ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ,
ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ।
ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ,
ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ।
ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ,
ਹਰ ਕੋਈ ਇੱਕ-ਦੂਜੇ ਨੂੰ ਲਗਾਈ ਜਾਵੇ ਪੱਜ ।
ਸਭ ਦੂਜੇ ਹੀ ਦੀ ਕੌਲੀ ਵਿੱਚ ਰੱਖਦੇ ਧਿਆਨ,
ਅੱਖਾਂ ਰੱਜਦੀਆਂ ਨਾ ਢਿੱਡ ਭਾਵੇਂ ਕਿੰਨਾ ਜਾਵੇ ਰੱਜ ।
ਤੂੰ ਸਦਾ ਨਾ ਪ੍ਰਹੁਣਾ ਬਣ ਬੈਠਣਾ ਹਮੇਸ਼ ਏਥੇ,
ਖੌਰੇ ਕਿਹੜੇ ਵੇਲੇ ਜਿੰਦ ਨੂੰ ਕਸੂਤਾ ਪੈਜੇ ਜੱਬ ।
ਕੋਈ ਨਾ ਭਰੋਸਾ ਏਥੇ ਜ਼ਿੰਦਗੀ ਤੇ ਬੰਦੇ ਦਾ ,
ਦੋਵੇਂ ਚੀਜ਼ਾਂ ਹਰ ਵੇਲੇ ਭਾਲਦੀਆਂ ਲੱਭ ।
ਏਥੇ ਚੋਰ ਵੀ ਹੈ ਓਹੋ, ਜੋ ਸਾਧ ਬਣ ਬਹਿੰਦਾ,
ਪਤਾ ਨਹੀਂ ਕਿੱਥੇ ਲੁਕ ਬਹਿ ਗਿਆ ਏ ਰੱਬ ।
ਅੱਜ…
ਪਤਾ ਨਹੀਂ ਕਿੱਥੇ ਲੁੱਕ ਬਹਿ ਗਿਆ ਏ ਰੱਬ ।