ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਾਰਾਖੰਭਾ ਰੋਡ ਚੌਂਕ ’ਤੇ ਉਹਨਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦੁਨੀਆਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਜੋ ਕਾਬੁਲ-ਕੰਧਾਰ ਤੱਕ ਫੈਲਿਆ ਹੋਇਆ ਸੀ। ਉਹਨਾਂ ਕਿਹਾ ਕਿ ਅਜਿਹਾ ਰਾਜ ਸਭਾ ਸੀ ਜਿਸਨੂੰ ਦੁਨੀਆਂ ਯਾਦ ਕਰ ਰਹੀ ਹੈ। ਉਹਨਾਂ ਕਿਹਾ ਕਿ 40 ਸਾਲਾਂ ਵਿਚ ਕਿਸੇ ਇਕ ਵੀ ਮੁਲਜ਼ਮ ਨੂੰ ਫਾਂਸੀ ਨਹੀਂ ਦਿੱਤੀ ਗਈ।
ਉਹਨਾਂ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਧਰਮ ਵਾਸਤੇ ਸੋਨਾ ਦੇਣ ਦੀ ਗੱਲ ਆਈ ਤਾਂ ਆਪਣੇ ਰਾਜ ਵਿਚ ਸ਼ਾਹੀ ਖਜ਼ਾਨੇ ਵਿਚੋਂ ਸ਼ਾਹੀ ਮਸਜਿਦ ਲਾਹੌਰ, ਸ਼ਿਵ ਮੰਦਿਰ ਕਾਸ਼ੀ ਤੇ ਸ੍ਰੀ ਦਰਬਾਰ ਸਾਹਿਬ ਵਾਸਤੇ ਬਰਾਬਰ ਸੋਨਾ ਦਿੱਤਾ ਗਿਆ।
ਉਹਨਾਂ ਕਿਹਾ ਕਿ 100 ਸਾਲ ਤੱਕ ਸਿੱਖ ਕੌਮ ਨੇ ਮੁਗਲਾਂ ਦਾ ਤਸ਼ੱਦਦ ਝੱਲਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਸਥਾਪਿਤ ਕਰਨ ਮਗਰੋਂ ਕਿਸੇ ਵੀ ਧਰਮ ਨਾਲ ਵਿਤਕਰਾ ਨਹੀਂ ਕੀਤਾ ਤੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਤੇ ਉਹ ਦੁਨੀਆਂ ਦੇ ਅਜਿਹੇ ਬਾਦਸ਼ਾਹ ਸਨ ਜਿਹਨਾਂ ਦੇ ਰਾਜ ਵਿਚ ਧਰਮ ਨਿਰਪੱਖ ਦੀ ਨੀਤੀ ਅਪਣਾਈ ਗਈ।
ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੇਕ ਪ੍ਰਤੀ ਨਰਮ ਦਿਲ ਦੀ ਨੀਤੀ ਅਪਣਾਈ ਤੇ ਉਹਨਾਂ ਦੇ ਰਾਜ ਵਿਚ ਹਮੇਸ਼ਾ ਨਿਆਂ ਸਰਵਉਚ ਰਿਹਾ। ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਉਹਨਾਂ ਦੇ ਜਨਮ ਦਿਹਾੜੇ ਤੇ ਬਰਸੀ ’ਤੇ ਇਥੇ ਬਾਰਾਂਖੰਭਾ ਰੋਡ ਚੌਂਕ ’ਤੇ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ ਤੇ ਐਤਕੀਂ ਵੀ ਕਰ ਰਹੀ ਹੈ।