ਅੰਮ੍ਰਿਤਸਰ: ਪੰਜਾਬ ਵਿੱਚ, ਖਾਸ ਕਰਕੇ ਰਾਜ ਦੇ ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ ਵੱਧ ਰਹੇ ਨਸ਼ਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਨੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਪੁੱਟਣ ਲਈ ਸੀਨੌਡਿਕਲ ਬੋਰਡ ਆਫ ਸੋਸ਼ਲ ਸਰਵਿਸਿਜ਼ (ਐਸਬੀਐਸਐਸ), ਸੀਐਨਆਈ, ਅਤੇ ਦੇਹਰਾਦੂਨ ਸਥਿਤ ਪੁਨਰਵਾਸ ਕੇਂਦਰ ‘ਨਿਜਾਤ’ ਦੇ ਸਹਿਯੋਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ।
‘ਦਿ ਨਾਜ਼ਰਥ ਮੈਨੀਫੈਸਟੋ’ ਦੇ ਨਾ ਨਾਲ ਜਾਣੀ ਜਾਂਦੀ ਇਹ ਪਹਿਲਕਦਮੀ ਪ੍ਰਭੂ ਯਿਸੂ ਮਸੀਹ ਦੇ ਪਾਪ ਅਤੇ ਹਰ ਪ੍ਰਕਾਰ ਦੇ ਜ਼ੁਲਮ ਦੇ ਸਤਾਏ ਲੋਕਾਂ ਨੂੰ ਮੁਕਤੀ, ਚੰਗਾਈ, ਅਤੇ ਉਨ੍ਹਾਂ ਸਭਨਾ ਤੇ, ਜਿੰਦੇ ਉਨ੍ਹਾਂ ਤੇ ਵਿਸ਼ਵਾਸ ਰੱਖਦੇ ਹਨ, ਰੱਬ ਦੀ ਕਿਰਪਾ ਦਾ ਐਲਾਨ ਦੇ ਸੰਦੇਸ਼ ਦੀ ਸਮਾਨਾਰਥੀ ਹੈ, ਅਤੇ ਇਸਦਾ ਉਦੇਸ਼ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣਾ ਹੈ। ਰੰਗਮੰਚ ਨੂੰ ਆਪਣਾ ਹਥਿਆਰ ਬਣਾਉਂਦੇ ਹੋਏ, ਡਾਇਸਿਸ ਨੇ ਇਸ ਟੀਚੇ ਦੀ ਪ੍ਰਾਪਤੀ ਲਈ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕਾਂ ਦਾ ਸਹਾਰਾ ਲਿਆ ਹੈ।
ਡੀਓਏ, ਸੀਐਨਆਈ, ਦੇ ਸਮਾਜਿਕ-ਆਰਥਿਕ ਵਿਕਾਸ ਪ੍ਰੋਗਰਾਮ (ਐਸਈਡੀਪੀ) ਦੀ ਅਗਵਾਈ ਹੇਠ ਕਲਾਕਾਰਾਂ ਦੀ ਟੀਮ ਨੇ ਅਟਾਰੀ ਖੇਤਰ ਦੇ ਪਿੰਡ ਅਟਲਗੜ੍ਹ ਅਤੇ ਖੇਮਕਰਨ ਖੇਤਰ ਦੇ ਪਿੰਡ ਬਾਸਰਕੇ ਅਤੇ ਸੀਤੋ ਵਿੱਚ ਨੁੱਕੜ ਨਾਟਕ ਪੇਸ਼ ਕੀਤੇ। “ਇਨ੍ਹਾਂ ਕਲਾਕਾਰਾਂ ਨੂੰ ਨਿਜਾਤ ਦੇ ਮਾਹਰਾਂ ਦੁਆਰਾ ਵਿਧੀਵਤ ਸਿਖਲਾਈ ਦਿੱਤੀ ਗਈ ਸੀ,” ਮੋਸਟ ਰੇਵ ਡਾ ਪੀ ਕੇ ਸਾਮੰਤਾਰਾਏ, ਬਿਸ਼ਪ, ਡਾਇਓਸਿਸ ਆਫ਼ ਅੰਮ੍ਰਿਤਸਰ, ਸੀਐਨਆਈ ਨੇ ਕਿਹਾ।
ਡਾਇਸਿਸ ਨੇ ਉਨ੍ਹਾਂ ਨਸ਼ਾ ਕਰਨ ਵਾਲਿਆਂ, ਜੋ ਆਪਣੀ ਨਸ਼ਿਆਂ ਦੀ ਲਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਦੇ ਸਵੈ-ਮੁਲਾਂਕਣ ਵਿੱਚ ਸਹਾਇਤਾ ਕਰਨ ਲਈ ਇੱਕ ਪ੍ਰਸ਼ਨਾਵਲੀ ਵੀ ਤਿਆਰ ਕੀਤੀ ਹੈ। ਇੱਕ ਸਰਵੇਖਣ ਦਾ ਹਵਾਲਾ ਦਿੰਦਿਆਂ, ਬਿਸ਼ਪ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ ਹਰ ਉਮਰ ਵਰਗ ਦੇ ਲੋਕ ਨਸ਼ੇ ਦੇ ਆਦੀ ਹਨ। “ਪੰਜਾਬ ਵਿੱਚ ਇਸ ਖ਼ਤਰੇ ਨੇ ਮਹਾਂਮਾਰੀ ਦਾ ਰੂਪ ਲੈ ਲਿਆ ਹੈ। ਲੋਕ ਨਸ਼ੇ ਦੀ ਓਵਰਡੋਜ਼ ਅਤੇ ਖੁਦਕੁਸ਼ੀਆਂ ਨਾਲ ਮਰ ਰਹੇ ਹਨ। ਅਪਰਾਧ ਦਰ ਸਭ ਤੋਂ ਉੱਚੇ ਪੱਧਰ ‘ਤੇ ਹੈ। ਇਸ ਖਤਰੇ ਨੂੰ ਖਤਮ ਕਰਨ ਲਈ ਗੰਭੀਰ ਅਤੇ ਠੋਸ ਯਤਨਾਂ ਦੀ ਲੋੜ ਹੈ,” ਉਨ੍ਹਾਂ ਨੇ ਕਿਹਾ।
“ਯਿਸੂ ਮਸੀਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਆਇਆ ਤਾਂ ਜੋ ਉਹ ਜੀਵਨ ਦਾ ਭਰਪੂਰ ਆਨੰਦ ਮੰਨ ਸਕਣ। ਪਰ ਨਸ਼ਾਖੋਰੀ ਲੋਕਾਂ ਤੋਂ ਇਹ ਖਾਸ ਅਧਿਕਾਰ ਖੋਹ ਰਹੀ ਹੈ। ਅਸੀਂ ਸਿਰਫ਼ ਨਸ਼ਾ ਕਰਨ ਵਾਲੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ ਜੋ ਵੀ ਹੋਵੇ, ਪ੍ਰਮਾਤਮਾ ਉਨ੍ਹਾਂ ਨੂੰ ਪ੍ਰੇਮ ਕਰਦਾ ਹੈ, ਅਤੇ ਉਹ ਅਜੇ ਵੀ ਇੱਕ ਖੁਸ਼ਹਾਲ ਅਤੇ ਸੰਪੂਰਨ ਜੀਵਨ ਜੀ ਸਕਦੇ ਹਨ,” ਡਾ. ਸਾਮੰਤਾਰਾਏ ਨੇ ਕਿਹਾ।
ਸੱਭਿਆਚਾਰ ਨੂੰ ਇਸ ਸਮੱਸਿਆ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਦੱਸਦੇ ਹੋਏ, ਬਿਸ਼ਪ ਸਾਮੰਤਾਰਾਏ ਨੇ ਜਨਤਾ ਨੂੰ ਇਸ ਸਬੰਧ ਵਿੱਚ ਡਾਇਸਿਸ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ। “ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣਾ ਸਿਰਫ ਕੁਝ ਚੋਣਵੇਂ ਲੋਕਾਂ ਦਾ ਹੀ ਅਧਿਕਾਰ ਨਹੀਂ ਹੈ। ਇਹ ਉਨ੍ਹਾਂ ਸਾਰਿਆਂ ਲੋਕਾਂ ਦਾ ਫਰਜ਼ ਬਣਦਾ ਹੈ ਜੋ ਆਪਣੇ ਆਪ ਨੂੰ ਪੰਜਾਬੀ ਕਹਾਉਣ ‘ਤੇ ਮਾਣ ਕਰਦੇ ਹਨ ਕਿਉਂਕਿ ਇਹ ਸਮੱਸਿਆ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਕਿਸੇ ਦੀ ਜਾਨ ਨੂੰ ਖਤਰੇ ‘ਚ ਪਾ ਦਿੰਦੀ ਹੈ। ਆਓ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਰਲ ਕੇ ਕੰਮ ਕਰੀਏ,” ਉਨ੍ਹਾਂ ਕਿਹਾ।