ਅੱਜ ਤੋਂ 39 ਵਰ੍ਹੇ ਪਹਿਲਾਂ ਵਰਤਾਏ ਗਏ ਵੱਡੇ ਦੁਖਾਂਤ ਸਾਕਾ ਨੀਲਾ ਤਾਰਾ ਦੀ ਹਰ ਸਾਲ ਜਦੋਂ ਵੀ ਬਰਸੀ ਆਉਂਦੀ ਹੈ ਤਾਂ ਸਿੱਖ ਕੌਮ ਦੇ ਹਿਰਦੇ ’ਚ ਚੀਸਾਂ ਉੱਠ ਖੜ੍ਹਦੀਆਂ ਹਨ। ਸਰਕਾਰ ਦਾ ਓਪਰੇਸ਼ਨ ਬਲੂ ਸਟਾਰ, ਪਰ ਸਿੱਖ ਕੌਮ ਲਈ ਤੀਜਾ ਘੱਲੂਘਾਰਾ, ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਅਤੇ ਇਤਿਹਾਸਕ ਗਲਤੀ ਸਾਬਤ ਹੋਈ । ਜਿਸ ਕਾਰਨ ਉਹ ਸਿੱਖਾਂ ’ਚ ਹੀ ਨਹੀਂ ਸਗੋਂ ਰੱਬ ਨੂੰ ਮੰਨਣ ਵਾਲੇ ਤਮਾਮ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘਿਰਣਾ ਦਾ ਪਾਤਰ ਬਣ ਗਈ ਸੀ, ਉਹ ਭਾਵੇਂ ਕਿਸੇ ਸਮੇਂ ਉਸ ਨੂੰ ਚਾਹੁਣ ਵਾਲਾ ਕੋਈ ਸੀ। ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਕਿ ਇੱਕ ਅਜਿਹੇ ਦੇਸ਼ ਵਿੱਚ ਇੱਕ ਮਹੱਤਵ ਪੂਰਨ ਧਾਰਮਿਕ ਅਸਥਾਨ ਇੱਕ ਫ਼ੌਜੀ ਕਾਰਵਾਈ ਦਾ ਕੇਂਦਰ ਬਣਿਆ, ਜਿੱਥੇ ਕਦੇ ਵੀ ਕਿਸੇ ਨਾਗਰਿਕ ਟੀਚੇ ਦੇ ਵਿਰੁੱਧ ਫ਼ੌਜੀ ਕਾਰਵਾਈ ਵਿੱਚ ਟੈਂਕਾਂ ਅਤੇ ਤੋਪਖਾਨੇ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਸਿੱਖ ਇਤਿਹਾਸ ਸਿਦਕ ਅਤੇ ਕੁਰਬਾਨੀਆਂ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਸਿੱਖ ਲਹਿਰ ਨੇ ਭਾਰਤ ਨੂੰ ਧਾਰਮਿਕ, ਰਾਜਨੀਤਿਕ ਅਤੇ ਸਮਾਜਕ ਪੱਖੋਂ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ। 18ਵੀਂ ਸਦੀ ਵਿਚ ਸਿੱਖ ਇਤਿਹਾਸ ਹੋਰ ਵੀ ਸੰਘਰਸ਼ਮਈ ਅਤੇ ਸ਼ਹੀਦੀਆਂ ਵਾਲਾ ਰਿਹਾ। ਆਪਣੇ ਸੀਮਤ ਸਾਧਨਾਂ ਅਤੇ ਅਨੇਕਾਂ ਦੁਸ਼ਵਾਰੀਆਂ ਝੱਲ ਕੇ ਵੀ ਸਿੱਖਾਂ ਨੇ ਮੁਗ਼ਲ ਹਕੂਮਤ ਅਤੇ ਫਿਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਤੇ ਜਰਵਾਣਿਆਂ ਨਾਲ ਜ਼ਬਰਦਸਤ ਟੱਕਰ ਲਈ ਅਤੇ ਆਪਣਾ ਰਾਜ ਸਥਾਪਿਤ ਕੀਤਾ। ਬੇਸ਼ੱਕ ਇਸੇ ਸਮੇਂ ਵਾਪਰੇ ਦੋ ਘੱਲੂਘਾਰਿਆਂ ਵਿਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਜਿਨ੍ਹਾਂ ਦੀ ਯਾਦ ਲੋਕ-ਮਨਾਂ ਵਿਚ ਅੱਜ ਵੀ ਕਾਇਮ ਹੈ। ਸ਼ਹਾਦਤ ਦੀ ਇਸ ਮਹਾਨ ਪਰੰਪਰਾ ਨੂੰ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਘਰਸ਼ ਵਿਚ ਅਹਿਮ ਯੋਗਦਾਨ ਪਾ ਕੇ ਜਾਰੀ ਰੱਖਿਆ।
ਆਜ਼ਾਦੀ ਤੋਂ ਬਾਅਦ ਸਿੱਖ ਕੌਮ ਸਾਹਮਣੇ ਅਨੇਕਾਂ ਸਮੱਸਿਆਵਾਂ ਦਰਪੇਸ਼ ਰਹੀਆਂ। ਪਰ 1984 ਦੇ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤਾ ਗਿਆ ਫ਼ੌਜੀ ਹਮਲਾ ਅਤੇ ਇਸੇ ਸਾਲ ਨਵੰਬਰ ਵਿਚ ਉਨ੍ਹਾਂ ਦੀ ਹੱਤਿਆ ਪਿੱਛੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤੇ ਗਏ ਨਿਰਦੋਸ਼ ਸਿੱਖਾਂ ਦਾ ਕਤਲੇਆਮ, 20ਵੀਂ ਸਦੀ ਦੇ ਇਤਿਹਾਸ ਦੀਆਂ ਦੋ ਅਜਿਹੀਆਂ ਅਹਿਮ ਘਟਨਾਵਾਂ ਸਾਬਤ ਹੋਈਆਂ, ਜਿਨ੍ਹਾਂ ਨੂੰ ਸਿੱਖ ਮਾਨਸਿਕਤਾ ਨੇ ਕਦੀ ਵੀ ਭੁੱਲਾ ਨਹੀਂ ਪਾਇਆ। ‘ਵਿਨਾਸ਼ਕਾਲੇ ਵਿਪਰੀਤ ਬੁੱਧੀ’, ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ 4 ਦਿਨਾ ਹਮਲਾ ਬੇਹੱਦ ਭਿਆਨਕ ਅਤੇ ਜ਼ਾਲਮਾਨਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕ ਮਾਰੇ ਗਏ। ਇਸ ਦੁਖਾਂਤਕ ਵਰਤਾਰੇ ਨੂੰ ਹਰ ਇਕ ਨੇ ਆਪੋ-ਆਪਣੇ ਪੱਖ ਅਤੇ ਨਜ਼ਰੀਏ ਤੋਂ ਹੀ ਪੜਚੋਲਣ ਦਾ ਯਤਨ ਕੀਤਾ । ਖ਼ੈਰ ਇਸ ਕਾਰਵਾਈ ਨੇ 1975 ਨੂੰ ਲਗਾਈ ਗਈ ਐਮਰਜੈਂਸੀ ਨੂੰ ਪਿੱਛੇ ਛੱਡ ਦਿੱਤਾ, ਜਿੱਥੇ ਇਹ ਗੈਰ ਤਰਕ ਸੰਗਤ ਸੀ ਉੱਥੇ ਇਹ ਵੋਟਾਂ ਲਈ ਫ਼ਿਰਕੂ ਧਰੁਵੀਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਸੀ।
ਕਿਸੇ ਵੀ ਸੰਵਿਧਾਨਕ ਸੰਸਥਾ ਤੋਂ ਕਿਸੇ ਵੀ ਸਰਕਾਰ ਵੱਲੋਂ ਖਾਸ ਕਰਕੇ ਘੱਟ ਗਿਣਤੀਆਂ ਦੇ ਵਿਰੁੱਧ ਚੁੱਕੇ ਗਏ ਕਿਸੇ ਵੀ ਕਦਮ ਨੂੰ ਖੁੱਲ੍ਹੇਆਮ ਰੱਦ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਜੂਨ ’84 ਦੇ ਇਸ ਹਮਲੇ ਦੌਰਾਨ ਗ੍ਰਿਫ਼ਤਾਰ ਕਰਕੇ 6 ਸਾਲ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਸਿੱਖਾਂ ਦੇ ਕੇਸ ਵਿਚ ਅਪ੍ਰੈਲ 2017 ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵੱਲੋਂ ਨਜ਼ਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਜੁਲਾਈ 2018 ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਗਏ ਅਮਲ ਨਾਲ ਇਹ ਸਪਸ਼ਟ ਹੋ ਗਿਆ ਕਿ ਮਾਨਯੋਗ ਅਦਾਲਤ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਵੀ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਨੂੰ ਬੇਲੋੜਾ ਅਤੇ ਗ਼ਲਤ ਹੋਣ ਬਾਰੇ ਆਪਣੀ ਮੋਹਰ ਲਗਾ ਦਿੱਤੀ, ਕਿ ਹਮਲਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ ਸੀ।
ਭਾਰਤੀ ਲੋਕਰਾਜ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵਕਤ ਹੋਈ ਤਬਾਹੀ ਨੇ ਸਮੁੱਚੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਸੰਪਤੀ ਦੇ ਨੁਕਸਾਨ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸੀ, ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵ ਛੱਡੇ। ਜਿਸ ਨੇ ਅੱਗੇ ਚੱਲ ਕੇ ਨਵੰਬਰ ’84 ’ਚ ਸਿੱਖ ਕਤਲੇਆਮ ਅਤੇ ਪੰਜਾਬ ਵਿੱਚ ਦੋ ਦਹਾਕਿਆਂ ਤਕ ਚੱਲਣ ਵਾਲੇ ਕਾਲੇ ਦੌਰ ਨੂੰ ਜਨਮ ਦਿੱਤਾ। ਜੇਕਰ ਕਾਂਗਰਸੀ ਆਗੂਆਂ ਸਮੇਤ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਜਾਂਦੀਆਂ ਤਾਂ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਸਕਦੇ ਸਨ। ਪਰ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਨੂੰ ਚਿੜਾਉਣ ਦਾ ਕੰਮ ਕੀਤਾ। ਇਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੀ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪੀੜਾ ਨੂੰ ਸਮਝਿਆ ਅਤੇ 2014 ਵਿਚ ਕੇਂਦਰੀ ਸਤਾ ’ਤੇ ਆਉਂਦਿਆਂ ਹੀ ਵਿਸ਼ੇਸ਼ ਜਾਂਚ ਟੀਮ ਬਣਾ ਕੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜਣਾ ਕੀਤਾ। ਕਾਂਗਰਸੀ ਆਗੂ ਸਜਣ ਕੁਮਾਰ ਅਜੇ ਵੀ ਜੇਲ੍ਹ ਵਿਚ ਹੈ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਸੀ ਬੀ ਆਈ ਨੇ ਚਾਰਜਸ਼ੀਟ ਦੇ ਦਿੱਤੀ ਹੈ।
ਨਰਿੰਦਰ ਮੋਦੀ ਦੀ ਸਿੱਖਾਂ ਪ੍ਰਤੀ ਵਿਵਹਾਰਿਕ ਪਹੁੰਚ ਪਿਛਲੀਆਂ ਹਕੂਮਤਾਂ ਵੱਲੋਂ ਦੇਸ਼ ਭਰ ਵਿਚ ਸਿੱਖ ਘੱਟ-ਗਿਣਤੀ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਪੈਦਾ ਹੋਈ ਬੇਗਾਨਗੀ ਅਤੇ ਉਦਾਸੀਨਤਾ ਦੀਆਂ ਭਾਵਨਾਵਾਂ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੋਈ। ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਨਰਿੰਦਰ ਮੋਦੀ ਇਸ ਮਹਾਨ ਦੇਸ਼ ਵਿਚ ਸਿੱਖ ਭਾਈਚਾਰੇ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਕਰਨਾ ਚਾਹੁੰਦੇ ਹਨ। ਇਸ ਮਕਸਦ ਲਈ ਉਨ੍ਹਾਂ ਨੇ ਸਿੱਖਾਂ ਦੀ 70 ਸਾਲ ਪੁਰਾਣੀ ਮੰਗ ਪੂਰੀ ਕੀਤੀ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਇਤਿਹਾਸਕ ਕਾਰਜ ਕੀਤਾ। ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਮਾਲੀ ਮਦਦ ਦਿੱਤੀ ਗਈ ਅਤੇ ਪੰਜਾਬ ਨੂੰ ਹਿਜਰਤ ਕਰਗਿਆਂ ਲਈ ਮੁੜ ਵਸੇਬਾ ਯੋਜਨਾ ਬਣਾਈ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਤਾਬਦੀਆਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਲੀ ਦੇ ਲਾਲ ਕਿਲ੍ਹੇ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵਿਸ਼ਵ ਦੇ ਰੂਬਰੂ ਕਰਨ ਦੇ ਉਪਰਾਲੇ ਵਜੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ। 1163 ਕਰੋੜ ਲਾਗਤ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਲਈ ਵੰਦੇ ਭਾਰਤ ਰੇਲਗੱਡੀ ਨੂੰ ਰੁਕਣ ਦੀ ਵਿਵਸਥਾ ਕਰਦਿਆਂ ਸਿੱਖ ਕੌਮ ਨੂੰ ਹੋਰ ਤੋਹਫ਼ਾ ਦਿੱਤਾ ਗਿਆ। ਇਸੇ ਦੌਰਾਨ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ 8 ਸਿੱਖ ਸਿਆਸੀ ਕੈਦੀਆਂ ਵਿਚੋਂ ਹੁਣ ਤਕ 6 ਰਿਹਾਅ ਕੀਤੇ ਜਾ ਚੁੱਕੇ ਹਨ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਦੀਆਂ ਉਦਾਰਵਾਦੀ ਨੀਤੀਆਂ ਸਦਕਾ ਕਈ ਬੰਦੀ ਸਿੰਘਾਂ ਦੀ ਸਮੇਂ ਸਮੇਂ ਰਿਹਾਈ ਕੀਤੀ ਜਾਂਦੀ ਰਹੀ ਜਾਂ ਪਰੋਲ ਮਿਲਦੀ ਰਹੀ ਹੈ। ਸਿੱਖਾਂ ਦੀ 35 ਸਾਲਾਂ ਤੋਂ ਜਾਰੀ 309 ਸਿਖਾਂ ਦੀ ਕਾਲੀ ਸੂਚੀ ਦਾ ਖ਼ਾਤਮਾ ਕਰਦਿਆਂ ਉਨਾਂ ਨੂੰ ਪੰਜਾਬ ਨਾਲ ਮੁੜ ਜੋੜਿਆ ਗਿਆ। ਵਿਦੇਸ਼ਾਂ ਵਿਚ ਸਿਆਸੀ ਸਰਪ੍ਰਸਤੀ ਲੈਣ ਵਾਲੇ ਸਿੱਖਾਂ ਨੂੰ ਆਸਾਨੀ ਨਾਲ ਭਾਰਤ ਆ ਜਾ ਸਕਣ ਲਈ ਪਾਸਪੋਰਟ ਬਣਾ ਕੇ ਦਿੱਤੇ ਗਏ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਰਜਿਸਟ੍ਰੇਸ਼ਨ ਮੁੜ ਸ਼ੁਰੂ ਕੀਤੀ ਗਈ। ਸ੍ਰੀ ਗੁਰੂ ਰਾਮਦਾਸ ਜੀ ਲੰਗਰ ਨੂੰ ਜੀਐਸਟੀ ਮੁਕਤ ਕਰਦਿਆਂ 325 ਕਰੋੜ ਸਾਲਾਨਾ ਖ਼ਰਚ ਅਦਾਇਗੀ ਦਾ ਪ੍ਰਬੰਧ ਕੀਤਾ। ਅੰਮ੍ਰਿਤਸਰ ਨੂੰ ਧਾਰਮਿਕ ਨਜ਼ਰੀਏ ਨਾਲ ਆਧੁਨਿਕ ਅਤੇ ਵਿਕਸਤ ਬਣਾਉਣ ਦੀ ਯੋਜਨਾ, ਗੁਜਰਾਤ ਦੇ ਕੱਛ ਇਲਾਕੇ ’ਚ ਲਖਪਤ ਗੁਰਦੁਆਰੇ ਦਾ ਨਿੱਜੀ ਦਿਲਚਸਪ ਨਾਲ ਮੁਰੰਮਤ ਕਰਾਈ ਗਈ, ਜੋ 2001 ਦੌਰਾਨ ਭੂਚਾਲ ਦੌਰਾਨ ਨੁਕਸਾਨਿਆ ਗਿਆ ਸੀ।
ਇਹ ਗੁਰਦੁਆਰਾ ਅੱਜ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਰੱਖਦਾ ਹੈ। ਜਾਮ ਨਗਰ ਗੁਜਰਾਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ 750 ਬਿਸਤਰਿਆਂ ਵਾਲੀ ਐਨੈਕਸੀ ਹਸਪਤਾਲ ਮਾਰਚ 2019 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਪੀਜੀ ਹੋਸਟਲ ਖੋਲ੍ਹਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਤੇ 529 ਹਿੰਦੂ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ। ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ ਤੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤੀ ਨਾਗਰਿਕਤਾ ਦਿੱਤੀ ਗਈ। ਸਿੱਖਾਂ ਨੂੰ ਘਰੇਲੂ ਹਵਾਈ ਸਫ਼ਰ ਦੌਰਾਨ 6 ਇੰਜ ਦੀ ਕਿਰਪਾਨ ਪਹਿਨਣ ਅਤੇ ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਦੀ ਖੁੱਲ ਦਿੱਤੀ। ਸ੍ਰੀ ਨਰਿੰਦਰ ਮੋਦੀ ਵੱਲੋਂ ਅਹਿਸਾਨ ਨਹੀਂ ਫਰਜ ਸਮਝਦਿਆਂ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਦੀ ਇਕ ਲੰਮੀ ਸੂਚੀ ਉਪਲਬਧ ਹੈ। ਉਨ੍ਹਾਂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਹਮੇਸ਼ਾਂ ਦਿਲੋਂ ਸਤਿਕਾਰ ਦਿੱਤਾ ਹੈ। ਅੱਜ ਵੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰਿਆਂ ਦੌਰਾਨ ਉੱਥੇ ਸਥਿਤ ਗੁਰਦੁਆਰਿਆਂ ’ਚ ਜਾਣ ਦੀ ਆਦਤ ਬਣਾਈ ਹੋਈ ਹੈ। ਉਹ ਕਿਸੇ ਵੀ ਗੁਰਪੁਰਬ ਦੇ ਅਵਸਰ ’ਤੇ ਆਪ ਚੱਲ ਕੇ ਗੁਰਦੁਆਰੇ ਜਾਂਦੇ ਹਨ ਜਦ ਕਿ ਇਸ ਤੋਂ ਪਹਿਲਾਂ ਹਾਕਮ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਉਣ ਨੂੰ ਪਹਿਲ ਦਿੰਦੇ ਸਨ। ਅਹਿਮ ਮੌਕਿਆਂ ਤੋਂ ਇਲਾਵਾ ਲਾਲ ਕਿਲ੍ਹੇ ਤੋਂ ਭਾਸ਼ਣ ਦੇਣ ਮੌਕੇ ਹਰੇਕ ਵਾਰ ਗੁਰੂ ਸਾਹਿਬਾਨ ਨੂੰ ਸਿੱਜਦਾ ਕਰਨਾ ਨਹੀਂ ਭੁੱਲਿਆ। ਉਸ ਲਈ ਗੁਰੂ ਸਾਹਿਬ ਕੇਵਲ ਸਿੱਖਾਂ ਦੇ ਨਹੀਂ ਸਗੋਂ ’’ਹਮਾਰੇ ਗੁਰੂ’’ ਹਨ।
ਗੁਰੂ ਸਾਹਿਬ ਦੀ ਮਿਹਰ ਸਦਕਾ ਸਿੱਖ ਕੌਮ ਦੀਆਂ ਸੱਧਰਾਂ ਅਤੇ ਅਕਾਂਖਿਆਵਾਂ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰਨ ਵਾਲੇ ਸ੍ਰੀ ਨਰਿੰਦਰ ਮੋਦੀ ਨੂੰ ’’ ਕੌਮੀ ਸੇਵਾ ਅਵਾਰਡ’’ ਨਾਲ ਸਨਮਾਨਿਤ ਕਰਨ ਸਮੇਂ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿੱਖ ਸੰਗਤਾਂ ਲਈ ਵੱਡੀ ਰੱਬੀ ਦਾਤ ਅਤੇ ’ਮਸੀਹਾ’ ਕਹਿ ਕੇ ਵਡਿਆਈ ਕੀਤੀ। ਪਰ ਇੱਥੇ ਕੇਂਦਰ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅਨੇਕਾਂ ਅਜਿਹੀਆਂ ਤਾਕਤਾਂ ਸਰਗਰਮ ਹਨ, ਜਿਨ੍ਹਾਂ ਦੇ ਭਾਰਤ ਪ੍ਰਤੀ ਆਪਣੇ ਮਨਸੂਬੇ ਹਨ ਅਤੇ ਸਿੱਖ ਕੌਮ ਨੂੰ ਵਾਰ-ਵਾਰ ਦੇਸ਼ ਨਾਲ ਟਕਰਾਉਣ ਲਈ ਉਕਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਇਹ ਹੋਰ ਵੀ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਸਿੱਖ ਘੱਟ-ਗਿਣਤੀ ਪ੍ਰਤੀ ਆਪਣੇ ਵਤੀਰੇ ਵਿਚ ਹੋਰ ਸਤਿਕਾਰ ਦਿਖਾਉਣ, ਜਿਸ ਦਾ ਕਿ ਉਹ ਹੱਕਦਾਰ ਹੈ ਤਾਂ ਜੋ ਉਹ ਗਤੀਸ਼ੀਲਤਾ ਨਾਲ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ।