ਅੰਮ੍ਰਿਤਸਰ – ਇੱਕ ਪਾਸੇ ਪੰਜਾਬ ਸਰਕਾਰ ਅਣਅਧਿਕਾਰਤ ਕਲੋਨੀਆਂ ਵਿਰੁੱਧ ਸ਼ਿਕੰਜਾ ਕੱਸਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੁੱਡਾ ਵਲੋਂ ਮਨਜ਼ੂਰਸ਼ੁਦਾ ਹੋਲੀ ਸਿਟੀ ਕਾਲੋਨੀ ਦੇ ਕਾਲੋਨਾਈਜ਼ਰ ਵਲੋਂ ਪੁੱਡਾ ਦੇ ਨਿਯਮਾਂ ਦੀਆਂ ਉੱਡਾਈਆਂ ਜਾ ਰਹੀਆਂ ਧੱਜੀਆਂ ਵਿਰੁੱਧ ਮਾਣਯੋਗ ਹਾਈ ਕੋਰਟ ਵਲੋਂ ਸਰਕਾਰ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਦਿੱਤੇ ਆਦੇਸ਼ਾਂ ਦੇ ਬਾਵਜੂਦ ਚਾਰ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਤੇ ਵੀ ਪੁੱਡਾ ਅਤੇ ਕਾਰਪੋਰੇਸ਼ਨ ਵੱਲੋਂ ਕਾਲੋਨਾਈਜ਼ਰ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕ ਸੜਕਾਂ ਤੇ ਉਤਰ ਆਏ ਅਤੇ ਪ੍ਰਸ਼ਾਸਨ ਤੇ ਕਾਲੋਨਾਈਜ਼ਰ ਦਾ ਪਿੱਟ ਸਿਆਪਾ ਕੀਤਾ।
ਕਲੋਨੀ ਨਿਵਾਸੀ ਰਾਜਨ ਮਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਦੇ ਕਾਲੋਨਾਈਜ਼ਰ ਵਲੋਂ ਪੁੱਡਾ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਪਿੱਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮਨਮਾਨੀਆਂ ਕੀਤੀਆਂ ਜਾਂਦੀਆਂ ਆ ਰਹੀਆਂ ਹਨ ਪਰ ਵਿਭਾਗ ਉਸ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਉਸਨੂੰ ਹਰ ਵਾਰ ਆਖਰੀ ਨੋਟਿਸ ਕਹਿ ਕੇ ਜਾਰੀ ਕਰਦਾ ਡੰਗ ਟਪਾ ਰਿਹਾ ਹੈ। ਵਿਭਾਗ ਤੇ ਕਾਲੋਨਾਈਜ਼ਰ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਥੋਂ ਦੇ ਵਸਨੀਕ ਭੁਗਤ ਰਹੇ ਹਨ।
ਆਰ ਟੀ ਆਈ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪੁੱਡਾ ਵਲੋਂ ਹੋਲੀ ਸਿਟੀ ਕਾਲੋਨੀ ਦੇ ਗਿਆਰਾਂ ਦੇ ਕਰੀਬ ਵੱਖ ਵੱਖ ਲਾਈਸੰਸ ਧਾਰਕਾਂ ਜਿੰਨਾਂ ਵਿੱਚ ਮੁੱਖ ਕਾਲੋਨਾਈਜ਼ਰ ਹਰਿੰਦਰ ਸਿੰਘ ਢਿੱਲੋਂ ਮੈਸ.ਢਿਲੋਂ ਬਿਲਡਰਜ ਐਂਡ ਡਿਵੈਲਪਰਜ ਨੂੰ 2 ਅਤੇ 7 ਅਗਸਤ 2013 ਨੂੰ ਇੱਕ ਫਾਈਨਲ ਨੋਟਿਸ ਕੱਢਕੇ ਕਿਹਾ ਗਿਆ ਕਿ ਉਹਨਾਂ ਦੇ ਲਾਇਸੰਸ ਦੀ ਮਿਆਦ ਦੀ ਮਿਆਦ 30/5/2010 ਨੂੰ ਖਤਮ ਹੋ ਚੁੱਕੀ ਹੈ ਅਤੇ ਕਾਲੋਨੀ ਦੇ ਵਿਕਾਸ ਲਈ ਨਿਰਧਾਰਤ ਸ਼ਰਤਾਂ ਵੀ ਨਹੀਂ ਪੂਰੀਆਂ ਕੀਤੀਆਂ ਗਈਆਂ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਇਹ ਸਾਰੀਆਂ ਤਰੁੱਟੀਆਂ 22 ਸਤੰਬਰ 2013 ਤੱਕ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਵਿਭਾਗ ਵਲੋਂ ਸਖਤ ਕਾਰਵਾਈ ਕਰਕੇ ਰਜਿਸਟਰੀਆਂ ਬੰਦ ਕਰਨ ਲਈ ਡਿਪਟੀ ਕਮਿਸ਼ਨਰ/ਰਜਿਸਟਰਾਰ ਨੂੰ ਲਿਖਿਆ ਜਾਵੇਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨੌਂ ਸਾਲ ਬੀਤ ਜਾਣ ਤੇ ਹੁਣ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਆਪਣੇ ਹੱਕਾਂ ਲਈ ਧਰਨਾ ਲਾਉਣ ਤੋਂ ਬਾਅਦ ਪੁੱਡਾ ਨੇ ਕਾਲੋਨਾਈਜ਼ਰਾਂ ਤੇ ਕਾਰਵਾਈ ਕਰਨ ਦੀ ਬਜਾਏ ਉਸਨੂੰ ਮੁੜ 26 ਅਗਸਤ 2022 ਨੂੰ ਪੱਤਰ ਨੰਬਰ 14142 ਤਹਿਤ ਨੋਟਿਸ ਕੱਢਿਆ ਗਿਆ ਹੈ ਕਿ ਉਹ ਪੁੱਡਾ ਦੀਆਂ ਸ਼ਰਤਾਂ ਅਨੁਸਾਰ ਕੰਮ ਨਹੀਂ ਕੀਤਾ ਆਪਣਾ ਲਾਈਸੰਸ ਰੀਵਿਊ ਨਹੀਂ ਕਰਵਾਇਆ। ਕਾਲੋਨੀ ਵਿਚ ਪੀਣ ਵਾਲਾ ਪਾਣੀ, ਇੰਟਰਨੈੱਟ,ਮਾਰਕੀਟ,ਹਸਪਤਾਲ, ਸਕੂਲ਼, ਬਿਜਲੀ ਦੇ ਕੁਨੈਕਸ਼ਨ ਨਾ ਮਿਲਣਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਪੁੱਡਾ ਨੇ 9 ਸਾਲ ਪਹਿਲਾਂ ਵੀ ਨੋਟਿਸ ਕੱਢਿਆ ਪਰ ਫਿਰ ਕੁੰਭਕਰਨ ਦੀ ਨੀਂਦ ਸੌਂ ਗਿਆ ਅਤੇ ਹੁਣ ਲੋਕਾਂ ਵਲੋਂ ਜਗਾਉਣ ਤੇ ਮੁੜ ਨੋਟਿਸ ਕੱਢਕੇ ਆਪਣਾ ਪੱਲੂ ਝਾੜਦਾ ਆ ਰਿਹਾ ਹੈ। ਕਾਲੋਨੀ ਵਿਚ ਬਿਜਲੀ ਦੇ ਕੁਨੈਕਸ਼ਨ ਬੰਦ ਹਨ ਲੋਕਾਂ ਨੂੰ ਇਹ ਕਾਲੋਨਾਈਜ਼ਰ ਸਟਰੀਟ ਲਾਈਟਾਂ ਵਿਚੋਂ ਨਜਾਇਜ਼ ਕੁਨੈਕਸ਼ਨ ਦੇ ਕੇ ਆਪ ਪੈਸੇ ਇਕੱਠੇ ਕਰ ਰਿਹਾ ਹੈ। ਬਿਜਲੀ ਮਹਿਕਮੇ ਦੀ ਕਥਿਤ ਮਿਲੀ ਭੁਗਤ ਨਾਲ ਸਭ ਚੱਲ ਰਿਹਾ ਹੈ ਲੋਕਾਂ ਨੂੰ ਵੱਡੇ ਵੱਡੇ ਬਿੱਲ ਭਰਨੇ ਪੈ ਰਹੇ ਹਨ।
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਚੀਫ ਪੈਟਰਨ ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਐਚ.ਐਸ.ਘੁੰਮਣ, ਸ਼੍ਰੀ ਰਾਜਨ ਮਾਨ, ਸਾਬਕਾ ਵਾਈਸ ਚਾਂਸਲਰ ਡਾ.ਐਮ.ਪੀ.ਐਸ.ਈਸ਼ਰ, ਗੁਰਦੇਵ ਸਿੰਘ ਮਾਹਲ, ਰਣਜੀਤ ਸਿੰਘ ਰਾਣਾ,ਗੁਰਪ੍ਰੀਤ ਸਿੰਘ ਸਿੱਧੂ, ਵਿਜੇ ਸ਼ਰਮਾ, ਦਿਲਬਾਗ ਸਿੰਘ ਸੰਧੂ ਨੌਸ਼ਹਿਰਾ,ਸਾਬਕਾ ਰਜਿਸਟਰਾਰ ਡਾ ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲੋਨੀ ਵਾਸੀ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਪਣੀ ਸੁਰੱਖਿਆ ਅਤੇ ਕਾਲੋਨਾਈਜ਼ਰ ਵਲੋਂ ਪੁੱਡਾ ਦੀਆਂ ਉੱਡਾਈਆਂ ਜਾ ਰਹੀਆਂ ਧੱਜੀਆਂ ਨੂੰ ਲੈ ਕੇ ਅਖ਼ੀਰ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਮਾਣਯੋਗ ਅਦਾਲਤ ਨੇ ਕੇਸ ਤੇ ਤੁਰੰਤ ਸੁਣਵਾਈਂ ਕਰਦਿਆਂ 21 ਨਵੰਬਰ 2022 ਨੂੰ ਸਰਕਾਰ ਤੇ ਸਬੰਧਿਤ ਮਹਿਕਮਿਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਪਰ ਅੱਜ ਤੱਕ ਚਾਰ ਮਹੀਨੇ ਦਾ ਸਮਾਂ ਬੀਤ ਜਾਣ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਵਲੋ ਉਹਨਾਂ ਦੇ ਵਕੀਲ ਵਲੋਂ ਕਈਵਾਰ ਪੁੱਡਾ ਤੇ ਕਾਰਪੋਰੇਸ਼ਨ ਨੂੰ ਪੱਤਰ ਲਿਖਕੇ ਕਾਰਵਾਈ ਸਬੰਧੀ ਪੁੱਛਿਆ ਗਿਆ ਹੈ ਪਰ ਕੋਈ ਜੁਆਬ ਨਹੀਂ।
ਸੁਰੱਖਿਆ ਨੂੰ ਲੈ ਕੇ ਪੁਲਿਸ ਵਲੋਂ ਵਰਤੇ ਜਾ ਰਹੇ ਢਿੱਲੇ ਰਵਈਏ ਤੋਂ ਲੋਕ ਬਹੁਤ ਖ਼ਫ਼ਾ ਨਜ਼ਰ ਆ ਰਹੇ ਹਨ। ਹੈਰਾਨੀ ਵਾਲੀ ਗੱਲ੍ਹ ਇਹ ਹੈ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਕਾਲੋਨੀ ਦੀ ਸੁਰੱਖਿਆ ‘ਤੇ ਹੋਰ ਕਈ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਉਹ ਕਲੋਨਾਈਜ਼ਰ ਵਿਰੁੱਧ ਪ੍ਰਸ਼ਾਸ਼ਨ ਨੂੰ ਪਹਿਲਾਂ ਵੀ ਕਈ ਵਾਰ ਲਿਖਕੇ ਦੇ ਚੁੱਕੇ ਹਨ ਪਰ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਕ ਪਾਸੇ ਹਜ਼ਾਰਾਂ ਕਾਲੋਨੀ ਵਾਸੀਆਂ ਦੀ ਜਿੰਦਗੀਆਂ ਦਾ ਸਵਾਲ ਹੈ ਅਤੇ ਦੂਜੇ ਪਾਸੇ ਗੁੰਢਾਗਰਦੀ ਕਰ ਰਹੇ ਕਲੋਨਾਈਜ਼ਰ ਦੀਆਂ ਧੱਕੇਸ਼ਾਹੀਆਂ ਹਨ। ਉਹਨਾਂ ਕਿਹਾ ਕੇ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਸਾਨੂੰ ਆਪਣੀ ਸੁਰੱਖਿਆ ਕਰਨ ਤੋਂ ਰੋਕਿਆ ਤਾਂ ਉਹ ਸੜਕੀ ਆਵਾਜਾਈ ਬੰਦ ਕਰਕੇ ਧਰਨਾ ਦੇਣਗੇ।
ਉਹਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਨੂੰ ਵੀ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਇਸ ਕਲੋਨਾਈਜ਼ਰ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਲੋਨਾਈਜ਼ਰ ਦੇ ਲਾਇਸੰਸ ਕਈ ਸਾਲ ਪਹਿਲਾਂ ਦੇ ਖਤਮ ਹੋ ਚੁੱਕੇ ਹਨ ਅਤੇ ਇਹ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ ਪਰ ਸਰਕਾਰ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕਲੋਨਾਈਜ਼ਰ ਸਿਆਸੀ ਦਬਾਉ ਪਾ ਕੇ ਅਧਿਕਾਰੀਆਂ ਨੂੰ ਹੁਣ ਤੱਕ ਡਰਾਉੰਦਾ ਆ ਰਿਹਾ ਹੈ ਪਰ ਹੁਣ ਆਪ ਦੀ ਸਰਕਾਰ ਬਣਨ ਤੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ ਪਰ ਹੁਣ ਵੀ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਕਲੋਨਾਈਜ਼ਰਾਂ ਵਿਰੁੱਧ ਸਖਤ ਐਕਸ਼ਨ ਲਿਆ ਜਾਵੇ ਜੋ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਇਸਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ‘ਤੇ ਸ਼੍ਰੀ ਦਿਲਬਾਗ ਸਿੰਘ ਸੋਹਲ, ਸਾਬਕਾ ਰੇਲਵੇ ਅਧਿਕਾਰੀ ਵਿਜੇ ਸ਼ਰਮਾ, ਡਾ. ਬਿਕਰਮਜੀਤ ਸਿੰਘ ਬਾਜਵਾ, ਸ਼੍ਰੀ ਅਮਨਦੀਪ ਸਿੰਘ ਸੇਠੀ, ਸੰਦੀਪ ਸਿੰਘ ਬਾਜਵਾ, ਦਿਲਬਾਗ ਸਿੰਘ ਸੰਧੂ , ਯੁਗੇਸ਼ ਕਾਮਰਾ, ਗੁਰਪ੍ਰਤਾਪ ਸਿੰਘ ਛੀਨਾ, ਰਮਨਪ੍ਰੀਤ ਸਿੰਘ ਬਾਜਵਾ, ਦਰਸ਼ਨ ਸਿੰਘ ਬਾਠ, ਡਾ ਗਗਨਦੀਪ ਸਿੰਘ ਢਿੱਲੋਂ, ਮਨਜੀਤ ਸਿੰਘ ਭੁੱਲਰ ਸਮੇਤ ਸੈਂਕੜੇ ਹੋਲੀ ਸਿਟੀ ਨਿਵਾਸੀ ਹਾਜ਼ਰ ਸਨ।