ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਵਾਸਤੇ 20 ਰੋਜ਼ਾ ਗੁਰਮਤਿ ਕੈਂਪਾਂ ਦੀ ਸ਼ੁਰੂਆਤ 5 ਜੂਨ ਤੋਂ ਹੋਵੇਗੀ। ਉਹਨਾਂ ਦੱਸਿਆ ਕਿ ਇਹ ਕੈਂਪ 24 ਜੂਨ ਤੱਕ ਜਾਰੀ ਰਹਿਣਗੇ ਤੇ ਆਖਰੀ ਦਿਨ 25 ਜੂਨ ਨੂੰ ਸਮਾਪਤੀ ਵੇਲੇ ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਵਾਸਤੇ ਲਗਾਏ ਜਾ ਰਹੇ ਗੁਰਮਤਿ ਕੈਂਪਾਂ ਵਿਚ 8 ਹਜ਼ਾਰ ਤੋਂ ਵੱਧ ਬੱਚਿਆਂ ਅਤੇ ਦੋ ਸੌ ਤੋਂ ਵੱਧ ਅਧਿਆਪਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਤੋਂ ਇਲਾਵਾ ਯੂ ਪੀ ਅਤੇ ਪੰਜਾਬ ਵਿਚ ਵੀ ਇਹ ਗੁਰਮਤਿ ਕੈਂਪ ਬੱਚਿਆਂ ਵਾਸਤੇ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਇਹਨਾਂ ਕੈਂਪਾਂ ਵਿਚ 140 ਅਧਿਆਪਕਾਂ ਅਤੇ ਕਰੀਬ 4 ਹਜ਼ਾਰ ਬੱਚਿਆਂ ਨੇ ਸ਼ਮੂਲੀਅਤ ਕੀਤੀ ਸੀ ਤੇ ਇਸ ਵਾਰ ਦੋ ਸੌ ਅਧਿਆਪਕਾਂ ਦੇ 8 ਹਜ਼ਾਰ ਬੱਚਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਦਿੱਲੀ ਵਿਚ 70 ਥਾਵਾਂ ’ਤੇ ਕੈਂਪ ਲੱਗ ਰਹੇ ਹਨ ਅਤੇ ਦਿੱਲੀ ਤੋਂ ਬਾਹਰ ਕਾਨਪੁਰਾ, ਆਗਰਾ, ਲਖਨਊ ਤੋਂ ਇਲਾਵਾ ਪੰਜਾਬ ਵਿਚ ਮੋਰਿੰਡਾ ਤੇ ਹੋਰ ਥਾਵਾਂ ’ਤੇ ਇਹ ਗੁਰਮਤਿ ਕੈਂਪ ਲੱਗਣ ਦੀ ਸੰਭਾਵਨਾ ਹੈ।
ਉਹਨਾਂ ਕਿਹਾ ਕਿ ਇਸ ਵਾਰ ਕੈਂਪਾਂ ਲਈ ਤਿੰਨ ਕਿਤਾਬਾ ਗੁਰਮੁਖੀ ਦਾ ਅੱਖਰੀ ਬੋਧ ਗਿਆਨ, ਗੁਰਸਿੱਖੀ ਦੀ ਸਿੱਖਿਆ,ਗੁਰਮਤਿ ਦੇ ਮੁੱਢਲੇ ਸਿਧਾਂਤ ਤੇ ਦੱਸਾਂ ਪਾਤਸ਼ਾਹੀਆਂ ਦਾ ਇਤਿਹਾਸ, ਇਹ ਆਮ ਜਾਣਕਾਰੀ ਇਹਨਾਂ ਕਿਤਾਬਾਂ ਵਿਚ ਦਿੱਤੀ ਗਈ ਹੈ। ਜਿਹੜੇ ਬੱਚੇ ਇਹਨਾਂ ਕੈਂਪਾਂ ਤੋਂ ਇਸ ਗੁਰਸਿੱਖੀ ਦਾ ਗਿਆਨ ਲੈਣਗੇ ਤਾਂ ਉਹ ਗੁਰਬਾਣੀ ਸੌਖੀ ਸਮਝ ਸਕਣਗੇ। ਉਹਨਾਂ ਕਿਹਾ ਕਿ ਜਦੋਂ ਗੁਰਬਾਣੀ ਪੜ੍ਹ ਸਕਣਗੇ ਤੇ ਕੀਰਤਨ ਕਰ ਸਕਣਗੇ ਤਾਂ ਉਹਨਾਂ ਦਾ ਜੀਵਨ ਬਦਲੇਗਾ।
ਉਹਨਾਂ ਕਿਹਾ ਕਿ ਗੁਰਬਾਣੀ ਦੀ ਸਿੱਖਿਆ ਨਾਲ ਹੀ ਅਸੀਂ ਇਸ ਭਊ ਸਾਗਰ ਤੋਂ ਤਰ ਸਕਦੇ ਹਾਂ ਤੇ ਗੁਰਬਾਣੀ ਹੋਰਨਾਂ ਲਈ ਵੀ ਕੰਮ ਕਰਨਾ ਸਿਖਾਉਂਦੀ ਹੈ।
ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਦਾ ਮੁੱਖ ਸਿਧਾਂਤ ਗੁਰਮੁਖੀ ਅਤੇ ਗੁਰਮਤਿ ਦਾ ਸਿਧਾਂਛ ਅਤੇ ਧਰਮ ਦਾ ਪ੍ਰਚਾਰ ਘਰ ਘਰ ਤੱਕ ਤੇ ਦੁਲੀਆਂ ਦੇ ਕੋਨੇ ਕੋਨੇ ਤੱਕ ਲਿਜਾਣਾ ਜ਼ਿੰਮੇਵਾਰੀ ਹੈ।
ਉਹਨਾਂ ਦੱਸਿਆ ਕਿ ਇਹ ਕੈਂਪ 5 ਜੂਨ ਤੋਂ ਸ਼ੁਰੂ ਹੋਣਗੇ ਅਤੇ 24 ਜੂਨ ਤੱਕ ਜਾਰੀ ਰਹਿਣਗੇ ਤੇ ਆਖਰੀ ਦਿਨ 25 ਜੂਨ ਨੂੰ ਪ੍ਰੋਗਰਾਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਵੇਗਾ।