ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਟਾਫ਼ ਦੇ ਬਕਾਇਆ ਦੀ ਅਦਾਇਗੀ ਨਾ ਕਰਨ ਦੇ ਮਾਮਲੇ ’ਤੇ ਦਿੱਲੀ ਹਾਈ ਕੋਰਟ ਦੇ ਸਖ਼ਤ ਰਵੱਈੲਆ ਅਪਣਾਇਆ ਹੈ। ਇਸ ਮਸਲੇ ਤੇ ਇਕ ਸਾਂਝੇ ਤੌਰ ’ਤੇ ਪ੍ਰੈਸ ਕਾਨਫਰੰਸ ਕਰਦਿਆਂ ਸਰਨਾ ਅਤੇ ਜੀ.ਕੇ ਨੇ ਸਕੂਲਾਂ ਦੀ ਮਾਲੀ ਹਾਲਤ ਲਈ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ’ਤੇ ਜੰਮ੍ਹ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਮੇਟੀ ’ਤੇ ਕਾਬਜ਼ ਕਾਲਕਾ ਤੇ ਕਾਹਲੋ ਜੁੰਡਲੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨ੍ਹਾਂ ਦੀ ਨਾਕਾਮੀ ਦੇ ਚਲਦੇ ਕੌਮ ਦੀ ਅਜ਼ੀਮ ਵਿਰਾਸਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾਨਤਾ ਰੱਦ ਕਰਨ ਦੇ ਸੰਕੇਤ ਅਦਾਲਤ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਦਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ ਜਿਸ ਵਿਚ ਕਾਲਕਾ ਅਤੇ ਕਾਹਲੋਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਜਾਰੀ ਹੋਏ ਹਨ ।
ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਨੇ ਦਿੱਲੀ ਕਮੇਟੀ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਟਾਫ਼ ਨੂੰ 7ਵੇਂ ਪੇ ਕਮਿਸ਼ਨ ਦੇ ਮੁਤਾਬਕ ਹਲਫ਼ਨਾਮਾ ਨਾ ਦੇਣ ’ਤੇ ਮੌਜੂਦਾ ਪ੍ਰਬੰਧਕਾਂ ’ਤੇ ਅਦਾਲਤ ਦੀ ਮਾਣਹਾਨੀ ਦਾ ਨੋਟਿਸ ਦਿੱਤਾ ਹੈ ਅਤੇ ਅਗਲੇ 4 ਹਫ਼ਤਿਆਂ ਤਕ ਸਕੂਲ ਦੀ ਮਾਨਤਾ ਰੱਦ ਕਰਨ ਜਾਂ ਕਿਸੇ ਤੀਜੇ ਪੱਖ ਦੇ ਪ੍ਰਬੰਧਕ ਨੂੰ ਨਿਯੁਕਤ ਕਰਨ ਦੇ ਸੰਕੇਤ ਦਿੱਤੇ ਹਨ, ਹੁਣ ਇਹ ਸਿੱਖਿਆ ਵਿਭਾਗ ’ਤੇ ਨਿਰਭਰ ਕਰਦਾ ਹੈ ਕਿ ਉਹ ਜਾਂ ਤਾਂ ਸਾਡੇ ਸਕੂਲਾਂ ਦੀ ਮਾਨਤਾ ਰੱਦ ਕਰੇ ਜਾਂ ਉਨ੍ਹਾਂ ਨੂੰ ਚਲਾਉਣ ਲਈ ਕਿਸੇ ਤੀਜੀ ਧਿਰ ਦੇ ਪ੍ਰਬੰਧਕ ਦੀ ਚੋਣ ਕਰੇ, ਦੋਹਾਂ ਸਥਿਤੀਆਂ ਵਿਚ ਅਸੀਂ ਆਪਣੇ ਸਕੂਲਾਂ ਨੂੰ ਗੁਆਉਣ ਦੀ ਕਗਾਰ ’ਤੇ ਖੜ੍ਹੇ ਹਾਂ।
ਜੀਕੇ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੇ ਸਕੂਲ ਦੇ ਚੇਅਰਮੈਨ, ਮੇਨੇਜਰ ਅਤੇ ਪ੍ਰਿੰਸੀਪਲ ਕੋਲੋਂ ਤਾਂ ਹਲਫ਼ਿਆਂ ਬਿਆਨ ਲੈ ਕੇ ਅਦਾਲਤ ਅੰਦਰ ਜਮਾ ਕਰਵਾ ਦਿੱਤੇ ਸਨ ਪਰ ਪ੍ਰਧਾਨ ਅਤੇ ਸਕੱਤਰ ਨੇ ਆਪਣੇ ਬਿਆਨ ਜਮਾ ਨਹੀਂ ਕਰਵਾਏ, ਜਿਸ ਕਰਕੇ ਅਦਾਲਤ ਨੂੰ ਸਖ਼ਤ ਹੋਕੇ ਉਨ੍ਹਾਂ ਨੂੰ ਅਦਾਲਤ ਅੰਦਰ ਪੇਸ਼ ਹੋਣ ਲਈ ਕਿਹਾ ਹੈ । ਉਨ੍ਹਾਂ ਦਿੱਲੀ ਦੀ ਸੰਗਤ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਜੀ ਅਜ ਕਮੇਟੀ ਅਤੇ ਸਕੂਲਾਂ ਦੀ ਮਾੜੀ ਹਾਲਾਤ ਦੇ ਜਿੰਮੇਵਾਰ ਤੁਸੀਂ ਵੀਂ ਹੋ ਕਿਉਂਕਿ ਇਹੋ ਜਿਹੇ ਨਾਕਾਬਿਲ ਆਗੂ ਤੁਸੀਂ ਚੁਣੇ ਹਨ । ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਜੋ ਬਰਬਾਦੀ ਕੀਤੀ ਜਾ ਰਹੀ ਹੈ ਓਹ ਬਰਦਾਸ਼ਤ ਤੋਂ ਬਾਹਰ ਹੈ ਤੇ ਬਦਲਵੀ ਕਮੇਟੀ ਆਣ ਦੇ ਬਾਵਜੂਦ ਵੀਂ ਅਗਲੇ ਕਈ ਸਾਲਾਂ ਤਕ ਵੀਂ ਇਸ ਦੀ ਭਰਪਾਈ ਹੋਣੀ ਮੁਸ਼ਕਿਲ ਹੈ ।
ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਕਾਲਕਾ ਅਤੇ ਉਸ ਦੇ ਸਾਥੀਆਂ ਨੂੰ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਉਹ ਮੁਲਾਜ਼ਮਾਂ ਪ੍ਰਤੀ ਆਪਣੀ ਮੁੱਢਲੀ ਜ਼ਿੰਮੇਵਾਰੀ ਵੀ ਨਹੀਂ ਨਿਭਾਅ ਰਹੇ ਹਨ ਤਾਂ ਉਨ੍ਹਾਂ ਨੂੰ ਫ਼ੌਰਨ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ੇਕਰ ਮੌਜੂਦਾ ਕਮੇਟੀ ਸਕੂਲ ਨਹੀਂ ਸਾਂਭ ਸਕਦੀ ਹੈ ਤਾਂ ਓਹ ਇਨ੍ਹਾਂ ਨੂੰ ਸਾਡੇ ਹਵਾਲੇ ਕਰ ਦੇਣ ਅਸੀ ਉਨ੍ਹਾਂ ਨੂੰ ਸਿਰਫ ਦੋ ਸਾਲਾਂ ਵਿਚ ਮੁੜ ਲੀਹਾਂ ਤੇ ਲੈ ਆਵਾਂਗੇ ਅਤੇ ‘‘ਅਸੀਂ ਆਪਣੇ ਸਕੂਲਾਂ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਰੱਖਿਆ ਤੇ ਕੌਮ ਦੀਆਂ ਇਨ੍ਹਾਂ ਗੌਰਮਈ ਸੰਸਥਾਵਾਂ ਦੀ ਸ਼ਾਨ ਨੂੰ ਬਹਾਲ ਕਰਨ ਲਈ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ।”