ਅੰਮ੍ਰਿਤਸਰ – ਇਸਲਾਮ ਧਰਮ ਦੇ ਪ੍ਰਮੁੱਖ ਤਿਉਹਾਰ ਈਦ-ਉਲ-ਅਜ਼ਹਾ ( ਬਕਰੀਦ ) ਮੌਕੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸੁਭਾਸ਼ ਥੋਬਾ, ਸਿੱਖ ਆਗੂ ਪ੍ਰੋ. ਬਲਜਿੰਦਰ ਸਿੰਘ, ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਆਗੂ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਬਕਰੀਦ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ।
ਸਥਾਨਕ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ-ਏ- ਖੇਰੂਦੀਨ ਵਿਖੇ ਮੌਲਵੀ ਮੌਲਾਨਾ ਸ਼ਮਸਤਬਰੇਜ਼ ਨੇ ਆਏ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਵਾਈ। ਦੂਜੇ ਧਰਮਾਂ ਦੇ ਆਗੂਆਂ ਅਤੇ ਮੁਸਲਿਮ ਭਰਾਵਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਸਮਾਜ ਵਿਚ ਏਕਤਾ ਇਤਫ਼ਾਕ ਅਤੇ ਸਦਭਾਵਨਾ ਅਤੇ ਦੇਸ਼ ਦੀ ਅਮਨ ਸ਼ਾਂਤੀ ਤੇ ਤਰੱਕੀ ਦੀ ਕਾਮਨਾ ਕੀਤੀ । ਉਨ੍ਹਾਂ ਸ਼ਰਧਾ, ਭਾਵਨਾ ਤੇ ਉਤਸ਼ਾਹ ਪੂਰਵਕ ਵੱਡੀ ਗਿਣਤੀ ਵਿਚ ਪਵਿੱਤਰ ਤਿਉਹਾਰ ਮਨਾਉਣ ਲਈ ਮਸਜਿਦ ਵਿਚ ਜੁੜੇ ਲੋਕਾਂ ਨੂੰ ਕਿਹਾ ਕਿ ਬਕਰੀਦ ਕੁਰਬਾਨੀ ਤੇ ਬਲੀਦਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮ ਭਾਈਚਾਰੇ ਪ੍ਰਤੀ ਪੂਰੀ ਤਰਾਂ ਸੁਹਿਰਦ ਹਨ, ਅਤੇ ਮੁਸਲਿਮ ਸਮਾਜ ਬਾਰੇ ਗਲਤ ਬਿਆਨਬਾਜ਼ੀ ਬਰਦਾਸ਼ਤ ਨਹੀਂ ਕਰਦੇ ਹਨ। ਇਸ ਬਾਰੇ ਉਹ ਕਈ ਵਾਰ ਨਸੀਹਤ ਦੇ ਚੁਕੇ ਹਨ। ਭਾਰਤ ਵਿੱਚ ਅੱਜ ਘੱਟ ਗਿਣਤੀ ਮੁਸਲਮਾਨ ਭਾਈਚਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪੂਰੀ ਤਰ੍ਹਾਂ ਵਿਕਸਤ ਹੋ ਰਹੀ ਹੈ। ਉਨ੍ਹਾਂ ਘੱਟ ਗਿਣਤੀਆਂ ਦੀ ਭਲਾਈ ਤੇ ਪ੍ਰਫੁੱਲਤਾ ਲਈ ਪ੍ਰਧਾਨ ਮੰਤਰੀ ਦੇ 15 ਸੂਤਰੀ ਪ੍ਰੋਗਰਾਮ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਚਾਹੁੰਦੇ ਹਨ ਕਿ ਘੱਟ ਗਿਣਤੀਆਂ ਲਈ ਬਣੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜੇ ਅਤੇ ਵਿੱਦਿਆ ਦਾ ਪਸਾਰ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਰਹਿਣ ਲਈ ਘਰ ਹੋਣ, ਕਿਸੇ ਨਾਲ ਕਿਸੇ ਪੱਖੋਂ ਵਿਤਕਰਾ ਨਾ ਹੋਵੇ, ਕਿਸੇ ਦੇ ਸਭਿਆਚਾਰ ‘ਤੇ ਹਮਲਾ ਨਾ ਹੋਵੇ, ਉਨ੍ਹਾਂ ਨੂੰ ਸੁਰੱਖਿਆ ਮਿਲੇ। ਭਾਰਤ ‘ਚ ਆਜ਼ਾਦੀ ਤੋਂ ਬਾਅਦ ਘੱਟ ਗਿਣਤੀਆਂ 21 ਫ਼ੀਸਦੀ ਤੱਕ ਪਹੁੰਚ ਗਏ ਹਨ ਜਦਕਿ ਗਵਾਂਢੀ ਮੁਲਕ ਪਾਕਿਸਤਾਨ ‘ਚ 22 ਫ਼ੀਸਦੀ ਤੋਂ ਕੇਵਲ 4.43 ਫ਼ੀਸਦੀ ਰਹਿ ਗਈਆਂ ਹਨ ਤੇ ਅਫ਼ਗ਼ਾਨਿਸਤਾਨ ‘ਚ ਇਹ ਦਰ ਸਿਫ਼ਰ ‘ਤੇ ਆ ਗਈ ਹੈ।
ਪ੍ਰੋ. ਸਰਚਾਂਦ ਸਿੰਘ ਨੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਮੁਹੱਬਤ ਦਾ ਸੰਦੇਸ਼ ਦਿਤਾ ਅਤੇ ਕਿਹਾ ਕਿ ਸਾਡਾ ਦੇਸ਼ ਵੰਨ-ਸੁਵੰਨੇ ਫੁੱਲਾਂ ਦਾ ਇਕ ਸੁੰਦਰ ਗੁਲਦਸਤਾ ਹੈ ਅਤੇ ਇੱਥੇ ਸਾਰੇ ਫ਼ਿਰਕੇ ਮਿਲਾਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਤੇ ਸੂਬੇ ਦੀ ਤਰੱਕੀ, ਫ਼ਿਰਕੂ ਇਕਸੁਰਤਾ, ਅਮਨ-ਸ਼ਾਂਤੀ, ਆਪਸੀ ਭਾਈਚਾਰਾ ਅਤੇ ਇੱਕਜੁੱਟਤਾ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਫ਼ਿਰਕਿਆਂ ਦੀ ਸਿੱਖਿਆ ਤੇ ਰੋਜ਼ਗਾਰ ਨੂੰ ਪ੍ਰਫੁਲਿਤ ਕਰਨ ਵੱਲ ਧਿਆਨ ਦੇਣਾ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਹੱਜ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ਼ ਮਲਿਕ, ਅਮਰਨਾਥ ਅਤੇ ਮੌਲਾਨਾ ਹਾਮਿਦ ਸਾਹਿਬ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਈ ਬਲਬੀਰ ਸਿੰਘ ਸਠਿਆਲਾ, ਮੁਲਾਣਾ ਅਸ਼ਦੁਲਾ, ਐਡਵੋਕੇਟ ਮੁਹੰਮਦ ਦਾਨਿਸ਼, ਦਲਬੀਰ ਸਿੰਘ ਛਿਹਰਟਾ, ਬਰਕਤ ਅਲੀ, ਮੁਹੰਮਦ ਯਾਸੀਨ, ਮੁਹੰਮਦ ਹਨੀਫ ਅਤੇ ਮੁਹੰਮਦ ਰਿਆਜ਼ ਵੀ ਮੌਜੂਦ ਸਨ।