ਡਾ.ਸਤਿੰਦਰ ਪਾਲ ਸਿੰਘ ਸਿੱਖ ਧਰਮ ਦਾ ਪ੍ਰਬੁੱਧ ਤੇ ਪ੍ਰਤੀਬਧ ਵਿਦਵਾਨ ਹੈ। ਉਸ ਦੀਆਂ ਪੁਸਤਕਾਂ ਸਿੱਖ ਧਰਮ ਦੀ ਜੀਵਨ ਜਾਚ ਦੀ ਵਿਚਾਰਧਾਰਾ ਨਾਲ ਸੰਬੰਧਤ ਹੁੰਦੀਆਂ ਹਨ। ਚਰਚਾ ਅਧੀਨ ਉਸ ਦੀ ਪੁਸਤਕ ‘ਜੀਵਨ ਸਫਲਤਾ ਲਈ ਗੁਰਮਤਿ’ ਵੀ ਸਿੱਖ ਧਰਮ ਦੀ ਸਫਲ ਜੀਵਨ ਜਿਓਣ ਦੀ ਵਿਚਾਰਧਾਰਾ ਨੂੰ ਆਪਣੇ ਪੰਜ ਲੇਖਾਂ ਵਿੱਚ ਵਿਸਤਾਰ ਪੂਰਬਕ ਦਰਸਾਉਂਦੀ ਹੈ ਤਾਂ ਜੋ ਮਾਨਵਤਾ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਸਫ਼ਲ ਜੀਵਨ ਜਿਓ ਸਕੇ। ਲੇਖਕ ਨੇ ਹਰ ਨੁਕਤੇ ਨੂੰ ਸਮਝਾਉਣ ਲਈ ਪਹਿਲਾਂ ਸਮਾਜਿਕ ਜੀਵਨ ਵਿੱਚੋਂ ਉਦਾਰਨਾ ਦੇ ਕੇ ਗੁਰਬਾਣੀ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਜੀਵਨ ਸਫਲਤਾ ਹੋ ਸਕਦਾ ਹੈ। ਗੁਰਮਿਤ ਹੀ ਸਫਲਤਾ ਦਾ ਆਧਾਰ ਬਣਦੀ ਹੈ। ਇਸ ਪੁਸਤਕ ਦਾ ਪਹਿਲਾ ਲੇਖ ਪੁਸਤਕ ਦੇ ਸਿਰਲੇਖ ਵਾਲਾ ਹੀ ‘ਜੀਵਨ ਸਫਲਤਾ ਲਈ ਗੁਰਮਤਿ’ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਇਨਸਾਨ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਂਦਾ। ਜ਼ਿੰਦਗੀ ਵਿੱਚ ਸੁਖ ਸਹੂਲਤਾਂ ਦਾ ਆਨੰਦ ਲੈਣ ਲਈ ਸਪਨੇ ਤਾਂ ਜ਼ਰੂਰ ਵੇਖਦਾ ਹੈ ਪ੍ਰੰਤੂ ਉਹ ਸਪਨੇ ਉਸ ਦੇ ਆਪਣੇ ਨਹੀਂ ਸਗੋਂ ਦੂਸਰੇ ਲੋਕਾਂ ਦੇ ਸਪਨਿਆਂ ਦੀ ਨਕਲ ਹੁੰਦੇ ਹਨ। ਸੁੱਖ ਸੁਵਿਧਾਵਾਂ ਦੀ ਬੇਸਬਰੀ ਨੁਕਸਾਨਦੇਹ ਹੁੰਦੀ ਹੈ। ਭਾਵ ਦੂਜਿਆਂ ਦੀ ਬਰਾਬਰੀ ਕਰਨ ਦੀ ਇੱਛਾ ਹੁੰਦੀ ਹੈ। ਜੇਕਰ ਇਨਸਾਨ ਆਪਣੇ ਸਪਨੇ ਲਵੇ ਤਾਂ ਉਹ ਸਫਲ ਹੋ ਸਕਦਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ਸਪਨੇ ਪੂਰੇ ਕਰਨ ਲਈ ਗਿਆਨਵਾਨ ਹੋਣਾ ਜ਼ਰੂਰੀ ਹੈ। ਜੋ ਵਿਖਾਇਆ ਜਾ ਰਿਹਾ ਹੈ, ਜੋ ਦਿਸ ਰਿਹਾ ਹੈ, ਉਸ ਨੂੰ ਹੀ ਮਨੁੱਖ ਸੱਚ ਮੰਨ ਲੈਂਦਾ ਹੈ। ਲੋਕਾਂ ਅੰਦਰ ਤਰੱਕੀ ਦੀ ਤਾਂਘ ਵੱਧ ਜਾਂਦੀ ਹੈ। ਲੋੜਾਂ ਤੇ ਤਰੱਕੀ ਵਿੱਚ ਗਹਿਰਾ ਸੰਬੰਧ ਹੈ। ਬਨਾਵਟੀ ਲੋੜ ਨੂੰ ਆਪਣਾ ਬਣਾਉਣਾ, ਸੁਪਨਾ ਉਧਾਰ ਲੈਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀਵਨ ਸਿਧਾਂਤ, ਵਿਵਹਾਰ ਤੇ ਪੂਰਨ ਖ਼ਰੇ ਉਤਰੇ ਤੇ ਅਮਲਯੋਗ ਹਨ। ਅੱਜ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਸ਼੍ਰੇਸ਼ਟ ਤੇ ਭਰੋਸੇਯੋਗ ਸਰੋਤ ਕੋਈ ਨਹੀਂ ਹੈ। ਗਿਆਨ, ਸੱਚ, ਗੁਣ ਤੇ ਸਮਰੱਥਾ ਤਾਂ ਮਨੁੱਖ ਦੇ ਅੰਦਰ ਹੀ ਹਨ। ਸੋਚ ਤੋਂ ਹੀ ਜੀਵਨ ਆਰੰਭ ਹੁੰਦਾ ਹੈ ਤੇ ਦੂਜੇ ਸਿਰੇ ਤੱਕ ਪਹੁੰਚਦਾ ਹੈ। ਬੱਚੇ ਦਾ ਜਨਮ ਸਾਰੇ ਪਰਿਵਾਰ ਲਈ ਖਾਸ ਤੌਰ ਤੇ ਮਾਤਾ ਪਿਤਾ ਲਈ ਅਤਿ ਆਨੰਦ ਦਾ ਵਿਸ਼ਾ ਹੁੰਦਾ। ਆਮ ਤੌਰ ਤੇ ਆਨੰਦ ਦਾ ਸਿਰਾ ਫੜਿਆ ਨਹੀਂ ਜਾਂਦਾ। ਮਨੁੱਖ ਸਾਰਾ ਜੀਵਨ ਯਤਨਾ ‘ਚ ਲਾ ਦਿੰਦਾ ਹੈ ਪ੍ਰੰਤੂ ਸੁੱਖ ਤੋਂ ਦੂਰ ਰਹਿੰਦਾ ਹੈ। ਪਰਮਾਤਮਾ ਦੀ ਸੱਤਾ ਤੇ ਅਧੀਨਤਾ ਸਵੀਕਾਰ ਕਰਨ ‘ਚ ਹੀ ਆਨੰਦ ਹੈ। ਗੁਰਬਾਣੀ ਵਿੱਚ ਮਨੁੱਖ ਹੋਣਾ ਆਪਣੇ ਆਪ ਵਿੱਚ ਭਗਵਾਨ ਹੋਣਾ ਹੈ। ਸਿ੍ਰਸ਼ਟੀ ਪਰਮਾਤਮਾ ਨੇ ਆਪ ਰਚੀ ਹੈ, ਉਹ ਸਿ੍ਰਸ਼ਟੀ ਰਚ ਕੇ ਉਸ ਵਿੱਚ ਆਪ ਵਿਦਮਾਨ ਸਜੀਵ ਹੋ ਰਿਹਾ ਹੈ। ਮਨ ਨੂੰ ਸਦਾ ਸੁਚੇਤ ਰਹਿਣਾ ਚਾਹੀਦਾ ਹੈ। ਪਰਮਾਤਮਾ ਦੀ ਖੋਜ ਲੲਂੀ ਬਾਹਰ ਜਾਣ ਦੀ ਲੋੜ ਨਹੀਂ। ਸਾਰਾ ਸੰਸਾਰ ਦੁੱਖਾਂ ਅੰਦਰ ਹੈ, ਚਿੰਤਾਵਾਂ ਹਨ। ਇਹ ਚਿੰਤਾਵਾਂ ਆਪ ਸਹੇੜੀਆਂ ਹਨ। ਸੁੰਦਰ ਜੀਵਨ ਲਈ ਵਿਕਾਰਾਂ ਤੋਂ ਬਚਣਾ ਹੈ। ਪਰਮਾਤਮਾ ਦੁੱਖ, ਵਿਘਨ ਦੂਰ ਕਰਨ ਵਾਲਾ ਹੈ। ਪਰਮਾਤਮਾ ਤੋਂ ਬਿਨਾਂ ਮਨੁਖ ਦੀ ਹੋਂਦ ਸੰਭਵ ਹੀ ਨਹੀਂ। ਉਹ ਸਰਬ ਵਿਆਪਕ ਤੇ ਸਮਰੱਥ ਹੈ। ਦੁਬਿਧਾ ਤਨ ਤੇ ਮਨ ਤੇ ਵਿਪਰੀਤ ਅਸਰ ਪਾਉਂਦੇ ਹਨ। ਡਰ ਮਨ ਵਿੱਚ ਨਹੀਂ ਰੱਖਣਾ ਚਾਹੀਦਾ। ਆਤਮ ਵਿਸ਼ਵਾਸ਼ ਸਫਲਤਾ ਦੀ ਕੁੰਜੀ ਹੈ। ਮਨੁਖ ਅਸ਼ਾਵਾਦੀ ਹੋਣਾ ਚਾਹੀਦਾ ਹੈ। ਦੂਜਾ ਲੇਖ ‘ਜੀਵਨ ਤਰੱਕੀ ਦੀ ਪਰਿਭਾਸ਼ਾ’ ਹੈ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਯੋਗ ਅਗਵਾਈ ਦਿਓ, ਧੰਨ ਦੌਲਤ ਵੀ ਜ਼ਰੂਰੀ ਹੈ, ਅੰਮਿ੍ਰਤ ਵੇਲਾ ਨਾਮ ਜਪਣ ਲਈ ਸ਼ਾਂਤਮਈ ਹੁੰਦਾ ਹੈ। ਸੱਚ ਦੀ ਪਛਾਣ ਪਰਮਾਤਮਾ ਸੱਚਾ ਹੈ, ਸੱਚ ‘ਤੇ ਭਰੋਸਾ ਰੱਖੋ। ਚੰਗੇ ਕੰਮ ਕਰੋ ਤੇ ਚੰਗਾ ਸੋਚੋ। ਇੰਦਰੀਆਂ ਨੂੰ ਕੰਟਰੋਲ ਵਿੱਚ ਰਖਦੇ ਹੋਏ ਉਨ੍ਹਾਂ ਦੀ ਸਹੀ ਵਰਤੋਂ ਕਰੋ। ਸਹਿਜ ਤੋਂ ਮੋਖ ਪ੍ਰਾਪਤ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਦੀ ਮੁਕਤੀ ਦਾ ਸਾਧਨ ਦੱਸਿਆ ਹੈ। ਗੁਰਬਾਣੀ ਅਨੰਦਿਤ ਕਰਦੀ ਤੇ ਸ਼ਕਤੀ ਦਿੰਦੀ ਹੈ। ਗਿਆਨ ਉਹ ਹੈ ਜੋ ਸਮਾਜ ਤੇ ਸਿ੍ਰਸ਼ਟੀ ਦੇ ਸਰੋਕਾਰਾਂ ਨਾਲ ਜੋੜੇ। ਗਿਆਨ ਤੇ ਗੁਣ ਜਦੋਂ ਵਿਉਹਾਰ ਦਾ ਰੂਪ ਧਾਰ ਲੈਂਦੇ ਹਨ ਤਾਂ ਅੰਤਰ ਮੰਨ ਪ੍ਰਕਾਸ਼ਤ ਹੋ ਉਠਦਾ ਹੈ। ਗੁਣ ਦਾ ਲਾਭ ਸਮਾਜ ਨੂੰ ਮਿਲਦਾ ਹੈ। ਇਹ ਗੁਣ ਪਰਮਾਤਮਾ ਦੀ ਕਿ੍ਰਪਾ ਨਾਲ ਮਿਲਦੇ ਹਨ। ਕਰਮ ਪ੍ਰਧਾਨ ਹਨ। ਪਰਮਾਤਮਾ ਦੀ ਮਰਿਆਦਾ ਅੰਦਰ ਰਹਿਕੇ ਸਭ ਕੁਝ ਪਾਇਆ ਜਾ ਸਕਦਾ ਹੈ। ਮਨੁਖ ਨੂੰ ਜਵਾਨੀ ਦੇ ਜੋਸ਼ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਜੀਵਨ ਦੀ ਸਭ ਤੋਂ ਮੁੱਢਲੀ ਸਫਲਤਾ ਮਨ ਨੂੰ ਵਸ ਵਿੱਚ ਕਰ ਲੈਣਾ ਹੈ। ਪਰਮਾਤਮਾ ਦਾ ਨਾਮ ਸਿਮਰਨ, ਸੰਤੋਖ, ਸਹਿਜ, ਇਮਾਨਦਾਰ ਕਿਰਤ, ਨਿਮਰਤਾ, ਸੇਵਾ ਹੈ। ਪਰਮ ਭਾਵਨਾ ਨਾਲ ਜੀਵਨ ਭਾਗਾਂ ਵਾਲਾ ਬਣ ਜਾਂਦਾ ਹੈ। ਮਨੁੱਖ ਨੂੰ ਚੰਗਿਆਈਆਂ ਇਕੱਤਰ ਕਰਨ ਦੀ ਲੋੜ ਹੈ, ਜਿਹੜੀਆਂ ਉਸ ਦੀ ਸਫਲਤਾ ਦਾ ਰਾਹ ਪੱਧਰ ਕਰਦੀਆਂ ਹਨ। ਤੀਜਾ ਲੇਖ ‘ਗੁਰਬਾਣਂੀ ਦਾ ਚਿੰਤਨ ਜੀਵਨ ਦੀ ਸੰਭਾਲ’ ਹੈ, ਜਿਸ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਬਾਣੀ ਦਾ ਚਿੰਤਨ ਕਰਨ ਨਾਲ ਜੀਵਨ ਦੀ ਸੰਭਾਲ ਹੁੰਦੀ ਹੈ। ਇਹ ਚਿੰਤਨ ਨਿਯਮ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ। ਜੀਵਨ ਦੀ ਕਦਰ ਕਰਨੀ ਬਣਦੀ ਹੈ। ਅਕਾਰਥ ਨਹੀਂ ਜਾਣ ਦੇਣਾ ਚਾਹੀਦਾ। ਹਰ ਕੰਮ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਸਫਲਤਾ ਦਾ ਮਾਰਗ ਔਖਾ ਹੈ, ਪ੍ਰੰਤੂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੀ ਪ੍ਰਾਪਤੀ ਲਈ ਇਨਸਾਨ ਸ਼ੁਭ ਅਸ਼ੁਭ ਸਮੇਂ ਦੇ ਚਕਰ ਵਿੱਚ ਨਾ ਪਵੇ। ਅਵੇਸਲੇ ਵੀ ਨਹੀਂ ਹੋਣਾ ਚਾਹੀਦਾ। ਯੁਗ ਬਦਲਣ ਦੀ ਥਾਂ ਜੀਵਨ ਦੀਆਂ ਸਥਿਤੀਆਂ ਬਦਲਣੀਆਂ ਜ਼ਰੂਰੀ ਹਨ। ਨਾਮ ਜਪੋ, ਚੰਗੇ ਕੰਮ ਕਰੋ, ਕਲਿਜੁਗਿ ਆਪੇ ਖ਼ਤਮ ਹੋ ਜਾਵੇਗਾ। ਚੰਗੇ ਕੰਮ ਕਰਨ ਨਾਲ ਦਵਾਪਰ ਯੁਗ ਆ ਜਾਵੇਗਾ। ਚਿੰਤਾਵਾਂ ਦੂਰ ਹੋ ਜਾਣਗੀਆਂ। ਤ੍ਰੇਤਾ ਯੁਗ ਪੂਰਨਤਾ ਦੇ ਕੋਲ ਪੁਜਣ ਦਾ ਸਮਾਂ ਹੈ। ਮਾੜੇ ਕੰਮ ਕਰਨ ਵਾਲਿਆਂ ਨੂੰ ਨਾਮ ਦੀ ਮਹਿਮਾ, ਸਾਰੇ ਵਿਕਾਰਾਂ ਨੂੰ ਦੂਰ ਕਰਦਾ ਹੈ। ਸਤਿਯੁਗ ਸੰਪੂਰਨਤਾ ਦਾ ਯੁਗ ਹੈ। ਕੋਈ ਦੁਬਿਧਾ, ਭਟਕਣ ਨਹੀਂ ਰਹਿੰਦੀ। ਮਨ ਇਕਾਗਰ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਯੁਗਾਂ, ਮਹੀਨਿਆਂ, ਦਿਨਾ ਅਤੇ ਰੁਤਾਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ। ਚੌਥਾ ‘ਜੀਵਨ ਸਫਲਤਾ ਦੀ ਸਮਰਥਾ’ਲੇਖ ਹੈ, ਇਸ ਵਿੱਚ ਲੇਖਕ ਅਨੁਸਾਰ ਸਫ਼ਲਤਾ ਦੀ ਪ੍ਰਾਪਤੀ ਲੲਂੀ ਸਫ਼ਲਤਾ ਬਾਹਰੋਂ ਨਹੀਂ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਪਰਮਾਤਮਾ ਦੇ ਹੁਕਮ ਅੰਦਰ ਰਹਿਣਾਂ ਪਵੇਗਾ। ਜੋ ਪਰਮਾਤਮਾ ਤੇ ਭਰੋਸਾ ਕਰਦਾ ਹੈ, ਉਸ ਨੂੰ ਹੋਰ ਕਿਸੇ ਦੀ ਲੋੜ ਨਹੀਂ ਰਹਿੰਦੀ। ਪਰਮਾਤਮਾ ਦੇ ਆਸਰੇ ਲਈ ਪੂਰਨ ਸਮਰਪਨ ਚਾਹੀਦਾ ਹੈ। ਕੋਈ ਵੀ ਕਾਰਜ ਕਰਦਿਆਂ ਮਨ ਅੰਦਰ ਨਾਮ ਜਪਿਆ ਜਾਵੇ। ਆਸ ਰੱਖੋ ਪ੍ਰੰਤੂ ਆਸ ਉਹ ਹੈ, ਜੋ ਬਣੀ ਵੀ ਰਹੇ ਫਲ ਵੀ ਦੇਵੇ, ਗੁਰਬਾਣੀ ਉਸ ਆਸ ਨਾਲ ਜੋੜਦੀ ਹੈ, ਜੋ ਪੂਰਨ ਹੁੰਦੀ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ‘ਤੇ ਆਸ ਨਹੀਂ ਰੱਖਣੀ ਚਾਹੀਦੀ। ਆਸ ਦਾ ਬਣਿਆਂ ਰਹਿਣਾ ਜੀਵਨ ਦਾ ਨਿਰੰਤਰ ਆਪਣੇ ਮਨੋਰਥ ਵੱਲ ਵੱਧਦਾ ਜਾਣਾ ਹੈ। ਮੂਧੇ ਭਾਂਡੇ ਵਿੱਚ ਕੁਝ ਨਹੀਂ ਪੈਂਦਾ, ਭਾਵ ਪਰਮਾਤਮਾ ਤੋਂ ਬੇਮੁੱਖ ਮਨ ਤੇ ਪਰਮਾਤਮਾ ਦੀ ਕਿਰਪਾ ਨਹੀਂ ਵਰ੍ਹਦੀ। ਮਨ ਅੰਦਰ ਸੰਕਲਪ ਬਣੇ ਕਿ ਸੰਸਾਰਕ ਲੋੜਾਂ ਮੋਹ ਦਾ ਰੂਪ ਨਾ ਲੈ ਸਕਣ, ਇਹ ਜੀਵਨ ਦੀ ਸਫਲਤਾ ਦਾ ਪ੍ਰਤੀਕ ਨਹੀਂ ਹੋ ਸਕਦੀਆਂ। ਜੇਕਰ ਉਹ ਸਮਰਪਣ ਦਾ ਯਤਨ ਇਮਾਨਦਾਰੀ ਨਾਲ ਕਰਦਾ ਹੈ ਤਾਂ ਉਹ ਸੰਕਲਪ ਜਰੂਰ ਪੂਰਾ ਹੁੰਦਾ ਹੈ। ਸਫ਼ਲਤਾ ਦੇ ਸਾਰੇ ਸੂਤਰ ਗੁਰੂ ਸਾਹਿਬਾਨ ਦੇ ਜੀਵਨ ਤੋਂ ਹੀ ਪ੍ਰਾਪਤ ਹੋ ਜਾਂਦੇ ਹਨ। ਨੌਜਵਾਨ ਅਧਿਆਤਮ ਦੇ ਗੂੜ੍ਹੇ ਰਹੱਸ ਸਮਝਣ ਵਿੱਚ ਦਿਲਚਸਪੀ ਲਵੇ। ਪੰਜਵਾਂ ਲੇਖ ‘ਜੀਵਨ ਨਾਇਕ ਗੁਰੂ ਸਾਹਿਬਾਨ’ ਹਨ। ਗੁਰੂ ਨਾਨਕ ਸਾਹਿਬ ਨੂੰ ਸਮਝਣ ਤੇ ਵੇਖਣ ਲਈ ਗੁਰਬਾਣੀ ਸਭ ਤੋਂ ਪ੍ਰਮਾਣਿਕ ਸਰੋਤ ਹੈ। ਗੁਰੂ ਨਾਨਕ ਸਾਹਿਬ ਨੂੰ ਮਨ ਅੰਦਰ ਗੁਰੂ ਧਾਰਨ ਕਰਨਾ ਸਦਾ ਲਈ ਨਿਰਾਸ਼ਾ, ਚਿੰਤਾ, ਦੁਬਿਧਾ, ਭਰਮ, ਅਗਿਆਨਤਾ ਦਾ ਦੂਰ ਹੋਣਾ ਹੈ। ਮਨ ਪਰਮਾਤਮਾ ਤੇ ਸੱਚ ਨਾਲ ਜੁੜ ਜਾਏ ਤਾਂ ਗੁਣਾਂ ਤੇ ਭਰੋਸੇ ਦਾ ਆਧਾਰ ਬਣ ਜਾਂਦਾ ਹੈ। ਨਾਮ ਜਪਣਾ ਮਨੁੱਖ ਦਾ ਸੰਕਲਪ ਹੈ। ਗੁਣ ਧਾਰਨ ਕੀਤਿਆਂ ਹੀ ਆਤਮਿਕ ਨਿਰਮਲਤਾ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦੀ ਭਗਤੀ ਕਰਨਾ ਤਾਂ ਹੀ ਸਫਲ ਹੈ, ਜੇ ਭਗਤ ਵੀ ਪੂਰਣਤਾ ਪ੍ਰਾਪਤ ਕਰ ਲਵੇ। ਗੁਰਸਿੱਖ ਅੰਦਰ ਗੁਣਾਂ ਦੀ ਪ੍ਰਪੱਕਤਾ ਜ਼ਰੂਰੀ ਹੈ।
ਡਾ. ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ : ਉਜਾਗਰ ਸਿੰਘ
This entry was posted in ਸਰਗਰਮੀਆਂ.