ਬਾਲਾਸੋਰ- ਉੜੀਸਾ ਰਾਜ ਵਿੱਚ ਭਿਆਨਕ ਟਰੇਨ ਹਾਦਸਾ ਹੋਣ ਨਾਲ 900 ਤੋਂ ਵੱਧ ਲੋਕ ਜਖਮੀ ਹੋਏ ਹਨ ਅਤੇ ਹੁਣ ਤੱਕ 261 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰੇਲਵੇ ਅਧਿਕਾਰੀਆਂ ਅਨੁਸਾਰ ਸ਼ੁਕਰਵਾਰ ਸ਼ਾਮ ਦੇ 7 ਵਜੇ ਦੇ ਕਰੀਬ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਦੇ 10 ਤੋਂ 12 ਡੱਬੇ ਨਾਲ ਵਾਲੇ ਰੇਲ ਟਰੈਕ ਤੇ ਡਿੱਗ ਪਏ। ਕੁਝ ਦੇਰ ਬਾਅਦ ਉਸ ਟਰੈਕ ਤੇ ਆ ਰਹੀ ਯਸ਼ਵੰਤਪੁਰ ਤੋਂ ਹਾਵੜਾ ਜਾਣ ਵਾਲੀ ਟਰੇਨ ਉਨ੍ਹਾਂ ਣੱਬਿਆਂ ਤੇ ਚੜ੍ਹ ਗਈ, ਜਿਸ ਕਰਕੇ ਉਸ ਦੇ ਵੀ ਤਿੰਨ-ਚਾਰ ਡੱਬੇ ਟਰੈਕ ਤੋਂ ਉਤਰ ਗਏ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਸਥਾਨਕ ਲੋਕਾਂ ਅਨੁਸਾਰ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵੱਧ ਰਹੀ ਹੈ।
ਰਾਜ ਦੇ ਉਚ ਅਧਿਕਾਰੀਆਂ ਅਨੁਸਾਰ ਘਟਨਾ ਸਥਾਨ ਤੇ ਰਾਹਤ ਅਤੇ ਬਚਾਅ ਦਲ ਤੁਰੰਤ ਪਹੁੰਚ ਗਏ ਹਨ । ਜਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਦੇ ਲਈ 50 ਦੇ ਕਰੀਬ ਐਂਬੂਲੈਂਸ ਨੂੰ ਹਾਦਸੇ ਵਾਲੀ ਜਗ੍ਹਾ ਤੇ ਭੇਜ ਦਿੱਤਾ ਗਿਆ ਹੈ। ਬਾਲਾਸੋਰ ਵਿੱਚ ਹੈਲਪਲਾਈਨ ਨੰਬਰ 91 6782 262 286 ਜਾਰੀ ਕਰ ਦਿੱਤਾ ਗਿਆ ਹੈ। ਆਸਪਾਸ ਦੇ ਸਾਰੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਸਰਕਾਰ ਵੀ ਬਾਲਾਸੋਰ ਵਿੱਚ 6 ਮੈਂਬਰੀ ਟੀਮ ਭੇਜ ਰਹੀ ਹੈ। ਜਿਕਰਯੋਗ ਹੈ ਕਿ ਇਸ ਟਰੇਨ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਪੱਛਮੀ ਬੰਗਾਲ ਦੇ ਮੂਲ ਨਿਵਾਸੀਆਂ ਦੀ ਸੰਖਿਆ ਵੱਧ ਹੈ। ਇਸ ਦੁਰਘਟਨਾ ਦੇ ਬਾਅਦ ਲੰਬੀ ਦੂਰੀ ਦੀਆਂ 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।