ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ ਲਿਸ਼ਕਦੇ ਹੋਏ ਅੰਬ ਸਾਨੂੰ ਦਿਖਾਈ ਦੇਣ ਲਗਦੇ ਹਨ। ਅੰਬ ਇਕ ਅਜਿਹਾ ਫਲ ਹੈ, ਜਿਸ ਨੂੰ ਖਾਣ ਲਈ ਲੋਕ ਗਰਮੀ ਦੇ ਮੌਸਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਤੁਸੀਂ ਵੇਖਿਆ ਹੋਵੇਗਾ ਕਿ ਅੱਜਕਲ੍ਹ ਮੋਸਮ ਤੋਂ ਪਹਿਲਾਂ ਹੀ ਇਹ ਮਾਰਕੀਟ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ, ਤੇ ਉਹ ਵੀ ਐਨ ਸਾਫ਼ ਸੁਥਰੇ। ਕੀ ਅੰਬ ਵਾਕਈ ਹੀ ਇੰਨਾ ਸੋਹਣਾ ਖੂਬਸੂਰਤ ਤੇ ਲਿਸ਼ਕਿਆ ਪੁਸ਼ਕਿਆ ਹੁੰਦਾ ਹੈ। ਜਾਂ ਇਸ ਨੂੰ ਬਣਾ ਸਵਾਰ ਕੇ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ ਹੈ ਤਾਕਿ ਖਰੀਦਣ ਵਾਲੇ ਨੂੰ ਇਹ ਸੋਹਣਾ ਲੱਗੇ ਤੇ ਉਹ ਇਸ ਨੂੰ ਖਾਣ ਲਈ ਮਜ਼ਬੂਰ ਹੋ ਜਾਵੇ।
ਕਹਿੰਦੇ ਹਨ ਕਿ ਹਰ ਚਮਕਦੀ ਚੀਜ ਸੋਨਾ ਨਹੀ ਹੁੰਦੀ। ਓਸੇ ਤਰ੍ਹਾਂ ਹੀ ਹਰ ਚਮਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ। ਇਸ ਨੂੰ ਚਮਕਾਇਆ ਜਾਂਦਾ ਹੈ ਰਸਾਇਣਾਂ ਦੇ ਨਾਲ। ਅੰਬ ਨੂੰ ਕੱਚਾ ਹੀ ਦਰਖਤ ਤੋਂ ਲਾਹ ਲਿਆ ਜਾਂਦਾ ਹੈ ਤੇ ਵੱਖ-ਵੱਖ ਰਸਾਇਣਾਂ ਦੇ ਨਾਲ ਫਿਰ ਇਸਨੂੰ ਪਕਾਇਆ ਜਾਂਦਾ ਹੈ। ਇਹ ਹਾਨੀਕਾਰਕ ਰਸਾਇਣਾਂ ਦਾ ਹੀ ਯੋਗਦਾਨ ਹੈ ਕਿ ਅੰਬ ਸਮੇਂ ਤੋਂ ਪਹਿਲਾਂ ਹੀ ਬਾਜ਼ਾਰ ਵਿੱਚ ਆਉਣ ਲੱਗ ਪੈਂਦੇ ਹਨ।
ਆਮ ਤੋਰ ਤੇ ਪੱਕਣ ਦੇ ਹਿਸਾਬ ਨਾਲ ਅੰਬ ਦੋ ਤਰ੍ਹਾਂ ਦੇ ਹੀ ਹੁੰਦੇ ਹਨ। ਕੁਦਰਤੀ ਪੱਕੇ ਅਤੇ ਜ਼ਬਰਦਸਤੀ ਪੱਕੇ ਹੋਏ। ਜ਼ਬਰਦਸਤੀ ਪੱਕੇ ਹੋਏ ਅੰਬ ਕੁਦਰਤੀ ਤੌਰ ‘ਤੇ ਪੱਕੇ ਹੋਏ ਅੰਬਾਂ ਵਾਂਗ ਹੀ ਦਿਖਦੇ ਹਨ। ਪਰ ਥੋੜੇ ਜਿਹੇ ਲਿਸਕੇ-ਪੁਸ਼੍ਕੇ ਘੱਟ ਹੁੰਦੇ ਹਨ। ਕੁਦਰਤੀ ਪੱਕੇ ਅੰਬਾਂ ਚੋ ਰਸ ਵੀ ਕੁਦਰਤੀ ਤੋਰ ਤੇ ਹੀ ਰਿਸਣ ਲਗਦਾ ਹੈ, ਜਿਹੜਾ ਇਸਦੀ ਬਾਹਰੀ ਪਰਤ ਨੂੰ ਚਿਪਚਿਪਾ ਬਣਾ ਦਿੰਦਾ ਹੈ। ਜਿਆਦਾਤਰ ਲੋਕ ਅੰਬਾਂ ਨੂੰ ਖਰੀਦਦੇ ਸਮੇਂ ਇਹਨਾਂ ਦੀ ਪਹਿਚਾਨ ਨਹੀਂ ਕਰ ਪਾਉਂਦੇ ਅਤੇ ਘਰ ਲਿਜਾ ਕੇ ਖੁਸ਼ੀ-ਖੁਸ਼ੀ ਖਾਂਦੇ ਹਨ। ਅਜਿਹੇ ਅੰਬਾਂ ਦਾ ਸੁਆਦ ਲਗਭਗ ਕੁਦਰਤੀ ਤੌਰ ‘ਤੇ ਪੱਕੇ ਹੋਏ ਅੰਬਾਂ ਵਰਗਾ ਹੀ ਹੁੰਦਾ ਹੈ, ਪਰ ਇਹ ਸਿਹਤ ਲਈ ਚੰਗੇ ਨਹੀਂ ਹੁੰਦੇ।
ਅਸਲ ਵਿੱਚ ਇਹਨਾਂ ਅੰਬਾਂ ਜਾਂ ਹੋਰ ਫਲਾਂ ਨੂੰ ਪਕਾਉਣ ਲਈ ਕੁਝ ਰਸਾਇਣ ਵਰਤੇ ਜਾਂਦੇ ਹਨ। ਜਿਨ੍ਹਾਂ ਵਿਚੋਂ ਈਥੀਨ, ਈਥਾਇਨ, ਈਥੇਨਾਲ, ਈਥੇਫਾਨ ਆਦਿ ਪ੍ਰਮੁਖ ਹਨ। ਇਹ ਰਸਾਇਣ ਐਸੀਟੀਲੀਨ ਛੱਡਦੇ ਹਨ, ਜੋ ਅੰਬ ਨੂੰ ਉਸ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਪੱਕਣ ਲਈ ਮਜਬੂਰ ਕਰਦੀ ਹੈ। ਜਿਸ ਨਾਲ ਖਾਣ ਵਾਲੇ ਦੇ ਸ਼ਰੀਰ ਵਿੱਚ ਇਹਨਾਂ ਦੀ ਮਿਕਦਾਰ ਵਧ ਜਾਂਦੀ ਹੈ। ਜਿਸ ਕਾਰਨ ਸਰੀਰ ਐਸਟ੍ਰੋਜਨ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸੇ ਵਿਗੜੇ ਸੰਤੁਲਨ ਕਾਰਨ ਹੀ ਜਲਦੀ ਜਵਾਨੀ ਦੇ ਲਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਪੱਕੇ ਫਲਾਂ ਜਾਂ ਅੰਬਾਂ ‘ਚ ਮੌਜੂਦ ਕੁਦਰਤੀ ਪੌਸ਼ਟਿਕ ਤੱਤ ਅਤੇ ਖਣਿਜ ਟੁੱਟ ਜਾਂਦੇ ਹਨ। ਜੋ ਇਹਨਾਂ ਨੂੰ ਸਿਹਤ ਪੱਖੋਂ ਨੁਕਸਾਨਦਾਇਕ ਬਣਾਉਂਦੇ ਹਨ। ਸਮੇਂ ਦੇ ਨਾਲ ਅਤੇ ਕੁਦਰਤੀ ਤੌਰ ‘ਤੇ ਪੱਕੇ ਹੋਏ ਅੰਬ ਰੁੱਖ ਦੀ ਹਲਕੀ ਖੁਸ਼ਬੂ ਅਤੇ ਸੁਆਦ ਨੂੰ ਬਰਕਰਾਰ ਰੱਖਦੇ ਹਨ। ਜਦੋਂ ਕਿ ਨਕਲੀ ਤਰੀਕੇ ਨਾਲ ਪਕਾਏ ਗਏ ਅੰਬਾਂ ਦਾ ਸਵਾਦ ਅਤੇ ਮਹਿਕ ਬਹੁਤ ਤੇਜ਼ ਹੁੰਦੀ ਹੈ। ਇਸਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਦਰਤੀ ਤੋਰ ਤੇ ਪੱਕੇ ਹੋਏ ਅੰਬਾਂ ਜਾਂ ਫਲਾਂ ਦੇ ਖਾਣ ਨੂੰ ਹੀ ਤਰਜ਼ੀਹ ਦਿੱਤੀ ਜਾਵੇ, ਤੇ ਇਸ ਲਈ ਇਹ ਵੀ ਜਰੂਰੀ ਹੈ ਕਿ ਫਲ ਮੋਸਮ ਦੇ ਹਿਸਾਬ ਨਾਲ ਹੀ ਖਾਦੇ ਜਾਣ। ਮੌਸਮ ਦੇ ਮੱਧ ਵਿਚ ਅੰਬ ਖਰੀਦਣਾ ਸਭ ਤੋਂ ਵਧੀਆ ਹੈ।