ਦਿੱਲੀ –: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਕਲਰਕ ਦੀ ਗਲਤੀ ਕਰਾਰ ਦੇਣ ਵਾਲੇ ਬਾਦਲ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਇਹਨਾਂ ਵਲੋਂ ਗੋਲਕ ਚੋਰ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਸਟੇਜਾਂ ਸਾਂਝੀਆਂ ਕਰਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਬਰਬਾਦੀ ਲਈ ਮੋਜੂਦਾ ਪ੍ਰਬੰਧਕਾਂ ਨੂੰ ਦੋਸ਼ੀ ਕਰਾਰ ਦੇਣ ਲਈ ਤਰਲੋ-ਮੱਛੀ ਹੋਣ ਅਤੇ ਇਹਨਾਂ ਸਕੂਲਾਂ ‘ਚ ਸਰਕਾਰੀ ਪ੍ਰਸ਼ਾਸਕ ਨਿਯੁਕਤ ਕਰਨ ‘ਤੇ ਸਕੂਲਾਂ ਦੀ ਮਾਨਤਾ ਰੱਦ ਹੋਣ ‘ਤੇ ਘੜ੍ਹਿਆਲੀ ਅਥਰੂ ਵਹਾਣੁਨ ਵਾਲਿਆਂ ਨੂੰ ਤਾੜ੍ਹਨਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਹਨਾਂ ਸਕੂਲਾਂ ਦੇ ਮਾੜ੍ਹੇ ਵਿਤੀ ਹਾਲਾਤਾਂ ਲਈ ਦਿੱਲੀ ਕਮੇਟੀ ‘ਤੇ ਦਹਾਕਿਆਂ ਤੋਂ ਕਾਬਿਜ ਸਾਰੇ ਪ੍ਰਬੰਧਕ ਪੂਰੀ ਤਰਾੰ ਨਾਲ ਜੁੰਮੇਵਾਰ ਹਨ। ਉਨ੍ਹਾਂ ਦਸਿਆ ਕਿ ਅਯੋਗ ‘ਤੇ ਗੈਰ-ਕਾਨੂੰਨੀ ਬੇਲੋੜ੍ਹੀਦੀਆਂ ਬੇਤਹਾਸ਼ਾ ਭਰਤੀਆਂ ਦੀ ਸ਼ੁਰੁਆਤ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ‘ਚ ਸਾਲ 2013 ਤੱਕ ਹੁੰਦੀ ਰਹੀ ਸੀ ‘ਤੇ ਇਸ ਤੋਂ ਮਗਰੋਂ ਅਗਲੇਰੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਹਨਾਂ ਭਰਤੀਆਂ ‘ਤੇ ਠੱਲ ਪਾਉਣ ਦਾ ਕੋਈ ਉਪਰਾਲਾ ਨਹੀ ਕੀਤਾ ਸੀ, ਜਦਕਿ ਉਨ੍ਹਾਂ ਵਲੋਂ ਬਣਾਈ ਸਬ-ਕਮੇਟੀ ਨੇ ਇਹਨਾਂ ਸਕੂਲਾਂ ‘ਚ ਪੋਸਟ-ਫਿਕਸੇਸ਼ਨ ਨੀਤੀ ਨੁੰ ਲਾਗੂ ਕਰਨ ਦੀ ਇਕ ਵਿਸਤਾਰ ਪੂਰਕ ਰਿਪੋਰਟ ਦਿੱਤੀ ਸੀ, ਜਿਸਦੀ ਕਾਪੀ ਉਨ੍ਹਾਂ (ਇੰਦਰ ਮੋਹਨ ਸਿੰਘ) ਪਾਸ ਹੁਣ ਵੀ ਮੋਜੂਦ ਹੈ। ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਸਰਨਾ ਭਰਾ ਕਰੋੜ੍ਹਾਂ ਰੁਪਏ ਇਹਨਾਂ ਸਕੂਲਾਂ ਲਈ ਸਾਲ 2013 ‘ਚ ਛੱਡ ਕੇ ਗਏ ਸਨ ਤਾਂ ਹੁਣ ਉਹ ਆਪਣੇ ਅਗਲੇਰੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪਾਸੋ ਇਸ ਰਕਮ ਦਾ ਹਿਸਾਬ ਕਿਉਂ ਨਹੀ ਮੰਗਦੇ ਜੋ ਮੋਜੂਦਾ ਸਮੇਂ ਇਹਨਾਂ ਦਾ ਚਹੇਤਾ ਭਾਈਵਾਲ ਹੈ ?
ਇੰਦਰ ਮੋਹਨ ਸਿੰਘ ਨੇ ਕਿਹਾ ਕਿ ਦਹਾਕਿਆਂ ਤੋਂ ਦਿੱਲੀ ਕਮੇਟੀ ਦੇ ਅਹੁਦੇਦਾਰਾ ਵਲੋਂ ਆਪਣੇ ਸਿਆਸੀ ਮੁਫਾਦਾਂ ‘ਤੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਵਿਦਿਅਕ ਅਦਾਰਿਆਂ ਦੀ ਕਮਾਨ ਉਹਨਾਂ ਪ੍ਰਬੰਧਕਾਂ ਦੇ ਹੱਥ ਦਿੱਤੀ ਜਾਂਦੀ ਰਹੀ ਹੈ, ਜਿਹਨਾਂ ਨੂੰ ਸਿਖਿਆਂ ‘ਤੇ ਪ੍ਰਸ਼ਾਸਨ ਦੀ ਕੋਈ ਖਾਸ ਜਾਣਕਾਰੀ ਨਹੀ ਹੁੰਦੀ ਹੈ। ਉਨ੍ਹਾਂ ਦਸਿਆ ਕਿ ਆਪਸੀ ਖਹਿਬਾਜੀ ਦੇ ਚਲਦਿਆਂ ਬਾਲਾ ਸਾਹਿਬ ਹਸਪਤਾਲ ਖੰਡਰ ਹੋ ਚੁੱਕਾ ਹੈ ‘ਤੇ ਦਿੱਲੀ ਕਮੇਟੀ ਦੇ 2 ਮੈਨੇਜਮੈਂਟ ਅਦਾਰੇ ਪੂਰੀ ਤਰ੍ਹਾਂ ਨਾਲ ਬੰਦ ਹੋ ਚੁਕੇ ਹਨ । ਇਸ ਤੋਂ ਇਲਾਵਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ 12 ਬਰਾਂਚਾਂ ‘ਤੇ ਸਰਕਾਰ ਵਲੋਂ ਪ੍ਰਸ਼ਾਸਕ ਨਿਯੁਕਤ ਕਰਨ ਜਾਂ ਗੈਰ- ਮਾਨਤਾ ਕਰਾਰ ਦੇਣ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਨਿਯੁਕਤ ਕਰਨ ਜਾਂ ਗੁਰੂ ਦੀ ਗੋਲਕ ‘ਚੋਂ ਸਕੂਲਾਂ ਨੂੰ ਵਿੱਤੀ ਸਹਾਇਤਾ ਦੇਣ ਨਾਲ ਇਸ ਨਾਸੂਰ ਬੀਮਾਰੀ ਦਾ ਹਲ ਨਹੀ ਹੋ ਸਕਦਾ ਹੈ ਜਦੋਂ ਤੱਕ ਇਹਨਾਂ ਸਕੂਲਾਂ ਦੀ ਆਮਦਨ ‘ਚ ਵਾਧਾ ਨਹੀ ਕੀਤਾ ਜਾਂਦਾ ਹੈ। ਇੰਦਰ ਮੋਹਨ ਸਿੰਘ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਰਾਜਨੀਤੀ ਰੋਟੀਆਂ ਸੇਕਣ ਤੋਂ ਗੁਰੇਜ ਕਰਨ ‘ਤੇ ਮੋਜੂਦਾ ਕਮੇਟੀ ਪ੍ਰਬੰਧਕਾਂ ਦਾ ਸਹਿਯੋਗ ਦੇਕੇ ਕੋਮ ਦੇ ਵਿਦਿਅਕ ਅਦਾਰਿਆਂ ਨੂੰ ਬਚਾਉਣ ਦਾ ਉਪਰਾਲਾ ਕਰਨ।