ਸ੍ਰ.ਬੀਰ ਦਵਿੰਦਰ ਸਿੰਘ ਕਿਸੇ ਸਿਆਸੀ ਨੇਤਾ ਦੇ ਘਨੇੜੇ ਚੜ੍ਹਕੇ ਸਿਆਸਤ ਵਿੱਚ ਨਹੀਂ ਆਇਆ ਸੀ, ਸਗੋਂ ਉਹ ਤਾਂ ਆਪਣੀ ਕਾਬਲੀਅਤ ਦੇ ਸਿਰ ‘ਤੇ ਸਿਆਸਤ ਵਿੱਚ ਆਇਆ ਸੀ। ਉਸ ਦੇ ਪਿਤਾ ਸ੍ਰ. ਪਿ੍ਰਤਪਾਲ ਸਿੰਘ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ। ਨੌਕਰੀ ਦੌਰਾਨ ਉਨ੍ਹਾਂ ਦਾ ਕਤਲ ਹੋ ਗਿਆ ਸੀ। ਸ੍ਰ. ਬੀਰ ਦਵਿੰਦਰ ਸਿੰਘ ਨੂੰ ਵੱਡਾ ਲੜਕਾ ਹੋਣ ਕਰਕੇ ਪੁਲਿਸ ਵਿਭਾਗ ਵਿੱਚ ਨੌਕਰੀ ਦੀ ਆਫ਼ਰ ਹੋਈ ਸੀ ਪ੍ਰੰਤੂ ਉਨ੍ਹਾਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਸਮਾਜ ਦੀ ਬਿਹਤਰੀ ਲਈ ਕੁਝ ਵਿਲੱਖਣ ਕਰਨ ਦੀ ਪ੍ਰਵਿਰਤੀ ਸੀ। ਫਿਰ ਉਨ੍ਹਾਂ ਦੇ ਛੋਟੇ ਭਰਾ ਨੂੰ ਪੁਲਿਸ ਵਿੱਚ ਨੌਕਰੀ ਦਿੱਤੀ ਗਈ ਸੀ। ਇਹ ਜਾਣਕਰੀ ਮੈਨੂੰ ਸ੍ਰ.ਬੇਅੰਤ ਸਿੰਘ ਨੇ ਦਿੱਤੀ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਜਦੋਂ ਸ੍ਰ.ਬੀਰ ਦਵਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਤਾਂ ਉਹ ਅਤੇ ਓਮ ਪ੍ਰਕਾਸ਼ ਬੈਕਟਰ ਬੀਰ ਦਵਿੰਦਰ ਸਿੰਘ ਨੂੰ ਉਨ੍ਹਾਂ ਦੇ ਪਿੰਡ ਕੋਟਲਾ ਭਾਈਕਾ ਜਾ ਕੇ ਸਵਾਗਤ ਦੇ ਰੂਪ ਵਿੱਚ ਸ਼ਗਨ ਦੇ ਕੇ ਆਏ ਸਨ ਕਿਉਂਕਿ ਬੀਰ ਦਵਿੰਦਰ ਸਿੰਘ ਦੇ ਨਾਨਕੇ ਉਨ੍ਹਾਂ ਦੇ ਗੁਆਂਢੀ ਪਿੰਡ ਜੈਪੁਰੇ ਸਨ। ਇਸ ਗੱਲ ਦੀ ਤਸਦੀਕ ਓਮ ਪ੍ਰਕਾਸ਼ ਬੈਕਟਰ ਦੀ ਪੋਤਰੀ ਅਦਿੱਤੀ ਬੈਕਟਰ ਨੇ ਕੀਤੀ ਹੈ। ਸ੍ਰ.ਬੀਰ ਦਵਿੰਦਰ ਸਿੰਘ ਨੂੰ ਸਿਆਸਤ ਵਿੱਚ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਇਵਜ਼ਾਨਾ ਭੁਗਤਣਾ ਪਿਆ ਕਿਉਂਕਿ ਕਿਸੇ ਵੀ ਸੀਨੀਅਰ ਸਿਆਸਤਦਾਨ ਨੇ ਬੀਰ ਦਵਿੰਦਰ ਸਿੰਘ ਦੇ ਮਿਕਨਾਤੀਸੀ ਵਿਅਕਤਿਵ ਤੋਂ ਡਰਦਿਆਂ ਮਾਰਿਆਂ ਅੱਗੇ ਵੱਧਣ ਨਹੀਂ ਦਿੱਤਾ। ਸਗੋਂ ਉਸ ਦੇ ਰਾਹ ਵਿੱਚ ਅੜਿਕੇ ਪਾਏ। ਇਸ ਕਰਕੇ ਹੀ ਉਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਥੋਂ ਤੱਕ ਕਿ ਇਕ ਪਾਸੇ ਉਸ ਨੂੰ 2002 ਤੋਂ 2007 ਦੇ ਸਮੇਂ ਦੀ ਸੰਸਦੀ ਕਾਰਗੁਜ਼ਾਰੀ ਕਰਕੇ ‘ਸਰਵੋਤਮ ਸੰਸਦ’ ਦਾ ਖਿਤਾਬ ਦਿੱਤਾ ਗਿਆ ਪ੍ਰੰਤੂ ਦੂਜੇ ਪਾਸ 2007 ਦੀਆਂ ਵਿਧਾਨ ਸਭਾ ਚੋਣਾ ਸਮੇਂ ਕਾਂਗਰਸ ਪਾਰਟੀ ਨੇ ਉਸ ਦਾ ਟਿਕਟ ਕੱਟ ਦਿੱਤਾ। 2002 ਵਿੱਚ ਵੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਉਸ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ ਪ੍ਰੰਤੂ ਉਹ ਸਿੱਧਾ ਸੋਨੀਆਂ ਗਾਂਧੀ ਦੀ ਦਖ਼ਲਅੰਦਾਜ਼ੀ ਨਾਲ ਟਿਕਟ ਲੈ ਕੇ ਆਇਆ ਸੀ। 20 ਦਿਨਾ ਵਿੱਚ ਹੀ ਚੋਣ ਪ੍ਰਚਾਰ ਕਰਕੇ ਚੋਣ ਜਿੱਤ ਗਿਆ ਸੀ। 2016 ਵਿੱਚ ਉਸ ਨੂੰ ਕਾਂਗਰਸ ਪਾਰਟੀ ਵੀ ਛੱਡਣੀ ਪਈ। ਜਿਸ ਕਰਕੇ ਉਸ ਨੂੰ ਕਈ ਪਾਰਟੀਆਂ ਵਿੱਚ ਮਜ਼ਬੂਰੀ ਵਸ ਜਾਣਾ ਪਿਆ। ਸਿਆਸਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੇ ਵਿਦਿਆਰਥੀ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਗੁੜ੍ਹਤੀ ਲੈ ਕੇ ਸਿਆਸਤ ਵਿੱਚ ਧਾਂਕ ਜਮਾਉਣ ਵਾਲੇ ਵਿਦਵਾਨ ਬੁਲਾਰੇ ਸ੍ਰ.ਬੀਰ ਦਵਿੰਦਰ ਸਿੰਘ 30 ਜੂਨ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ 74 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ। ਉਹ ਫੂਡ ਪਾਈਪ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪ੍ਰਭਾਵਤ ਸਨ। ਕੈਂਸਰ ਅਜੇ ਪਹਿਲੀ ਸਟੇਜ ਵਿੱਚ ਹੀ ਸੀ ਪ੍ਰੰਤੂ ਕੀਮੋ ਕਰਨ ਤੋਂ ਬਾਅਦ ਉਹ ਕਮਜ਼ੋਰ ਹੁੰਦੇ ਗਏ ਤੇ ਅਖ਼ੀਰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਦੋ ਸਾਲ ਪਹਿਲਾਂ ਦਿਲ ਦਾ ਅਪ੍ਰੇਸ਼ਨ ਹੋਇਆ ਸੀ। ਉਸ ਤੋਂ ਬਾਅਦ ਤਾਂ ਉਹ ਨਾਰਮਲ ਜਿੰਦਗੀ ਜੀਅ ਰਹੇ ਸਨ। ਕੁਝ ਸਮਾਂ ਪਹਿਲਾਂ ਹੀ ਨਾਮੁਰਾਦ ਬਿਮਾਰੀ ਨੇ ਦਲੇਰ ਸਿਆਸਤਦਾਨ ਨੂੰ ਲਪੇਟ ਲਿਆ। ਉਹ ਸਮਾਜ ਵਿੱਚ ਬਿਲਕੁਲ ਆਮ ਦੀ ਤਰ੍ਹਾਂ ਵਿਚਰਦੇ ਸਨ ਪ੍ਰੰਤੂ ਸਿਆਸਤ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਉਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ਼ੁਰੂ ਕੀਤਾ ਸੀ। ਉਥੋਂ ਸਿਖਿਆ ਲੈ ਕੇ ਪੰਥ ਦੀ ਮਾਇਆ ਨਾਜ਼ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਲਾਹ ਨਾਲ ਹੀ ਉਹ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਕਾਂਗਰਸ ਪਾਰਟੀ ਵਿੱਚ ਚਲੇ ਗਏ ਸਨ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇੜੇ ਉਸ ਸਮੇਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਨ। ਉਹ ਪ੍ਰੇਮ ਸਿੰਘ ਚੰਦੂਮਾਜਰਾ ਦੀ ਥਾਂ ਬੀਰ ਦਵਿੰਦਰ ਸਿੰਘ ਨੂੰ ਸਰਹੰਦ ਵਿਧਾਨ ਸਭਾ ਹਲਕੇ ਵਿੱਚ ਮੋਹਰੀ ਨਹੀਂ ਬਣਾਉਣਾ ਚਾਹੁੰਦੇ ਸਨ। ਸ੍ਰ.ਬੀਰ ਦਵਿੰਦਰ ਸਿੰਘ 1971 ਤੋਂ 1977 ਤੱਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਸਨ। ਇਸ ਦੌਰਾਨ ਉਨ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਕੈਂਪ ਆਯੋਜਤ ਕਰਕੇ ਨੌਜਵਾਨਾ ਨੂੰ ਸਿੱਖੀ ਦੀ ਪਿਉਂਦ ਦਿੱਤੀ। ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਿਖਿਆ ਨੇ ਸ੍ਰ. ਬੀਰ ਦਵਿੰਦਰ ਸਿੰਘ ਦੇ ਵਿਅਕਤਿਵ ਵਿੱਚ ਨਿਖਾਰ ਅਜਿਹਾ ਲਿਆਂਦਾ ਕਿ ਉਹ ਸਿਆਸੀ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਰੌਸ਼ਨੀ ਦੇਣ ਲੱਗ ਪਏ। ਦੂਜੀ ਗੱਲ ਉਸ ਦਾ ਸਿੱਖ ਇਤਿਹਾਸ ਨੂੰ ਪੜ੍ਹਨਾ ਅਤੇ ਨਾਲ ਹੀ ਦੁਨੀਆਂ ਦੇ ਸਾਰੇ ਧਰਮਾ ਦਾ ਅਧਿਐਨ ਕਰਨਾ ਬੀਰ ਦਵਿੰਦਰ ਲਈ ਵਰਦਾਨ ਸਾਬਤ ਹੋਇਆ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਅਤੇ ਬੀਰ ਦਵਿੰਦਰ ਸਿੰਘ ਆਪਣੇ ਭਾਸ਼ਣਾ ਵਿੱਚ ਸਿੱਖ ਇਤਿਹਾਸ ਦੀਆਂ ਉਦਾਹਰਨਾ ਅਤੇ ਸ਼ਬਦਾਵਲੀ ਵਰਤਦੇ ਸਨ, ਜਿਹੜੀ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ। ਅਸਲ ਕਾਰਨ ਅਕਾਲੀ ਲੀਡਰਸ਼ਿਪ ਵੀ ਉਸ ਦੀ ਸਿਆਸੀ ਵਿਦਵਤਾ ਤੋਂ ਡਰਦੀ ਸੀ। 1977 ਤੱਕ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਸਰਗਰਮੀ ਨਾਲ ਕਰਦੇ ਰਹੇ ਸਨ। ਅਕਾਲੀ ਦਲ ਦੀ ਲੀਡਰਸ਼ਿਪ ਉਨ੍ਹਾਂ ਨੂੰ ਸਿਆਸਤ ਵਿੱਚ ਉਭਰਨ ਤੋਂ ਰੋਕਦੀ ਸੀ, ਇਸ ਲਈ ਉਸ ਨੇ 1978 ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ। 1980 ਵਿੱਚ ਉਹ ਸਰਹੰਦ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਾਫ਼ੀ ਨਜ਼ਦੀਕੀਆਂ ਵਿੱਚੋਂ ਇਕ ਸਨ ਪ੍ਰੰਤੂ ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ, ਸਿਰਫ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਵਿਪ ਬਣਾ ਦਿੱਤਾ, ਜਿਹੜਾ ਕੋਈ ਸੰਵਿਧਾਨਿਕ ਅਹੁਦਾ ਨਹੀਂ ਸੀ। ਕਾਂਗਰਸੀ ਲੀਡਰ ਸਿਰਫ ਉਨ੍ਹਾਂ ਵਰਤਦੇ ਅਤੇ ਲੌਲੀ ਪੌਪ ਦਿੰਦੇ ਰਹੇ। ਕਈ ਵਾਰ ਉਨ੍ਹਾਂ ਨੇ ਸਹੁੰ ਚੁਕਣ ਲਈ ਜੈਕਟਾਂ ਅਤੇ ਅਚਕਨਾਂ ਸਿਲਾਈਆਂ ਪ੍ਰੰਤੂ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। 2002 ਦੀਆਂ ਵਿਧਾਨ ਸਭਾ ਚੋਣਾ ਵਿੱਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਭਰਿਸ਼ਟਾਚਾਰ ਦਾ ਮੁੱਦਾ ਚੁੱਕਣ ‘ਤੇ ਕਾਂਗਰਸ ਪਾਰਟੀ ਨੇ ਬੀਰ ਦਵਿੰਦਰ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਫਿਰ ਉਹ 2010 ਵਿੱਚ ਉਹ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2012 ਤੱਕ ਇਸ ਪਾਰਟੀ ਨਾਲ ਜੁੜੇ ਰਹੇ। 2019 ਵਿੱਚ ਸ਼ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ। ਜੁਲਾਈ 2020 ਵਿੱਚ ਸੁਖਦੇਵ ਸਿੰਘ ਢੀਂਡਸਾ ਵਾਲੇ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸੰਯੁਕਤ ਅਕਾਲੀ ਦਲ ਦਾ ਉਪ ਪ੍ਰਧਾਨ ਬਣਾਇਆ ਗਿਆ। ਉਥੇ ਵੀ ਬਹੁਤੀ ਦੇਰ ਚਲ ਨਹੀਂ ਸਕੇ ਫਿਰ ਉਹ ਅਸਤੀਫਾ ਦੇ ਕੇ ਸਿਆਸਤ ਤੋਂ ਕਿਨਾਰਾ ਕਰ ਗਏ। ਸਿਆਸਤ ਵਿੱਚ ਪੁਸਤਕ ਸਭਿਆਚਾਰ ਨਾਲ ਜੁੜਨ ਵਾਲੇ ਗਿਣਵੇਂ ਚੁਣਵੇਂ ਨੇਤਾਵਾਂ ਵਿੱਚੋਂ ਬੀਰ ਦਵਿੰਦਰ ਸਿੰਘ ਇਕ ਸਨ।
ਬੀਰਦਵਿੰਦਰ ਸਿੰਘ ਸਰਾਓ ਦੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਇੱਕ ਬੁਧੀਜੀਵੀ, ਵਿਦਵਾਨ, ਚਿੰਤਕ, ਸਰਵੋਤਮ ਬੁਲਾਰੇ ਅਤੇ ਹੰਢੇ ਵਰਤੇ ਸੂਝਵਾਨ ਸਿਆਸਤਦਾਨ ਤੋਂ ਵਾਂਝਾ ਹੋ ਗਿਆ ਹੈ। ਬੀਰਦਵਿੰਦਰ ਸਿੰਘ ਸਿਆਸੀ ਖੇਤਰ ਵਿੱਚ ਭਾਵੇਂ ਵੱਡੀਆਂ ਪੁਲਾਂਘਾਂ ਪੁੱਟ ਨਹੀਂ ਸਕਿਆ ਪ੍ਰੰਤੂ ਆਪਣੇ ਬਿਆਨਾ, ਲੇਖਾਂ ਅਤੇ ਮੀਡੀਆ ਵਿੱਚ ਦਿੱਤੀਆਂ ਇੰਟਰਵਿਊ ਨਾਲ ਸਿਆਸਤਦਾਨਾ ਨੂੰ ਵਕਤ ਪਾ ਕੇ ਰੱਖਦੇ ਸਨ। ਸਰਕਾਰਾਂ ਦੀਆਂ ਕਮਜ਼ੋਰੀਆਂ ਦਾ ਪਰਦਾ ਫਾਸ਼ ਕਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਉਹ ਕਿਸੇ ਇਕ ਪਾਰਟੀ ਨਾਲ ਟਿਕ ਕੇ ਚਲ ਵੀ ਨਹੀਂ ਸਕਿਆ ਪ੍ਰੰਤੂ ਬੀਰਦਵਿੰਦਰ ਸਿੰਘ ਦੀ ਵਿਦਵਤਾ ਉਸਦੀ ਲੇਖਣੀ ਅਤੇ ਬੁਲਾਰੇ ਦੇ ਤੌਰ ‘ਤੇ ਇਕ ਵੱਖਰੀ ਪਛਾਣ ਬਣਾਈ ਹੋਈ ਸੀ। ਉਸ ਦੀ ਕਿਸੇ ਮੁੱਖ ਮੰਤਰੀ ਨਾਲ ਵੀ ਬਹੁਤੀ ਬਣ ਨਹੀਂ ਸਕੀ ਕਿਉਂਕਿ ਉਸ ਵਿੱਚ ਸਰਵੋਤਮ ਨੇਤਾ ਬਣਨ ਦੀ ਸਮਰੱਥਾ ਸੀ, ਇਸ ਲਈ ਸਿਆਸੀ ਨੇਤਾ ਉਸ ਤੋਂ ਤਿਬਕਦੇ ਸਨ। ਬੀਰਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ। ਉਸ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤੱਕ ਜਾਣਕਾਰੀ ਸੀ। ਉਨ੍ਹਾਂ ਦਾ ਪਿੰਡ ਕੋਟਲਾ ਭਾਈਕਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਹੋਣ ਕਰਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਜਦੋਂ ਉਹ ਉਦਾਹਰਨਾ ਦੇਣ ਲੱਗਦੇ ਸਨ ਤਾਂ ਕਈ ਵਾਰ ਇਉਂ ਲਗਦਾ ਸੀ ਕਿ ਜਿਵੇਂ ਬਹੁਤ ਹੀ ਗੁਣੀ ਗਿਆਨੀ ਹੋਣ। ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਅਥਾਹ ਭਰਪੂਰ ਹੋਵੇ। ਧਾਰਮਿਕ ਉਦਾਹਰਨਾ ਦੇਣ ਸਮੇਂ ਉਹ ਅਧਿਆਤਮਿਕ ਰੂਹਾਨੀ ਵਿਦਵਾਨ ਲੱਗਦੇ ਹਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ ਕਿ ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਹਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਹਨ। ਉਹ ਸ਼ਬਦਾਂ ਦੇ ਜਾਦੂਗਰ ਸਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਸਨ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਸਰਕਾਰ ਸਮੇਂ 2003 ਤੋਂ 2004 ਤੱਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਨ। ਉਹ ਬਹੁਤੀ ਦੇਰ ਇਸ ਅਹੁਦੇ ਤੇ ਵੀ ਟਿਕ ਨਹੀਂ ਸਕੇ ਅਤੇ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ ਸਰਵੋਤਮ ਪਾਰਲੀਮੈਂਟੇਰੀਅਨ ਦਾ ਖਿਤਾਬ ਵੀ ਦਿੱਤਾ ਗਿਆ ਸੀ। 6 ਮਹੀਨੇ ਪਹਿਲਾਂ ਮੈਂ ਅਤੇ ਪ੍ਰੋ.ਕਿ੍ਰਪਾਲ ਕਾਜਾਕ ਉਨ੍ਹਾਂ ਨੂੰ ਮਿਲਕੇ ਆਏ ਸੀ, ਉਨ੍ਹਾਂ ਸਿਆਸੀ ਸ਼ਤਰੰਜ ਦੀਆਂ ਬਹੁਤ ਸਾਰੀਆਂ ਘਿਨੌਣੀਆਂ ਹਰਕਤਾਂ ਬਾਰੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਦਾ ਜਨਮ ਪਿਤਾ ਪਿ੍ਰਤਪਾਲ ਸਿੰਘ ਅਤੇ ਮਾਤਾ ਰਣਧੀਰ ਕੌਰ ਦੇ ਘਰ ਪਿੰਡ ਕੋਟਲਾ ਭਾਈਕਾ ਵਿਖੇ ਹੋਇਆ। ਉਨ੍ਹਾਂ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਸ੍ਰ.ਬੀਰ ਦਵਿੰਦਰ ਸਿੰਘ ਦਾ ਸਸਕਾਰ ਪਟਿਆਲਾ ਵਿਖੇ 3 ਜੁਲਾਈ ਨੂੰ ਬਡੂੰਗਰ ਸ਼ਮਸ਼ਾਨ ਘਾਟ ਵਿੱਚ 3-00 ਵਜੇ ਕੀਤਾ ਜਾਵੇਗਾ।