ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ 95 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ।
16 ਅਪ੍ਰੈਲ ਨੂੰ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ। 18 ਅਪ੍ਰੈਲ ਨੂੰ ਉਨ੍ਹਾਂ ਦੀ ਤਬੀਅਤ ਕਾਫ਼ੀ ਵਿਗੜ ਗਈ ਅਤੇ ਉਨ੍ਹਾਂ ਨੂੰ ਆਈਸੀਯੂ ਵਿਖੇ ਤਬਦੀਲ ਕਰ ਦਿੱਤਾ ਗਿਆ। ਫੋਰਟਿਸ ਹਸਪਤਾਲ ਵਿਖੇ ਡਾਕਟਰ ਦਿਗੰਬਰ ਬੇਹਰਾ ਦੀ ਅਗਵਾਈ ਵਿੱਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ: ਬਾਦਲ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਲਿਿਖਆ, “ਪ੍ਰਕਾਸ਼ ਸਿੰਘ ਬਾਦਲ ਦੀ ਮਿਰਤੂ ਮੇਰਾ ਨਿਜੀ ਨੁਕਸਾਨ ਹੈ। ਮੇਰਾ ਉਨ੍ਹਾਂ ਨਾਲ ਕਈ ਦਹਾਕਿਆਂ ਤੱਕ ਨਜ਼ਦੀਕੀ ਸੰਪਰਕ ਰਿਹਾ ਅਤੇ ਉਨ੍ਹਾਂ ਪਾਸੋਂ ਬਹੁਤ ਕੁੱਝ ਸਿੱਖਣ ਨੂੰ ਮਿਿਲਆ। ਮੈਨੂੰ ਉਨ੍ਹਾਂ ਦੀਆਂ ਕਈ ਗੱਲਾਂ ਚੇਤੇ ਹਨ, ਜਿਨ੍ਹਾਂ ਚੋਂ ਉਨ੍ਹਾਂ ਦੀ ਸਮਝਦਾਰੀ ਸਾਫ਼ ਦਿਖਦੀ ਸੀ। ਉਨ੍ਹਾਂ ਦੇ ਪ੍ਰਵਾਰ ਅਤੇ ਉਨ੍ਹਾਂ ਦੇ ਅਨਗਿਣਤ ਪ੍ਰਸੰਸਕਾਂ ਦੇ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ।”
ਸ: ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਨਾਲ ਭਾਰਤ ਦੇ ਸੀਨੀਅਰ ਲੀਡਰਾਂ ਚੋਂ ਇਕ ਸਨ। ਉਹ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। 1970 ਵਿੱਚ 43 ਸਾਲ ਦੀ ਉਮਰ ਵਿੱਚ ਉਹ ਪੰਜਾਬ ਦੇ ਮੱੁਖ ਮੰਤਰੀ ਬਣੇ, ਉਸ ਸਮੇਂ ਉਹ ਮੱੁਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਭਾਰਤ ਦੇ ਸਭ ਤੋਂ ਨੌਜਵਾਨ ਲੀਡਰ ਸਨ। ਇਥੇ ਇਹ ਵੀ ਜਿ਼ਕਰਯੋਗ ਹੈ ਜਦੋਂ 2017 ਦੌਰਾਨ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਪੂਰਾ ਹੋਇਆ ਉਨ੍ਹਾਂ ਦੀ ਉਮਰ 90 ਸਾਲ ਦੀ ਸੀ। ਇਵੇਂ ਉਹ ਭਾਰਤ ਦੇ ਕਿਸੇ ਵੀ ਰਾਜ ਦੇ ਸਭ ਤੋਂ ਉਮਰ ਦਰਾਜ ਮੁੱਖ ਮੰਤਰੀ ਬਣੇ। ਅਜੇ ਵੀ ਇਹ ਰਿਕਾਰਡ ਉਨ੍ਹਾਂ ਦੇ ਨਾਮ ਹੈ।
ਜਨਤਾ ਪਾਰਟੀ ਦੀ ਸਰਕਾਰ ਸਮੇਂ ਉਹ ਕੇਂਦਰ ਸਰਕਾਰ ਵਿੱਚ 1979 ਤੋਂ 1980 ਤੱਕ ਖੇਤੀਬਾੜੀ ਮੰਤਰੀ ਬਣੇ ਸਨ। ਇਸ ਤੋਂ ਉਪਰੰਤ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਪੰਜਾਬ ਰਾਜ ਲਈ ਹੀ ਸਮਰਪਿਤ ਕੀਤਾ।
ਉਨ੍ਹਾਂ ਦੀ ਅੰਤਮ ਸੰਸਕਾਰ ਉਨ੍ਹਾਂ ਦੇ ਪਿੰਡ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਅੰਤਮ ਵਿਦਾਈ ਦੇਣ ਲਈ ਪਹੁੰਚਣਗੇ। ਕੇਂਦਰ ਸਰਕਾਰ ਵਲੋਂ ਦੋ ਦਿਨਾਂ ਲਈ ਸੋਗ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਤਿਰੰਗਾ ਅੱਧ ਝੁਕਿਆ ਰਹੇਗਾ। ਪੰਜਾਬ ਸਰਕਾਰ ਵਲੋਂ 27 ਅਪ੍ਰੈਲ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ ਅਤੇ ਵਿਿਦਅਕ ਅਦਾਰੇ ਬੰਦ ਰਹਿਣਗੇ।