ਬਲਾਚੌਰ, ਉਮੇਸ਼ ਜੋਸ਼ੀ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਰਹਿਨੁਮਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ‘ਵਿਸ਼ਵ ਖੂਨਦਾਤਾ ਦਿਵਸ’ ਮਨਾਇਆ ਗਿਆ, ਜਿਸ ਦਾ ਥੀਮ ‘ਖੂਨਦਾਨ ਕਰੋ, ਪਲਾਜ਼ਮਾ ਦਿਓ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’ ਹੈ। ਵਿਸ਼ਵ ਸਿਹਤ ਸੰਗਠਨ ਹਰ ਸਾਲ ਵਿਸ਼ਵ ਖੂਨਦਾਤਾ ਦਿਵਸ ‘ਤੇ ਵਿਸ਼ੇਸ਼ ਥੀਮ ਜਾਰੀ ਕਰਦਾ ਹੈ। ਇਸ ਸਾਲ ਦੇ ਥੀਮ ਦਾ ਜ਼ੋਰ ਜ਼ਿੰਦਗੀ ਬਚਾਉਣ ਲਈ ਪਲਾਜ਼ਮਾ ਤੇ ਖੂਨਦਾਨ ਕਰਨ ਦੇ ਵਿਚਾਰ ਨੂੰ ਫੈਲਾਉਣਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਸਮੂਹ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰਾਂ ਨੂੰ ਖੂਨਦਾਨ ਕਰਨ ਲਈ ਸਹੁੰ ਚੁਕਾਈ। ਡਾ. ਮਾਨ ਨੇ ਸਵੈ-ਇੱਛੁਕ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਤ ਕਰਨ ਲਈ ਵੱਡੀ ਪੱਧਰ ‘ਤੇ ਅੱਗੇ ਆਉਣ ਤਾਂ ਜੋ ਕਿਸੇ ਵੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਲਈ ਖੂਨ ਦਾ ਉਚਿੱਤ ਸਟਾਕ ਮੌਜੂਦ ਰਹੇ। ਉਨ੍ਹਾਂ ਹੋਰ ਕਿਹਾ, “ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰੀਏ, ਉਤਸ਼ਾਹਿਤ ਕਰੀਏ ਅਤੇ ਹਰ ਤਰ੍ਹਾਂ ਦੀਆਂ ਮਨੁੱਖਤਾਵਾਦੀ ਸਰਗਰਮੀਆਂ ਲਈ ਤਿਆਰ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਦੁੱਖ-ਤਕਲੀਫਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।”
ਉਨ੍ਹਾਂ ਸਵੈ-ਇੱਛੁਕ ਖੂਨਦਾਨੀਆਂ ਨੂੰ ਸੱਦਾ ਦਿੰਦਿਆਂ ਦੱਸਿਆ, “ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਸੇਵਾ ਹੈ।” ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ – ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ਉੱਤੇ ਕਾਬੂ ਰਹਿੰਦਾ ਹੈ। ਡਾ. ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਘੱਟੋ ਘੱਟ ਸਾਲ ਵਿੱਚ ਇਕ ਵਾਰੀ ਆਪਣੇ ਜਨਮਦਿਨ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ ਉੱਤੇ ਖੂਨਦਾਨ ਕਰਨ। ਇਹ ਸਮਾਂ ਉਨ੍ਹਾਂ ਲਈ ਸਿਰਫ ਯਾਦਗਾਰ ਹੀ ਨਹੀਂ ਬਣੇਗਾ ਸਗੋਂ ਉਨ੍ਹਾਂ ਲਈ ਵੀ ਯਾਦਗਾਰੀ ਹੋਵੇਗਾ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ।”
ਉਨ੍ਹਾਂ ਅੱਗੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਆਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵਿਅਕਤੀ ਸਵੈ ਇੱਛੂਕ ਖੂਨਦਾਨ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਈ-ਰਕਤਕੋਸ਼ ਵੈਬਸਾਈਟ ‘ਤੇ ਰਜਿਸਟਰਡ ਕਰਕੇ ਜ਼ਰੂਰਤ ਮੁਤਾਬਿਕ ਖੂਨਦਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਬਲਾਕ ਪੱਧਰ ਅਤੇ ਸਬ ਡਵੀਜ਼ਨਲ ਪੱਧਰ ਤੇ ਬਲੱਡ ਗਰੁੱਪ ਟੈਸਟਿੰਗ ਮਹੁੱਈਆਂ ਕਰਵਾਈ ਜਾਂਦੀ ਹੈ, ਜਿੱਥੇ ਖੂਨਦਾਨ ਕਰਨ ਦੇ ਇਛੁੱਕ ਵਿਅਕਤੀ ਆਪਣਾ ਖੂਨਦਾਨ ਕਰ ਸਕਣਗੇ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।