ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਆਪਣੇ ਘਰ ਪਰਿਵਾਰ ਲਈ ਹਰ ਕੋਈ ਮਿਹਨਤ ਮੁਸ਼ੱਕਤ ਕਰਦਾ ਹੈ ਪਰ ਉਹਨਾਂ ਲੋਕਾਂ ਦਾ ਨਾਮ ਹੀ ਸੁਨਹਿਰੀ ਅੱਖਰਾਂ ‘ਚ ਲਿਖਿਆ ਮਿਲਦਾ ਹੈ ਜੋ ਸਮਾਜ ਦੀ ਬਿਹਤਰੀ ਲਈ ਵੀ ਤਤਪਰ ਰਹਿੰਦੇ ਹਨ। ਸਕਾਟਲੈਂਡ ਵਸਦੇ ਭਾਈਚਾਰੇ ਲਈ ਮਾਣ ਵਾਲੀ ਖਬਰ ਹੈ ਕਿ ਗਲਾਸਗੋ ਦੀ ਬੇਹੱਦ ਨਿਮਰ ਸਖਸ਼ੀਅਤ ਡਾ: ਇੰਦਰਜੀਤ ਸਿੰਘ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਸ਼ਾਹੀ ਪਰਿਵਾਰ ਵੱਲੋਂ ਮੈਂਬਰ ਆਫ ਬ੍ਰਿਟਿਸ਼ ਐਂਪਾਇਰ (ਐੱਮ ਬੀ ਈ) ਦਾ ਸਨਮਾਨ ਹਾਸਲ ਹੋਇਆ ਹੈ। ਕਿੰਗ ਚਾਰਲਸ ਤੀਜੇ ਦੇ ਜਨਮ ਦਿਨ ਮੌਕੇ ਵੱਖ-ਵੱਖ ਖੇਤਰਾਂ ‘ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਡਾ: ਇੰਦਰਜੀਤ ਸਿੰਘ ਦਾ ਨਾਮ ਵੀ ਐਮ.ਬੀ.ਈ. ਸਨਮਾਨ ਹਾਸਲ ਕਰਨ ਵਾਲਿਆਂ ਵਿਚ ਸ਼ੁਮਾਰ ਹੈ। ਜ਼ਿਕਰਯੋਗ ਹੈ ਕਿ 76 ਸਾਲਾ ਡਾ: ਇੰਦਰਜੀਤ ਸਿੰਘ ਦਾ ਜਨਮ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਮੌਂਟਗੁਮਰੀ ‘ਚ ਹੋਇਆ ਸੀ। ਵੰਡ ਸਮੇਂ ਉਹ ਮਹਿਜ ਕੁਝ ਕੁ ਮਹੀਨੇ ਦੇ ਸਨ ਤੇ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਸ਼ਹਿਰ ‘ਚ ਆ ਵਸਿਆ। ਸੰਨ 1973 ਵਿੱਚ ਡਾ. ਇੰਦਰਜੀਤ ਸਿੰਘ ਨੇ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੂੰ ਆਪਣੀ ਕਰਮਭੂਮੀ ਵਜੋਂ ਚੁਣਿਆ। ਸੰਨ 2014 ‘ਚ ਸੇਵਾ-ਮੁਕਤ ਹੋਣ ਤੱਕ ਉਹ ਡਾਕਟਰੀ ਕਿੱਤੇ ਨੂੰ ਸਮਰਪਿਤ ਰਹੇ। ਆਪਣੀ ਰੋਜੀ ਰੋਟੀ ਦੀ ਦੌੜ ਦੇ ਨਾਲ ਨਾਲ ਉਹ ਵੱਖ-ਵੱਖ ਖੈਰਾਤੀ ਸੰਸਥਾਵਾਂ ਲਈ ਕੰਮ ਨਿਸ਼ਕਾਮ ਕਾਰਜ ਕਰਦੇ ਰਹੇ। ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲੇ ਗੌਰ ਹਨ। ਇਸ ਸਨਮਾਨ ਲਈ ਨਾਮਜ਼ਦ ਹੋਣ ‘ਤੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ‘ਚ ਹੋਰ ਵਾਧਾ ਹੋਇਆ ਹੈ। ਡਾ: ਇੰਦਰਜੀਤ ਸਿੰਘ ਨੇ ਜਿੱਥੇ ਸ਼ਾਹੀ ਪਰਿਵਾਰ ਦਾ ਧੰਨਵਾਦ ਕੀਤਾ ਹੈ, ਉੱਥੇ ਇਹ ਸਨਮਾਨ ਸਕਾਟਲੈਂਡ ਵਸਦੇ ਭਾਈਚਾਰੇ ਨੂੰ ਸਮਰਪਿਤ ਕੀਤਾ ਹੈ। ਉਹਨਾਂ ਕਿਹਾ ਕਿ ਭਾਈਚਾਰੇ ਦੇ ਲੋਕਾਂ ਵੱਲੋਂ ਬਖਸ਼ੇ ਮੋਹ ਪਿਆਰ, ਸਤਿਕਾਰ ਤੇ ਭਰੋਸੇ ਦੀ ਬਦੌਲਤ ਹੀ ਇਹ ਸਨਮਾਨ ਪ੍ਰਾਪਤ ਹੋਣਾ ਸੰਭਵ ਹੋਇਆ ਹੈ ਤੇ ਸਮੁੱਚਾ ਭਾਈਚਾਰਾ ਹੀ ਇਸ ਸਨਮਾਨ ਦਾ ਮਾਲਕ ਹੈ।
ਗਲਾਸਗੋ: ਬੇਹੱਦ ਨਿਮਰ ਤੇ ਸੂਝਵਾਨ ਇਨਸਾਨ ਵਜੋਂ ਜਾਣੇ ਜਾਂਦੇ ਡਾ: ਇੰਦਰਜੀਤ ਸਿੰਘ ਸ਼ਾਹੀ ਪਰਿਵਾਰ ਵੱਲੋਂ ਮਿਲਣ ਵਾਲੇ ਸਨਮਾਨ ਐੱਮ.ਬੀ.ਈ. ਲਈ ਨਾਮਜ਼ਦ
This entry was posted in ਅੰਤਰਰਾਸ਼ਟਰੀ.