜ਼ਬਰ-ਜੁਲਮ ਅਤੇ ਜ਼ਲਾਲਤ ਵਿਰੁੱਧ ਜੋਰਦਾਰ ਆਵਾਜ ਉਠਾਉਦੇ ਹੋਏ ਅਤੇ ਸਿੱਖ ਕੌਮ ਨੂੰ ਜ਼ਲੀਲ ਕਰਨ ਦੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਹੜੀ ਸਿੱਖ ਕੌਮ ਨੇ ਇਸ ਮੁਲਕ ਦੀ ਆਜਾਦੀ ਦੇ ਸੰਘਰਸ਼ ਵਿਚ 85% ਸ਼ਹਾਦਤਾਂ, ਕੁਰਬਾਨੀਆਂ ਦਿੱਤੀਆ, ਉਨ੍ਹਾਂ ਉਤੇ ਹੁਕਮਰਾਨ ਅੱਜ ਜ਼ਬਰ ਕਰ ਰਹੇ ਹਨ । ਜਿਹੜੇ ਨੌਜਵਾਨ ਸਿੱਖ ਧਰਮ ਦੇ ਅਸੂਲਾਂ, ਨਿਯਮਾਂ ਉਤੇ ਪਹਿਰਾ ਦਿੰਦੇ ਹੋਏ ਆਪਣੀ ਜਿੰਦਗੀ ਇਕ ਅੱਛੇ ਇਨਸਾਨ ਦੀ ਤਰ੍ਹਾਂ ਪੂਰਨ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਇਥੋ ਦੀ ਪੁਲਿਸ, ਅਰਧ ਸੈਨਿਕ ਬਲਾਂ ਵੱਲੋ ਬਿਨ੍ਹਾਂ ਕਿਸੇ ਕਾਰਨ ਦੇ ਗ੍ਰਿਫਤਾਰ ਕਰਕੇ, ਕਾਲੇ ਪਾਣੀ ਦੀ ਸਜ਼ਾ ਦੀ ਤਰ੍ਹਾਂ ਡਿਬੜੂਗੜ੍ਹ (ਅਸਾਮ) ਬੰਦੀ ਬਣਾਇਆ ਗਿਆ ਹੈ । ਸਿੱਖਾਂ ਦੇ ਘਰਾਂ ਦੀ ਬਿਨ੍ਹਾਂ ਕਿਸੇ ਅਦਾਲਤੀ ਵਾਰੰਟਾਂ ਤੋ ਤਲਾਸੀਆ ਲੈਕੇ, ਗੁਰਸਿੱਖ ਨੌਜ਼ਵਾਨਾਂ ਵਿਚ ਦਹਿਸਤ ਪਾ ਕੇ, ਉਨ੍ਹਾਂ ਦੇ ਮੋਬਾਇਲਾਂ ਨੂੰ ਜ਼ਬਰੀ ਖੋਹਕੇ, ਉਨ੍ਹਾਂ ਦੇ ਨਿੱਜੀ ਜਿੰਦਗੀ ਨਾਲ ਸੰਬੰਧਤ ਕਾਗਜਾਤ ਆਧਾਰ ਕਾਰਡ, ਪੈਨਕਾਰਡ, ਬੈਕ ਖਾਤੇ ਆਦਿ ਦੀ ਛਾਣਬੀਨ ਕਰਦੇ ਹੋਏ, ਇਥੋ ਤੱਕ ਸਿੱਖ ਬੀਬੀਆਂ ਨੂੰ ਬਿਨ੍ਹਾਂ ਲੇਡੀ ਪੁਲਿਸ ਤੋ ਤੰਗ ਪ੍ਰੇਸ਼ਾਨ ਕਰਨ ਦੀਆਂ ਕਾਰਵਾਈਆ ਪ੍ਰਤੱਖ ਕਰਦੀਆ ਹਨ ਕਿ ਹੁਕਮਰਾਨਾਂ ਵੱਲੋ ਇਹ ਕੀਤਾ ਜਾ ਰਿਹਾ ਵਿਵਹਾਰ ਕਿਸੇ ਤਰ੍ਹਾਂ ਵੀ ‘ਕਾਨੂੰਨੀ ਵਿਵਸਥਾਂ’ ਨਾਲ ਸੰਬੰਧਤ ਨਹੀ ਬਲਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਹੈ । ਜਿਸ ਦੀ ਬਦੌਲਤ ਪੰਜਾਬ, ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਵਿਚ ਇਥੋ ਦੀਆਂ ਹੁਕਮਰਾਨ ਜਮਾਤਾਂ ਅਤੇ ਫਿਰਕੂ ਸੰਗਠਨਾਂ ਵਿਰੁੱਧ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਨਹੀ ਹੋ ਸਕਣਗੇ ।
ਹੁਣੇ-ਹੁਣੇ ਇਹ ਖਬਰ ਮਿਲੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਜੋ ਅੰਮ੍ਰਿਤਸਰ ਹਵਾਈ ਅੱਡੇ ਤੋ ਹਵਾਈ ਉਡਾਨ ਲੈਣ ਜਾ ਰਹੀ ਸੀ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਕਾਰਨ ਜ਼ਬਰੀ ਰੋਕ ਕੇ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਹ ਉਨ੍ਹਾਂ ਹੁਕਮਰਾਨਾਂ ਦੀ ਅਤਿ ਸ਼ਰਮਨਾਕ ਗੰਦੀ ਖੇਡ ਦਾ ਹਿੱਸਾ ਹੈ, ਜਿਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਜ਼ਾਬਰਾਂ ਕੋਲੋ ਗਜਨੀ ਦੇ ਬਜਾਰਾਂ ਵਿਚੋ ਪੂਰੀ ਸਾਨ ਇੱਜਤ ਨਾਲ ਬਚਾਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ ਹਨ । ਅੱਜ ਇਹ ਅਕ੍ਰਿਤਘਣ ਲੋਕ ਸਾਡੀਆ ਧੀਆਂ-ਭੈਣਾਂ ਅਤੇ ਬਹੂਆ ਨਾਲ ਅਜਿਹਾ ਸ਼ਰਮਨਾਕ ਕਾਰਾ ਕਰਕੇ ਆਪਣੇ ਦਾਗੀ ਕਿਰਦਾਰ ਹੋਣ ਅਤੇ ਇਨ੍ਹਾਂ ਉਤੇ ਵਿਸਵਾਸ ਨਾ ਕਰਨ ਦੀ ਗੱਲ ਨੂੰ ਖੁਦ ਹੀ ਜਾਹਰ ਕਰ ਰਹੇ ਹਨ । ਸ. ਮਾਨ ਨੇ ਬੀਬੀ ਕਿਰਨਦੀਪ ਕੌਰ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰਨ ਦੀ ਕਾਰਵਾਈ ਨੂੰ ਅਸਹਿ ਕਰਾਰ ਦਿੰਦੇ ਹੋਏ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਉਹ ਸਿੱਖ ਕੌਮ ਨਾਲ ਜ਼ਲਾਲਤ ਭਰੀ ਨਵੀ ਭਾਜੀ ਪਾ ਕੇ ਸਾਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ ।
ਸ. ਮਾਨ ਨੇ ਉਨ੍ਹਾਂ ਦ੍ਰਿੜ ਸਿੱਖਾਂ ਜੋ ਅੱਜ ਕੌਮ ਦੀ ਅਣਖ-ਗੈਰਤ ਅਤੇ ਕੌਮ ਦੀ ਆਜਾਦੀ ਪ੍ਰਾਪਤੀ ਦੀ ਲੜਾਈ ਕੌਮਾਂਤਰੀ ਜਮਹੂਰੀਅਤ ਲੀਹਾਂ ਉਤੇ ਲੜ ਰਹੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪੁਲਿਸ ਜਾਂ ਅਰਧ ਸੈਨਿਕ ਬਲਾਂ ਦੇ ਹਵਾਲੇ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਜਿਹੇ ਅਮਲ ਸਿੱਖ ਕੌਮ ਦੀ ਆਜਾਦੀ ਦੀ ਲੜਾਈ ਲੜ ਰਹੀ ਨੌਜਵਾਨੀ ਅਤੇ ਕੌਮ ਨੂੰ ਇਕ ਨਵਾਂ ਉਤਸਾਹ ਦਿੰਦੀ ਹੈ ਅਤੇ ਅਜਿਹੀ ਲੀਡਰਸਿਪ ਦੀ ਕੌਮ ਹਮੇਸ਼ਾਂ ਵੱਡੇ ਫਖਰ ਨਾਲ ਮਦਦ ਵੀ ਕਰਦੀ ਹੈ ਅਤੇ ਇਸ ਬੇਖੌਫ ਅਤੇ ਬੇਡਰ ਵਾਲੇ ਵਰਤਾਰੇ ਤੋ ਸਿੱਖ ਕੌਮ ਸੇਧ ਲੈਦੀ ਹੋਈ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਮਹਾਵਾਕ ਅਨੁਸਾਰ ਹਰ ਸੰਘਰਸ਼ ਵਿਚ ਪਹਿਲੇ ਨਾਲੋ ਵੀ ਵਧੇਰੇ ਤਾਕਤਵਰ ਅਤੇ ਦੂਰ ਅੰਦੇਸ਼ੀ ਦੀ ਸੋਚ ਰੱਖਕੇ ਅੱਗੇ ਵੱਧਦੀ ਹੈ । ਉਨ੍ਹਾਂ ਕਿਹਾ ਕਿ ਜੋ ਹੁਕਮਰਾਨ ਆਗੂ ਜਾਂ ਤਾਕਤਾਂ ਸਿੱਖ ਕੌਮ ਨਾਲ ਅਜਿਹਾ ਗੈਰ ਕਾਨੂੰਨੀ ਅਤੇ ਅਣਮਨੁੱਖੀ ਵਿਵਹਾਰ ਕਰ ਰਹੇ ਹਨ, ਉਨ੍ਹਾਂ ਪਾਰਟੀਆ ਜਾਂ ਆਗੂਆ ਨੂੰ ਜਲੰਧਰ ਪਾਰਲੀਮੈਟ ਜਿਮਨੀ ਚੋਣ ਜਾਂ ਆਉਣ ਵਾਲੀ ਕਿਸੇ ਵੀ ਚੋਣ ਵਿਚ ਵੋਟ ਨਾ ਪਾਈ ਜਾਵੇ । ਬਲਕਿ ਕੌਮੀ ਅਣਖ ਗੈਰਤ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲੇ ਪੰਥਕ ਉਮੀਦਵਾਰ ਅਤੇ ਪਾਰਟੀ ਨੂੰ ਹੀ ਸਿੱਖ ਕੌਮ ਤੇ ਪੰਜਾਬੀ ਸੁਪੋਰਟ ਕਰਨ ਤਾਂ ਕਿ ਗੈਰ ਸਮਾਜੀ ਅਤੇ ਗੈਰ ਕਾਨੂੰਨੀ ਕਾਰਵਾਈਆ ਦਾ ਅਸੀ ਡੱਟਕੇ ਮੁਕਾਬਲਾ ਕਰਦੇ ਹੋਏ ਸੱਚ-ਹੱਕ ਦੀ ਆਵਾਜ ਨੂੰ ਬੁਲੰਦ ਕਰਦੇ ਰਹੀਏ । ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਨੂੰ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਅਤੇ ਹੋਰ ਕੱਟੜਵਾਦੀ ਸੰਗਠਨਾਂ ਵਿਚ ਕਿਸੇ ਤਰ੍ਹਾਂ ਦਾ ਵੀ ਫਰਕ ਨਹੀ ਰੱਖਣਾ ਚਾਹੀਦਾ । ਕਿਉਂਕਿ ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਕਰਦੇ ਸਮੇ 1984 ਵਿਚ ਵੀ ਇਹ ਸਭ ਇਕ ਸਨ ਅਤੇ ਅੱਜ ਵੀ ਇਕ ਹੀ ਹਨ । ਭਾਵੇਕਿ ਆਪੋ-ਆਪਣੇ ਵੱਖੋ-ਵੱਖਰੇ ਨਾਵਾਂ ਉਤੇ ਇਹ ਆਪਣੀਆ ਸਿਆਸੀ ਦੁਕਾਨਾਂ ਚਲਾ ਰਹੇ ਹੋਣ । ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਜਲੰਧਰ ਪਾਰਲੀਮੈਟ ਹਲਕੇ ਦੇ ਨਿਵਾਸੀਆ ਅਤੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮਨੁੱਖਤਾ ਵਿਰੋਧੀ ਮੰਨੂਸਮ੍ਰਿਤੀ ਦੀ ਸੋਚ ਨੂੰ ਅਪਣਾਉਣ ਵਾਲੇ ਫਿਰਕੂਆ ਅਤੇ ਜ਼ਬਰ ਜੁਲਮ ਕਰਨ ਵਾਲੀਆ ਜਮਾਤਾਂ ਨੂੰ ਕਰਾਰੀ ਹਾਰ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਜਿੱਤ ਪ੍ਰਦਾਨ ਕਰਨ ਵਿਚ ਆਪਣੀ ਭੂਮਿਕਾ ਨਿਭਾਉਣ ।