ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਯੋਰਪੀਅਨ ਸਿੱਖਾਂ ਜਿਹਨਾਂ ਵਿੱਚ ਜਥੇਦਾਰ ਕਰਮ ਸਿੰਘ ਹਾਲੈਂਡ, ਭਾਈ ਹਰਜੀਤ ਸਿੰਘ ਗਿੱਲ ਹਾਲੈਂਡ, ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਕੁਲਦੀਪ ਸਿੰਘ ਬੈਲਜੀਅਮ ਆਦਿ ਸਿੰਘਾਂ ਨੇ ਜਾਰੀ ਬਿਆਨ ਵਿੱਚ ਭਗਵੰਤ ਮਾਨ ਸਰਕਾਰ ਵਲੋ ਭਾਈ ਅਮ੍ਰਿਤਪਾਲ ਸਿੰਘ ਦੀ ਧਰਮਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਸਮੇ ਅਮ੍ਰਿਤਸਰ ਏਅਰਪੋਰਟ ਉਪਰ ਰੋਕੇ ਜਾਣ ਅਤੇ ਪੁਛਗਿੱਛ ਦੇ ਬਹਾਨੇ ਤੰਗ ਪ੍ਰੇਸ਼ਾਨ ਕਰਨ ਦੀ ਸਖਤ ਨਿਖੇਧੀ ਕੀਤੀ ਹੈ । ਕਿਹਾ ਹੈ ਕਿ ਜਦੋ ਬੀਬੀ ਕਿਰਨਦੀਪ ਕੌਰ ਆਪਣੇ ਘਰ ਵਿੱਚ ਰਹਿ ਰਹੇ ਸਨ ਤਾਂ ਉਹਨਾਂ ਨੂੰ ਪਹਿਲਾਂ ਦੱਸਿਆ ਜਾਂਦਾ ਕਿ ਉਹ ਦੇਸ਼ ਛੱਡ ਕੇ ਨਾ ਜਾਣ। ਪਰ ਆਪਣੇ ਘਰ ਇੰਗਲੈਂਡ ਜਾਣ ਸਮੇ ਰੋਕਣਾ ਭਗਵੰਤ ਮਾਨ ਸਰਕਾਰ ਦੀ ਬਹੁਤ ਹੀ ਘਟੀਆ ਕਾਰਵਾਈ ਹੈ। ਜਦ ਕਿ ਸਰਕਾਰ ਕੋਲ ਕੋਈ ਵੀ ਅਦਾਲਤੀ ਨੋਟਿਸ ਨਹੀ ਹੈ । ਇਹ ਸਰਕਾਰ ਸਿੱਧੇ ਤੌਰ ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਦੁਰਵਰਤੋਂ ਕਰ ਰਹੀ । ਪੂਰੀ ਦੁਨੀਆਂ ਵਿੱਚ ਵਸਣ ਵਾਲੀ ਸਿੱਖ ਕੌਮ ਪਰਿਵਾਰ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਹੈ। ਚਾਹੀਦਾ ਤਾ ਇਹ ਹੈ ਕਿ ਸਰਕਾਰ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਬਣਾਏ ਝੂਠੇ ਕੇਸਾਂ ਦਾ ਅਦਾਲਤ ਵਿੱਚ ਚਲਾਨ ਪੇਸ਼ ਕਰੇ ਅਤੇ ਜਿਵੇਂ ਹੋਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜ ਪੇਸ਼ ਹੋਣ ਲਈ ਕਿਹਾ ਜਾਂਦਾ ਹੈ , ਭਾਈ ਅਮ੍ਰਿਤਪਾਲ ਸਿੰਘ ਨੂੰ ਵੀ ਅਦਾਲਤ ਵਿੱਚ ਆਪਣਾ ਪੱਖ ਰੱਖਣ ਦਾ ਸਮਾਂ ਦੇਣਾ ਚਾਹੀਦਾ ਹੈ ।
ਅਸੀ ਪੰਜਾਬ ਦੀਆਂ ਹਿਉਮਨ ਰਾਈਟਸ ਜਥੇਬੰਦੀਆਂ ਅਤੇ ਵਕੀਲਾਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਦੀ ਇਸ ਗੈਰਕਾਨੂੰਨੀ ਕਾਰਵਾਈ ਖਿਲਾਫ ਹਾਈਕੋਰਟ ਵਿੱਚ ਜੁਆਬ ਤਲਵੀ ਕੀਤੀ ਜਾਵੇ । ਅਤੇ ਬੀਬੀ ਕਿਰਨਦੀਪ ਕੌਰ ਨੂੰ ਆਪਣੇ ਘਰ ਇੰਗਲੈਂਡ ਵਿੱਚ ਜਾਣ ਦੀ ਨਿਰਵਿਘਨ ਇਜਾਜ਼ਤ ਦਿੱਤੀ ਜਾਵੇ। ਅਸੀ ਸੰਸਾਰ ਭਰ ਦੀਆ ਪੰਥਕ ਜਥੇਬੰਦੀਆਂ ਨੂੰ ਸਰਕਾਰ ਦੀ ਤਾਨਾਸ਼ਾਹੀ ਨੀਤੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ ।