ਸਰੀ, (ਹਰਦਮ ਮਾਨ)-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਪੰਥ ਦੀ ਗਿਣਤੀ ਵਧਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਪੰਥ ਵਧਾਉਣ ਵਾਸਤੇ ਵਿਰੋਧ ਨਹੀਂ ਸਗੋਂ ਪ੍ਰੇਮ ਦੀ ਲੋੜ ਹੈ। ਆਪਣੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਹੈ ਕਿ ਬਹੁਤ ਸਾਰੇ ‘ਮੋਨੇ ਸਿੱਖ’ ਗੁਰੂ ਜੀ ਉੱਤੇ ਸ਼ਰਧਾ ਰੱਖਦੇ ਹਨ ਪਰ ਸਿੱਖਾਂ ਨੇ ਉਹਨਾਂ ਦਾ ਵਿਰੋਧ ਕਰ ਕੇ ਅਤੇ ਉਹਨਾਂ ਨੂੰ ‘ਹਿੰਦੂ’ ਆਖ ਕੇ ਦੂਰ ਕੀਤਾ ਹੋਇਆ ਹੈ। ਸਿੱਖਾਂ ਦੀਆਂ ਬਹੁਤ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪ੍ਰਦਾਵਾਂ ਜਿਵੇਂ: ਨਿਰਮਲੇ, ਨਾਮਧਾਰੀ, ਉਦਾਸੀ ਆਦਿ ਨੂੰ ਵੀ ਸਿੱਖ ਆਗੂਆਂ ਅਤੇ ਪ੍ਰਚਾਰਕਾਂ ਨੇ “ਇਹ ਸਿੱਖ ਨਹੀਂ” ਆਖ ਕੇ ਦੂਰ ਕੀਤਾ ਹੋਇਆ ਹੈ ਜਦੋਂਕਿ ਸਤਿਗੁਰੂ ਜੀ ਨੇ ਤਾਂ ਐਸਾ ਕੋਈ ਬਚਨ ਨਹੀਂ ਕੀਤਾ ਅਤੇ ਕਿਸੇ ਨੂੰ ਇਹ ਹੱਕ ਵੀ ਨਹੀਂ ਦਿੱਤਾ ਕਿ ਤੁਸੀਂ ਦੂਸਰਿਆਂ ਨੂੰ ਕਹੋ ਕਿ “ਇਹ ਸਿੱਖ ਨਹੀਂ ਹੈਗੇ”।
ਠਾਕੁਰ ਜੀ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਅੱਜ ਤੱਕ ਵਿਰੋਧ ਕਰਕੇ ਹੀ ਸਿੱਖਾਂ ਨੇ ਸਿੱਖ ਪੰਥ ਘਟਾਇਆ ਹੈ। ਜੇ ਅਸੀਂ ਪੰਥ ਵਧਾਉਣਾ ਚਾਹੁੰਦੇ ਹਾਂ ਤਾਂ ਗੁਰੂ ਜੀ ਦਾ ਬਚਨ ‘ਗੁਰਮੁਖਿ ਵੈਰਿ ਵਿਰੋਧ ਗਵਾਵੈ’ ਅਤੇ ‘ਵਵਾ ਵੈਰੁ ਨ ਕਰੀਐ ਕਾਹੂ’ ਮੰਨਦੇ ਹੋਏ ਵਿਰੋਧ ਕਰਨਾ ਛੱਡੀਏ ਅਤੇ ‘ਪ੍ਰੇਮ’ ਕਰਨਾ ਸ਼ੁਰੂ ਕਰੀਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲਾ ਹਰ ਪ੍ਰਾਣੀ ਸਿੱਖ ਹੈ: ਭਾਵੇਂ ਉਹ ਰਾਏ ਬੁਲਾਰ, ਭਾਈ ਮਰਦਾਨਾ, ਬਾਬਾ ਬੁੱਢਾ ਜੀ, ਗਨੀ ਖਾਂ, ਨਬੀ ਖਾਂ ਹੈ ਜਾਂ ਉਹ ‘ਪੰਜ ਪਿਆਰਿਆਂ’ ਵਿੱਚੋਂ ਭਾਈ ਮੋਹਕਮ ਸਿੰਘ ਜੀ ਆਦਿ ਹਨ। ਇਸੇ ਹੀ ਤਰ੍ਹਾਂ, ਮੋਦੀ, ਸੋਨੀਆਂ ਗਾਂਧੀ ਜਾਂ ਕੇਜਰੀਵਾਲ ਆਦਿ, ਜਿਹੜਾ ਵੀ ਸਾਡੇ ਗੁਰੂ ਜੀ ਉੱਤੇ ਸ਼ਰਧਾ ਰੱਖੇ ਉਹ ਸਿੱਖ ਹੈ।
ਸਿੱਖਾਂ ਨੂੰ, ਵਿਸ਼ੇਸ਼ ਕਰਕੇ ਅੰਮ੍ਰਿਤਧਾਰੀ ਖਾਲਸਿਆਂ ਨੂੰ ਇਹ ਤੱਥ ਪ੍ਰਵਾਨ ਕਰਨ ਦੀ ਲੋੜ ਹੈ ਕਿ ਕੇਸ ਰਹਿਤ (ਮੋਨਾ) ਵੀ ਸਿੱਖ ਹੋ ਸਕਦਾ ਹੈ ਕਿਉਂਕਿ ਸਿੱਖੀ ਸ਼ਰਧਾ ਨਾਲ ਹੈ ‘ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ’। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 982)। ਕੁਝ ‘ਮੋਨੇ ਸਿੱਖ’ ਹਨ ਅਤੇ ਉਨ੍ਹਾਂ ਨੂੰ ਵੀ ਪ੍ਰੇਮ ਨਾਲ ਆਪਣੇ ਨਾਲ ਲਾਉਣਾ ਚਾਹੀਦਾ ਹੈ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’। ਪ੍ਰੇਮ ਨਾਲ ਤਾਂ ਪ੍ਰਭੂ ਦੀ ਪ੍ਰਾਪਤੀ ਵੀ ਹੋ ਸਕਦੀ ਹੈ, ਫਿਰ ਪ੍ਰੇਮ ਕੀਤਿਆਂ ਸਾਡਾ ਪੰਥ ਕਿਉਂ ਨਹੀਂ ਵਧ ਸਕਦਾ?
ਨਾਮਧਾਰੀ ਮੁਖੀ ਨੇ ਕਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ‘ਖਾਲਸਾ ਪੰਥ’ ਸਾਜਣ ਤੋਂ ਬਾਅਦ ਮੰਡੀ ਦੇ ਰਾਜੇ ਦੇ ਘਰ ਛੇ ਮਹੀਨੇ ਰਹਿ ਕੇ ਆਏ ਅਤੇ ਉਸ ਨੂੰ ਖੁਸ਼ੀਆਂ ਬਖਸ਼ੀਆਂ ਅਤੇ ਕਈ ਵਰ ਵੀ ਦਿੱਤੇ। ਪਰ ਉਹਨਾਂ ਨੇ ਮੰਡੀ ਦੇ ਰਾਜੇ ਨੂੰ ਮਜ਼ਬੂਰ ਨਹੀਂ ਕੀਤਾ ਕਿ ‘ਤੂੰ ਅੰਮ੍ਰਿਤ ਛਕ, ਖਾਲਸਾ ਬਣ’। ਉਹਦੇ ਮੂਰਤੀਆਂ ਵਾਲੇ ਮੰਦਿਰ ਵੀ ਨਹੀਂ ਢਾਹੇ। ਕੇਵਲ ਉਹਦੇ ਉੱਤੇ ਕਿਰਪਾ ਕੀਤੀ ਅਤੇ ਸ਼ੁਭ ਉਪਦੇਸ਼ ਦੇ ਕੇ ਆਏ। ਇਸ ਕਰ ਕੇ ਮੋਨੇ ਅਤੇ ਮੂਰਤੀ-ਪੂਜਕ ਲੋਕ ਵੀ ‘ਸਿੱਖ’ ਹੋ ਸਕਦੇ ਹਨ। ਮੋਨਿਆਂ ਨੂੰ ਪ੍ਰੇਮ ਕਰਕੇ ਉਹਨਾਂ ਦੀ ਸ਼ਰਧਾ ਗੁਰੂ ਜੀ ਉੱਤੇ ਬਣਾਈ ਜਾ ਸਕਦੀ ਹੈ। ਜਦੋਂ ਸ਼ਰਧਾ ਬਣੇਗੀ ਤਾਂ ਆਪੇ ਹੀ ਉਹ ਮੂਰਤੀ-ਪੂਜਨ ਆਦਿ ਛੱਡ ਜਾਣਗੇ ਅਤੇ ਗੁਰੂ ਜੀ ਦੇ ਉਪਦੇਸ਼ ਮੰਨਣ ਲੱਗ ਪੈਣਗੇ।
ਅਖੀਰ ਵਿੱਚ ਠਾਕੁਰ ਦਲੀਪ ਸਿੰਘ ਨੇ ਅੰਮ੍ਰਿਤਧਾਰੀ ਖਾਲਸੇ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਹਿੰਦੂ ਵੀਰਾਂ ਦਾ ਵਿਰੋਧ ਕਰਨਾ ਛੱਡੋ। ਛੋਟਾ ਜਿਹਾ ‘ਖਾਲਿਸਤਾਨ’ ਬਣਾਉਣ ਦੀ ਥਾਂ ਉੱਤੇ ਸਾਰੇ ਭਾਰਤ ਨੂੰ ‘ਆਪਣਾ’ ਬਣਾਓ ਅਤੇ ਸਾਰੇ ਭਾਰਤ ਨੂੰ ਸੰਭਾਲਦੇ ਹੋਏ ਗੁਰੂ ਨਾਨਕ ਰਾਜ ਸਥਾਪਿਤ ਕਰੋ। ਸਾਰੇ ਗੁਰੂ ਨਾਨਕ ਨਾਮ ਲੇਵਾ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹਨ, ਨੂੰ ਵੀ ‘ਸਿੱਖ’ ਪ੍ਰਵਾਨ ਕਰੋ ਅਤੇ ਪ੍ਰੇਮ ਕਰਕੇ ਨਾਲ ਜੋੜੋ ਕਿਉਂਕਿ ਪੰਥ ਵਧਾਉਣ ਦਾ ਕੰਮ ਪ੍ਰੇਮ ਨਾਲ ਹੀ ਹੋ ਸਕਦਾ ਹੈ, ਵਿਰੋਧ ਕੀਤਿਆਂ ਨਹੀਂ।