ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਮਿਸ਼ਨ ਵਿੱਦਿਆ ਫ਼ਾਊਂਡੇਸ਼ਨ ਅਤੇ ਪ੍ਰੈਸ ਕਲੱਬ ਬਨੂਡ਼ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋਂ ਬਾਰਵੀਂ ਦੀ ਮੈਡੀਕਲ ਸਟਰੀਮ ਵਿੱਚੋਂ 98.6 ਫ਼ੀਸਦੀ ਅੰਕ (491/500) ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬੂਟਾ ਸਿੰਘ ਵਾਲਾ ਸਕੂਲ ਦੀ ਵਿਦਿਆਰਥਣ ਅਤੇ ਪਿੰਡ ਜੰਗਪੁਰਾ ਦੀ ਗੁਰਲੀਨ ਕੌਰ ਨੂੰ 55 ਹਜ਼ਾਰ ਦੀ ਰਾਸ਼ੀ ਅਤੇ ਸ਼ਾਲ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਬੱਚੀ ਐਮਬੀਬੀਐੱਸ ਕਰਨਾ ਚਾਹੁੰਦੀ ਹੈ ਤੇ ਨੀਟ ਦੇ ਪੇਪਰ ਦੀ ਕੋਚਿੰਗ ਲਈ ਚੰਡੀਗਡ਼੍ਹ ਦੇ ਐਲਿਨ ਇੰਸਟੀਚਿਊਟ ਵਿੱਚ ਦਾਖਲ ਹੋਈ ਹੈ। ਬੱਚੀ ਨੂੰ ਸਨਮਾਨਿਤ ਕਰਨ ਦੀ ਰਸਮ ਬਨੂੜ ਇਲਾਕੇ ਦੇ ਸਤਿਕਾਰਯੋਗ ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਭੁਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਮਨੌਲੀ ਸੂਰਤ, ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਡਿੰਪਲ ਬੂਟਾ ਸਿੰਘ ਵਾਲਾ, ਅਸ਼ਵਿੰਦਰ ਸਿੰਘ, ਨਰਿੰਦਰ ਮਨੌਲੀ, ਪ੍ਰੀਤ ਇੰਦਰ ਸਿੰਘ ਢੀਂਡਸਾ, ਦਾਨੀ ਸੱਜਣ ਪਰਵਿੰਦਰ ਸਿੰਘ ਜੰਗਪੁਰਾ-ਨਿਊਜੀਲੈਂਡ ਨੇ ਨਿਭਾਈ।
ਇਸ ਮੌਕੇ ਸਾਬਕਾ ਇੰਸਪੈਕਟਰ ਮਹਿੰਦਰ ਸਿੰਘ ਤੋਂ ਇਲਾਵਾ ਪਿੰਡ ਜੰਗਪੁਰਾ ਦੇ ਵੱਡੀ ਗਿਣਤੀ ਵਿੱਚ ਵਸਨੀਕ ਅਤੇ ਬੱਚੇ ਵੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥਣ ਦੇ ਪਿਤਾ ਗੁਰਜੰਟ ਸਿੰਘ, ਮਾਤਾ ਕਮਲਜੀਤ ਕੌਰ ਅਤੇ ਦਾਦੇ ਦਾ ਵੀ ਸਨਮਾਨ ਕੀਤਾ ਗਿਆ। ਬੱਚੀ ਤੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਤੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਮਿਸ਼ਨ ਵਿੱਦਿਆ ਫ਼ਾਊਂਡੇਸ਼ਨ ਐਨਆਰਆਈ ਹਰਜੀਤ ਸਿੰਘ ਸੰਧੂ ਕੈਨੇਡਾ ਦੀ ਸਰਪ੍ਰਸਤੀ ਹੇਠ 2018 ਵਿੱਚ ਹੋਂਦ ਵਿੱਚ ਆਈ ਸੀ। ਇਸੇ ਸਾਲ ਸੰਸਥਾ ਵੱਲੋਂ ਪਿੰਡ ਮਨੌਲੀ ਸੂਰਤ ਅਤੇ ਫੌਜੀ ਕਲੋਨੀ ਦੇ ਭੱਠਿਆਂ ਤੇ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ 12 ਹਜ਼ਾਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਆਟੋ ਮੁਹੱਈਆ ਕਰਵਾਏ ਗਏ ਅਤੇ 2018 ਵਿੱਚ ਹੀ ਕੇਰਲਾ ਵਿਖੇ ਆਏ ਹਡ਼੍ਹ ਪੀਡ਼ਤਾਂ ਦੀ ਮੱਦਦ ਲਈ 4 ਲੱਖ 35 ਹਜ਼ਾਰ ਦਾ ਬੈਂਕ ਡਰਾਫ਼ਟ ਤਤਕਾਲੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਰਾਹੀਂ ਕੇਰਲਾ ਦੇ ਮੁੱਖ ਮੰਤਰੀ ਦੇ ਰਿਲੀਫ਼ ਫ਼ੰਡ ਵਿੱਚ ਭੇਜਿਆ ਗਿਆ ਸੀ ਤੇ 2019 ਵਿੱਚ ਪੰਜਾਬ ਵਿੱਚ ਆਏ ਹਡ਼ਾਂ ਮੌਕੇ ਸੁਲਤਾਨਪੁਰ ਲੋਧੀ ਦੇ ਖੇਤਰ ਵਿੱਚ ਡੇਢ ਲੱਖ ਦੀ ਰਾਸ਼ੀ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ।
ਬੰਨੋ ਮਾਈ ਧਰਮਸ਼ਾਲਾ ਵਿਖੇ ਬਨੂਡ਼ ਖੇਤਰ ਦੇ 30 ਸਕੂਲਾਂ ਦੇ ਦਸਵੀਂ ਅਤੇ ਬਾਰਵੀਂ ਦੇ 80 ਮੋਹਰੀ ਵਿਦਿਆਰਥੀਆਂ ਨੂੰ 500-500 ਰੁਪਏ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੱਧੀ ਦਰਜਨ ਤੋਂ ਵੱਧ ਵਿਧਵਾਵਾਂ ਨੂੰ 5100-5100 ਦੀ ਰਾਸ਼ੀ ਭੇਂਟ ਕੀਤੀ ਗਈ। ਇਸੇ ਤਰਾਂ ਕਰੋਨਾ ਕਾਲ ਵਿੱਚ ਲੋਡ਼ਵੰਦਾਂ ਨੂੰ ਆਟਾ ਤੇ ਖਾਣ ਵਾਲੀਆਂ ਵਸਤਾਂ ਵੰਡੀਆਂ ਗਈਆਂ। ਇਤਿਹਾਸਕ ਕਿਸਾਨ ਅੰਦੋਲਨ ਵਿਖੇ ਲਾਮਬੰਦੀ ਕਰਨ ਲਈ ਅਜੀਜਪੁਰ ਟੌਲ ਪਲਾਜ਼ਾ ਵਿਖੇ ਕਿਸਾਨ ਇਕੱਤਰਤਾ, ਬਨੂਡ਼ ਵਿਖੇ ਮਹਿਲਾ ਸੰਮੇਲਨ ਅਤੇ ਰੋਸ ਮਾਰਚ, ਸਾਹਜਹਾਂਪੁਰ(ਹਰਿਆਣਾ-ਰਾਜਿਸਥਾਨ ਬਾਰਡਰ) ਦੇ ਸੰਘਰਸ਼ੀ ਕਿਸਾਨਾਂ ਨੂੰ 200 ਗੱਦੇ, ਰਜਾਈਆਂ ਤੇ ਹੋਰ ਵਸਤਾਂ ਤੋਂ ਇਲਾਵਾ ਦਿੱਲੀ ਜਾਣ ਵਾਲੇ ਟਰੈਕਟਰਾਂ ਲਈ ਦੋ-ਦੋ ਹਜ਼ਾਰ ਦੀ ਰਾਸ਼ੀ ਡੀਜ਼ਲ ਲਈ ਭੇਂਟ ਕੀਤੀ। ਵਿੱਦਿਅਕ ਗਤੀਵਿਧੀਆਂ ਤਹਿਤ ਲੋਡ਼ਵੰਦਾਂ ਵਿਦਿਆਰਥੀਆਂ ਦੀ ਮੱਦਦ ਲਈ ਅਨੇਕਾਂ ਕਾਰਜ ਕੀਤੇ ਗਏ। ਇਹ ਸਾਰੇ ਕਾਰਜ ਐਨਆਰਆਈ ਅਤੇ ਸਥਾਨਿਕ ਦਾਨੀ ਸੱਜਣਾਂ ਅਤੇ ਇਲਾਕਾ ਵਾਸੀਆਂ ਦੀ ਸਹਾਇਤਾ ਨਾਲ ਨੇਪਰੇ ਚਾਡ਼ੇ ਗਏ ਹਨ ਅਤੇ ਭਵਿੱਖ ਵਿੱਚ ਵੀ ਮਿਸ਼ਨ ਵਿੱਦਿਆ ਫਾਊਂਡੇਸ਼ਨ ਅਤੇ ਪ੍ਰੈਸ ਕਲੱਬ ਬਨੂਡ਼ ਅਜਿਹੇ ਸਮਾਜਿਕ ਕਾਰਜਾਂ ਲਈ ਵਚਨਬੱਧ ਰਹਿਣ ਦਾ ਅਹਿਦ ਲੈਂਦੀ ਹੈ। ਮਿਸ਼ਨ ਵਿੱਦਿਆ ਫਾਊਂਡੇਸ਼ਨ ਕਨੇਡਾ ਨਿਵਾਸੀ ਸ
ਹਰਜੀਤ ਸਿੰਘ ਸੰਧੂ ਸਰਪ੍ਰਸਤ ਹੇਠ ਬਨੂੜ ਇਲਾਕੇ ਦੇ ਲੋੜਵੰਦ ਲੋਕਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਤੇ ਅਤੇ ਪ੍ਰੈਸ ਕਲੱਬ ਬਨੂਡ਼ ਦੇ ਪ੍ਰਧਾਨ ਡਾ ਕਰਮਜੀਤ ਸਿੰਘ ਚਿੱਲਾ ਅਤੇ ਸਮੂਹ ਮੈਂਬਰ ਇਸ ਦਾ ਭਰਪੂਰ ਸਹਿਯੋਗ ਕਰਦੇ ਹਨ।